ਪੰਜਾਬ ਨੂੰ ਹਰ ਪੱਖ ਤੋ ਖੋਖਲਾ ਕਰਨ ਦੀਆਂ ਸਾਜਸ਼ਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਿਸ ਵਿਸ਼ੇ ਤੇ ਅੱਜ ਗੱਲ ਕਰਨ ਜਾ ਰਿਹਾ ਹਾਂ, ਉਸ ਤੋ ਪਹਿਲਾਂ ਇਕ ਝਾਤ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਅਤੀਤ ਦੀਆਂ ਕੁੱਝ ਸਾਜਿਸ਼ਾਂ ਤੇ ਵੀ ਮਾਰ ਲੈਣੀ ਜਰੂਰੀ ਹੋ ਜਾਂਦੀ ਹੈ। ਕੇਂਦਰ ਵਿੱਚ ਕਾਬਜ ਹੋਈਆਂ ਤਾਕਤਾਂ ਨੇ ਹਿੰਦ ਪਾਕਿ ਵੰਡ ਦੌਰਾਨ ਪੰਜਾਬ ਨੂੰ ਕਮਜੋਰ ਕਰਨ ਲਈ ਵਿਚਕਾਰ ਲਕੀਰ ਮਰਵਾ ਦਿੱਤੀ, ਤੇ ਦੰਗੇ ਕਰਵਾ ਕੇ ਹਮੇਸਾਂ ਹਮੇਸਾਂ ਲਈ ਪੰਜਾਬੀਅਤ ਵਿੱਚ ਦੁਸ਼ਮਣੀ ਸਹੇੜਨ ਦੀ ਬਹੁਤ ਖਤਰਨਾਕ ਖੇਡ ਖੇਡੀ ਗਈ, ਤਾਂ ਕਿ ਭਵਿੱਖ ਵਿੱਚ ਕਦੇ ਵੀ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕ ਇੱਕਸੁਰ ਨਾ ਹੋ ਸਕਣ। ਦੂਸਰਾ ਹਮਲਾ 1966 ਵਿੱਚ ਪੰਜਾਬੀ ਸੂਬਾ ਬਨਾਉਣ ਦੇ ਨਾਮ ਤੇ ਕੀਤਾ ਗਿਆ ਜਦੋਂ  ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਵੀ ਪੰਜਾਬ ਤੋ ਬਾਹਰ ਰੱਖ ਕੇ ਪੰਜਾਬੀਆਂ ਦੀ ਵਿਸ਼ਾਲਤਾ ਦਾ ਗਲਾ ਦਬਾ ਕੇ ਉਹਨਾਂ ਦੇ ਮੱਥੇ ਨਿੱਕੀ ਜਿਹੀ ਸੂਬੀ ਮਾਰਕੇ ਉਸਨੂੰ ਵੀ ਬਰਬਾਦ ਕਰਨ ਦੀ ਸਹੁੰ ਖਾ ਲਈ  ਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਵਰਤਾਰਾ ਲਗਾਤਾਰ ਵਾਪਰਨਾ ਸ਼ੁਰੂ ਹੋ ਗਿਆ, ਕਦੇ ਕਿਸੇ ਰੂਪ ਵਿੱਚ ਤੇ ਕਦੇ ਕਿਸੇ ਰੂਪ ਵਿੱਚ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੀ ਨਕਸਲਬਾੜੀ ਲਹਿਰ ਨੂੰ ਦਵਾਉਣ ਦੇ ਨਾਮ ਤੇ ਪੰਜਾਬੀ ਨੌਜਵਾਨਾਂ ਤੇ ਰੱਜਕੇ ਕਹਿਰ ਢਾਹਿਆ ਗਿਆ। ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਕੇ ਪੰਜਾਬੀ ਜੁਆਨੀ ਦਾ ਘਾਣ ਕੀਤਾ ਗਿਆ। ਪੰਜਾਬ ਦੇ ਗੈਰਤੀ ਨੌਜਵਾਨ ਫਰਜੀ ਪੁਲਿਸ ਮੁਕਾਬਲਿਆਂ ਵਿੱਚ ਚੁਣ ਚੁਣ ਕੇ ਖਤਮ ਕੀਤੇ ਗਏ। ਹੌਲੀ ਹੌਲੀ ਸਮਾ ਬੀਤਦਾ ਗਿਆ ਤੇ ਕੇਂਦਰੀ ਹਕੂਮਤਾਂ ਪੰਜਾਬ ਦੀ ਬਰਬਾਦੀ ਦੀਆਂ ਨਵੀਆਂ ਸਕੀਮਾਂ ਘੜਨ ਲੱਗੀਆਂ। ਪੰਜਾਬੀ ਬੋਲਦੇ ਇਲਾਕੇ ਹੜੱਪਣ ਤੋ ਬਾਅਦ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਤਾਂ ਕਿ ਪੰਜਾਬ ਦੀ ਉਪਜਾਊ  ਸਰ-ਜ਼ਮੀਨ ਨੂੰ ਬੰਜਰ ਬਣਾਇਆ ਜਾ ਸਕੇ।ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਕੇਂਦਰ ਖੋਹ ਕੇ ਲੈ ਗਿਆ ਤੇ ਤੋਹਫੇ ਵਿੱਚ ਪੰਜਾਬ ਨੂੰ ਕੋਇਲੇ ਨਾਲ ਚੱਲਣ ਵਾਲੇ ਥਰਮਲ ਦੇ ਦਿੱਤੇ ਗਏ । ਇਹਨਾਂ ਥਰਮਲਾਂ ਪਿੱਛੇ ਵੀ ਪੰਜਾਬ ਦੀ ਬਹੁਤ ਬੱਡੀ ਬਰਬਾਦੀ ਛੁਪੀ ਹੋਈ ਹੈ ਜਿਹੜੀ ਸਾਡੇ ਪੰਜਾਬ ਦੇ ਆਗੂਆਂ ਨੂੰ ਕਦੇ ਵੀ ਦਿਖਾਈ ਨਹੀ ਦਿੱਤੀ। ਥਰਮਲ ਲੱਗਣ ਨਾਲ ਪੰਜਾਬ ਸਦਾ ਲਈ ਕੇਂਦਰ ਦਾ ਮੁਥਾਜ ਹੋਕੇ ਰਹਿ ਗਿਆ, ਕਿਉਕਿ ਥਰਮਲ ਚਲਾਉਣ ਲਈ ਵੱਡੀ ਮਾਤਰਾ ਵਿੱਚ ਕੋਇਲੇ ਦੀ ਲੋੜ ਪੈਂਦੀ ਹੈ ਜਿਹੜਾ ਪੰਜਾਬ ਨੂੰ ਬਾਹਰਲੇ ਸੂਬਿਆਂ ਤੋ ਖਰੀਦਣਾ ਪੈਂਦਾ ਹੈ, ਉਹ ਜਦੋ ਵੀ ਚਾਹੁਣ ਕੋਇਲੇ ਤੋ ਜਵਾਬ ਦੇਕੇ ਪੰਜਾਬ ਦੀ ਬਿਜਲੀ ਗੁੱਲ ਕਰ ਸਕਦੇ ਹਨ। ਇਸ ਤੋ ਵੱਡੀ ਸਾਜਸ਼ ਹੋਰ ਕੀ ਹੋ ਸਕਦੀ ਹੈ ਕਿ ਪੰਜਾਬ ਦੇ ਅਪਣੇ ਪਾਣੀਆਂ ਤੋ ਤਿਆਰ ਹੁੰਦੀ ਮੁਫਤ ਵਾਲੀ ਬਿਜਲੀ ਕੇਂਦਰ ਲੈ ਗਿਆ ਹੈ ਤੇ ਪੰਜਾਬ ਥਰਮਲਾਂ ਸਹਾਰੇ ਦਿਨ ਕਟੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਇਹ ਪੁੱਛਣ ਵਾਲਾ ਕੋਈ ਨਹੀ ਕਿ ਥਰਮਲ ਦਿੱਲੀ ਵਿੱਚ ਕਿਉ ਨਹੀ ਲਾਏ ਗਏ।ਪੰਜਾਬ ਜਿਹੜਾ ਅਪਣੇ ਸਰੋਤਾਂ ਤੋ ਇਹ ਊਰਜਾ ਪੈਦਾ ਕਰ ਰਿਹਾ ਸੀ ਉਹਨਾਂ ਨੂੰ ਅਪਣੇ ਸਰੋਤਾਂ ਤੋਂ ਵਾਂਝੇ ਕਿਉ ਕੀਤਾ ਗਿਆ। ਥਰਮਲ ਮਹਿੰਗੇ ਭਾਅ ਦੀ ਬਿਜਲੀ ਹੀ ਪੈਦਾ ਨਹੀ ਕਰਦੇ ਉਹ ਸਾਨੂੰ ਬਹੁਤ ਖਤਰਨਾਕ ਬਿਮਾਰੀਆਂ ਵੀ ਦੇ ਰਹੇ ਹਨ। ਪਜਾਬ ਵਿੱਚ ਪੈਰ ਪਸਾਰ ਚੁੱਕੀਆਂ ਭਿਆਨਕ ਬਿਮਾਰੀਆਂ ਇਹਨਾਂ ਥਰਮਲਾਂ ਦੀ ਦੇਣ ਹਨ। ਇਸ ਲੁੱਟ ਪੁੱਟ ਦਾ ਹਿਸਾਬ ਜਦੋ ਵੀ ਪੰਜਾਬ ਨੇ ਮੰਗਣ ਦੀ ਕੋਸ਼ਿਸ਼ ਕੀਤੀ ਹੈ ਤਾ ਜਵਾਬ ਵਿੱਚ ਬਰਬਾਦੀ ਦਾ ਕੋਈ ਹੋਰ ਤੋਹਫਾ ਮਿਲਿਆ ਹੈ। ਇਤਿਹਾਸ ਵਿੱਚ 1982  ਤੋਂ 1992 ਤੱਕ ਦਾ ਦਹਾਕਾ ਸਿੱਖ ਨਸਲਕੁਸੀ ਦੇ ਦੌਰ ਵਜੋ ਜਾਣਿਆ ਜਾਵੇਗਾ, ਜਦੋ ਬਹੁਤ ਬੇਦਰਦੀ ਨਾਲ ਪੰਜਾਬ ਦੀ ਇੱਕ ਪੀਹੜੀ ਦਾ ਸਫਾਇਆ ਕਰ ਦਿੱਤਾ ਗਿਆ ਸੀ । ਏਥੇ ਹੀ ਬੱਸ ਨਹੀ ਹੋਈ ਪੰਜਾਬ ਦੀ ਬਰਬਾਦੀ ਦਾ ਅਗਲਾ ਦੌਰ ਸ਼ੁਰੂ ਹੁੰਦਾ ਹੈ ਨਸ਼ਿਆਂ ਦੇ ਤੇਜ ਵਹਾਓ ਵਾਲੇ ਮਾਰੂ ਦਰਿਆ ਦਾ ਜਿਸਨੇ ਅਗਲੀ ਇੱਕ ਨਸਲ ਨੂੰ ਅਪਣੀ ਮਜਬੂਤ ਪਕੜ ਵਿੱਚ ਲੈ ਲਿਆ। ਪਿਛਲੇ 10,15 ਸਾਲਾਂ ਤੋ ਦੁਨੀਆਂ ਦੇ ਸਾਰੇ ਮਾਰੂ ਨਸ਼ੇ ਪੰਜਾਬ ਵਿੱਚ ਮੁਹੱਈਆ ਕਰਵਾਏ ਜਾ ਰਹੇ ਹਨ। ਕਿਸੇ ਸਮੇ ਦੁਨੀਆ ਨੂੰ ਜਿੱਤ ਸਕਣ ਦੀ ਸਮਰੱਥਾ ਰੱਖਣ ਵਾਲਾ ਅਣਖੀ ਪੰਜਾਬ ਅੱਜ ਸਾਰੀ ਦੁਨੀਆ ਵਿੱਚ ਨਸ਼ੇ ਦੀ ਮੰਡੀ ਵਜੋ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਾਏ ਦੁੱਧ ਮੱਖਣਾਂ ਦਾ ਖਹਿੜਾ ਛੱਡ ਸਰਾਬ, ਚਿੱਟਾ, ਸਮੈਕ ਤੇ ਹੋਰ ਕਿੰਨੇ ਹੀ ਨਵੇਂ ਨਵੇਂ ਸੰਥੈਟਿਕ ਨਸ਼ਿਆਂ ਦੇ ਆਦੀ ਬਣਾ ਦਿੱਤੇ ਗਏ ਹਨ। ਨਸਿਆ ਦੇ ਸੌਦਾਗਰਾਂ ਨੇ ਪੰਜਾਬ ਦੀ ਜਮੀਨ ਹੜੱਪ ਲਈ । ਮਹਿੰਗੇ ਰੇਹਾਂ ਸਪਰੇਹਾਂ ਨੇ ਬਚਦੀ ਕਿਸਾਨੀ ਕੰਗਾਲ ਕਰ ਦਿੱਤੀ। ਕਿਸਾਨ ਦੀ ਕੰਗਾਲੀ ਮਜਦੂਰ ਦੇ ਚੁੱਲ੍ਹੇ ਵੀ ਠੰਡੇ ਕਰ ਗਈ। ਕਿਸਾਨ ਤੇ ਮਜਦੂਰ ਉਪਰੋਕਤ ਹਾਲਾਤਾਂ ਦੇ ਸਤਾਏ ਖੁਦਕੁਸ਼ੀਆਂ ਦੇ ਰਾਹ ਪੈ ਗਏ। ਇਹਨਾਂ ਹਾਲਾਤਾਂ ਚ ਪੁੱਜੇ ਪੰਜਾਬ ਨੂੰ ਕੋਈ ਬਚਾਉਣ ਵਾਲਾ ਬਹੁੜੇਗਾ ਇਹ ਸੋਚਿਆ ਵੀ ਨਹੀ ਜਾ ਸਕਦਾ, ਕਿਉਕਿ ਜਿੰਨਾਂ ਦੀ ਜੁੰਮੇਵਾਰੀ ਅਪਣੇ ਲੋਕਾਂ ਦੇ ਹੱਕ ਹਕੂਕਾਂ ਦੀ ਰਾਖੀ ਕਰਨ ਦੀ ਹੁੰਦੀ ਹੈ ਉਹ ਹੀ ਤਾਂ ਪੰਜਾਬ ਦੇ ਹੱਕਾਂ ਤੇ ਖੁਦ ਡਾਕੇ ਮਾਰਨ ਵਾਲੇ ਨਿਰਦਈ ਡਕੈਂਤ ਬਣ ਗਏ ਹਨ, ਜਿਹੜੇ ਪੰਜਾਬ ਦੀ ਰਹਿੰਦੀ ਖੂੰਹਦੀ ਅਣਖ ਆਬਰੂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੋਈ ਵੀ ਮੌਕਾ ਖੁੰਜਣ ਨਹੀ ਦਿੰਦੇ। ਨਸ਼ਿਆਂ ਦੇ ਦੌਰ ਦੇ ਨਾਲ ਨਾਲ ਇੱਕ ਮਾਰੂ ਦੌਰ ਹੋਰ ਵੀ ਚੱਲ ਰਿਹਾ ਹੈ ਹਰ ਘਰ ਦੇ ਚੁੱਲ੍ਹੇ ਤੱਕ ਲੱਚਰਤਾ ਪਰੋਸਣ ਵਾਲੀ ਗਾਇਕੀ ਦਾ ਦੌਰ । ਪੰਜਾਬੀ ਸੱਭਿਆਚਾਰ ਦੀ ਸੇਵਾ ਦੇ ਨਾਮ ਤੇ ਪੰਜਾਬ ਦੀ ਸੰਗ ਸ਼ਰਮ ਦਾ ਘਾਣ ਕਰਨ ਵਾਲੀ ਗਾਇਕੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਗੈਰਤ ਨੇ ਅਜੇ ਅੰਗੜਾਈ ਹੀ ਲਈ ਸੀ ਕਿ ਪੰਜਾਬੀ ਸਿਨੇਮੇ ਨੇ ਅਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੀ ਬੀਆਰ ਇੰਟਰਟੇਨਮੈਟ ਅਤੇ ਬਲਿਊ ਹੌਰਸ ਇੰਟਰਟੇਨਮੈਂਟ ਦੇ ਬੈਨਰ ਹੇਠ “ਪੰਜਾਬ ਸਿੰਘ” ਦੇ ਨਾਮ ਦੀ ਹੁਣੇ ਹੁਣੇ ਰਿਲੀਜ਼ ਹੋਈ ਇੱਕ ਪੰਜਾਬੀ ਫਿਲਮ ਦੇ ਨਿਰਮਾਤਾਵਾਂ ਨੇ ਤਾਂ ਅਜਿਹੀ ਚਪੇੜ ਪੰਜਾਬੀਅਤ ਦੇ ਮੂੰਹ ਤੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਗੈਰਤਮੰਦ ਪੰਜਾਬੀ ਬਰਦਾਸਤ ਨਹੀ ਕਰ ਸਕਣਗੇ। ਫਿਲਮ ਵਿੱਚ ਜਿਹੜੀ ਭੱਦੀ ਸਬਦਾਵਲੀ ਦੀ ਵਰਤੋ ਕੀਤੀ ਗਈ ਹੈ, ਉਹ ਸਾਡੇ ਸਿੱਖ ਕੌਮ ਦੇ ਸਿਰਜਕਾਂ ਦੀ ਤੌਹੀਨ ਹੈ। ਜਿਸ ਕੌਮ ਦੇ ਗੁਰੂ ਸਹਿਬਾਨਾਂ ਨੇ ਐਨੀ ਮਿੱਠੀ ਗੁਰਮੁਖੀ ਲਿਪੀ ਸਾਨੂੰ ਦਿੱਤੀ ਉਹਨਾਂ ਨੇ ਇਹ ਸੁਪਨੇ ਵਿੱਚ ਵੀ ਕਿਆਸਿਆ ਨਹੀ ਹੋਵੇਗਾ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਪੰਜਾਬੀਅਤ ਨੂੰ  ਸਰੇਆਮ ਚੇਰਾਹੇ ਵਿੱਚ ਨਿਰਵਸਤਰ ਕੀਤਾ ਜਾਵੇਗਾ ਅਤੇ ਮਿੱਠੇ ਬੈਰਾਗਮਈ ਤੇ ਮੰਤਰਮੁਘਦ ਕਰ ਦੇਣ ਵਾਲੀ ਗੁਰਬਾਣੀ  ਦੀ ਮਾਖਿਓਂ ਮਿੱਠੀ ਸੁਰ ਨੂੰ ਅਜਿਹੀਆਂ ਫਿਲਮਾਂ ਦੇ ਗੰਦੇ ਸੰਵਾਦ ਅਪਵਿੱਤਰ  ਕਰਨ ਦੀ ਹਿੰਮਤ ਕਰ ਸਕਣਗੇ। ਇਹ ਅਸੰਭਵ ਆਖੀ ਜਾਣ ਵਾਲੀ ਗੁਸਤਾਖੀ ਨੂੰ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਦੁਸ਼ਮਣਾਂ ਨੇ ਅੰਜਾਮ ਦੇ ਦਿੱਤਾ ਹੈ। ਫਿਲਮ ਦੇ ਨਿਰਮਾਤਾਵਾਂ ਤੋ ਇਹ ਪੱੁਛਿਆ ਜਾਣਾ ਬੇਹੱਦ ਜਰੂਰੀ ਹੈ ਕਿ ਪੋਸਟਰ ਤੇ ਮੋਟੇ ਸਬਦਾਂ ਵਿੱਚ ਲਿਖਿਆ ਇਹ ਸੰਬਾਦ ਕਿ “ਅਨਪੜ ਹਾਂ ਫੁੱਦੂ ਨਹੀ” ਕਿਹੜੇ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੈ। ਜਿੱਥੋ ਤੱਕ ਮੈਨੂ ਜਾਣਕਾਰੀ ਮਿਲੀ ਹੈ ਇਹ ਫਿਲਮ ਬਨਾਉਣ ਵਾਲੇ ਉਹ ਲੋਕ ਹੀ ਹੱਨ ਜਿੰਨਾਂ ਨੇ ਪੰਜਾਬ ਦੀ ਖਾੜਕੂ ਲਹਿਰ ਤੇ ਇੱਕ ਫਿਲਮ ਬਣਾ ਕੇ ਦੁਨੀਆਂ ਵਿੱਚ ਵਸਦੇ ਸਿੱਖਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਸੀ ਤੇ ਫਿਰ ਉਸ ਪੈਸੇ ਨਾਲ ਬਹੁਤ ਵੱਡੇ ਵੱਡੇ ਸੈਲੂਨ ਖੋਲ ਕੇ ਜਿੱਥੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਓਥੇ ਇਹਨਾਂ ਲੋਕਾਂ ਦਾ ਅਸਲੀਅਤ ਵੀ ਸਾਹਮਣੇ ਆਈ ਸੀ, ਪਰ ਇਹ ਬੇਹੱਦ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਉਸ ਮੌਕੇ ਇਹਨਾਂ ਦਾ ਕਿਸੇ ਨੇ ਕੋੲੀ ਵਿਰੋਧ ਹੀ ਨਹੀ ਸੀ ਕੀਤਾ। ਅਜਿਹੀਅਾਂ ਸ਼ਾਜਿਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਚੰਦ ਟਕਿਅਾਂ ਬਦਲੇ ਕਿਸੇ ਦੇ ਹੱਥਾਂ ਦੇ ਖਿਡਾੳੁਣੇ ਬਣੇ  ਅਜਿਹੀਅਾਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਵੀ ਸਲਾਹ ਦੇਣੀ ਚਾਹਾਂਗਾ ਕਿ ਅੱਗ ਨਾਲ ਖੇਡਣ ਦਾ ਸੌਕ ਚੰਗਾ ਨਹੀ ਹੁੰਦਾ। ਅਜੇ ਵੀ ਚੰਗਾ ਹੋਵੇਗਾ ਜੇ ਨਿਰਮਾਤਾ ਫਿਲਮ ਵਿੱਚ ਵਰਤੀ ਗੲੀ ਭੱਦੀ ਸਬਦਾਵਲੀ ਨੂੰ ਬਦਲ ਦੇਣ।

ਬਘੇਲ ਸਿੰਘ ਧਾਲੀਵਾਲ
99142-58142