ਇਹਦੇ ਵਿਚ ਕੋਈ ਸ਼ੱਕ ਦੀ ਰੰਚਕ ਮਾਤਰ ਵੀ ਗੁੰਜਾਇਸ਼ ਨਹੀ ਕਿ ਤਿੱਖੀ ਤਲਵਾਰ ਚੋਂ ਜਨਮੀ ਸਿੱਖ ਕੌਮ ਮੁੱਢੋਂ ਹੀ ਸਿਰਲੱਥ ਕੌਮ ਹੈ। ਜਿਸ ਕੌਮ ਦੇ ਸੰਪੂਰਨ ਸਿਰਜਿਕ ਨੇ ਅਪਣੇ ਦਾਦੇ, ਪੜਦਾਦੇ,ਪਿਤਾ, ਪੁੱਤਰ; ਮਾਂ ਸਮੇਤ ਸਮੁੱਚੇ ਪਰਿਵਾਰ ਅਤੇ ਪੰਜ ਅਤਿ ਪਿਆਰੇ ਸਿੱਖਾਂ ਦੇ ਖੂੰਨ ਦੀ ਗੁੜਤੀ ਦੇ ਕੇ ਕੌਮ ਦੀ ਸਿਰਜਣਾ ਕੀਤੀ ਹੋਵੇ, ਅਜਿਹੀ ਕੌਮ ਦੇ ਗੈਰਤੀ ਸੁਭਾਅ ਤੇ ਕੋਈ ਸ਼ੱਕ ਕਿਵੇਂ ਕਰ ਸਕਦਾ ਹੈ। ਇਸ ਦੇ ਬਾਵਜੂਦ ਵੀ ਜੇ ਅੱਜ ਲੋੜ ਮਹਿਸੂਸ ਹੋ ਰਹੀ ਹੈ ਕਿ ਸਿੱਖ ਨੂੰ ਅਪਣੇ ਪੁਰਖਿਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਤਾਂ ਜਰੂਰ ਚਿੰਤਨ ਕਰਨ ਦੀ ਲੋੜ ਹੈ। ਅੱਜ ਕੌਮ ਸਾਹਮਣੇ ਬੇਅੰਤ ਚਣੌਤੀਆਂ ਹਨ। ਇੱਕ ਪਾਸੇ ਦੁਨੀਆਂ ਦਾ ਅਧੁਨੀਕਰਨ ਹੋ ਰਿਹਾ ਹੈ, ਪੂਰੀ ਦੁਨੀਆਂ ਨੂੰ ਅਧੁਨਿਕ ਤਕਨੀਕ ਨੇ ਮੁੱਠੀ ਵਿੱਚ ਕਰ ਲਿਆ ਹੈ। ਸਾਇੰਸ ਵੱਲੋਂ ਕੀਤੀ ਬੇਅੰਤ ਤਰੱਕੀ ਮਨੁੱਖ ਦੀ ਦੁਸ਼ਮਣ ਬਣ ਕੇ ਖੜ ਗਈ ਹੈ। ਅੱਜ ਦਾ ਅਧੁਨਿਕ ਮਨੁੱਖ ਅਪਣੇ ਬੁਣੇ ਜਾਲ ਵਿੱਚ ਖੁਦ ਹੀ ਫਸਦਾ ਜਾ ਰਿਹਾ ਹੈ। ਦੁਨੀਆਂ ਦਾ ਪਰਮਾਣੂਕਰਨ ਹੋ ਚੁੱਕਾ ਹੈ, ਜਿਹੜਾ ਸਮੁੱਚੀ ਮਾਨਵਤਾ ਦੇ ਵਿਨਾਸ਼ ਦਾ ਪਰਤੀਕ ਹੈ। ਅਜਿਹੇ ਸਮੇ ਜੇ ਕੋਈ ਵਿਚਾਰਧਾਰਾ ਦੁਨੀਆਂ ਨੂੰ ਬਚਾ ਸਕਣ ਦੇ ਸਮਰੱਥ ਹੈ, ਤਾਂ ਉਹ ਗੁਰਬਾਣੀ ਦੀ ਸਾਫ, ਸਪੱਸਟ ਤੇ ਸਰਬਸਾਂਝੀ ਵਿਚਾਰਧਾਰਾ ਹੈ, ਜਿਸ ਨੂੰ ਦੁਨੀਆਂ ਦੀ ਮਾਂ ਬਣੀ ਸਾਇੰਸ ਵੀ ਮੰਨਣ ਲਈ ਮਜਬੂਰ ਹੋ ਰਹੀ ਹੈ। ਪੱਛਮੀ ਮੁਲਕਾਂ ਦੇ ਲੋਕ ਸਿੱਖੀ ਦੀ ਵਿਚਾਰਧਾਰਾ ਨੂੰ ਸਮਝ ਰਹੇ ਹਨ ਤੇ ਵੱਡੇ ਪੱਧਰ ਤੇ ਸਿੱਖੀ ਨੂੰ ਅਪਣਾਅ ਰਹੇ ਹਨ। ਸਿੱਖ ਸਿਧਾਤਾਂ ਨੂੰ ਅਪਣੀ ਜਿਉਣ ਜਾਚ ਬਣਾ ਰਹੇ ਹਨ। ਦੁਨੀਆਂ ਦੇ ਅਧਨੰਗੇ ਰਹਿਣ ਵਾਲੇ ਪੱਛਮੀ ਲੋਕਾਂ ਦੇ ਮਨਾਂ ਚ ਸਿੱਖੀ ਦੀ ਵਿਚਾਰਧਾਰਾ ਨੇ ਅਜਿਹੀ ਛਾਪ ਛੱਡੀ ਹੈ ਕਿ ਉਹ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਵਿੱਚ ਫਕਰ ਮਹਿਸੂਸ ਕਰ ਰਹੇ ਹਨ। ਜਦੋਂ ਭਾਰਤ ਦੀਆਂ ਤੰਗਦਿਲ ਕੱਟੜਵਾਦੀ ਤਾਕਤਾਂ ਦੁਨੀਆਂ ਦੇ ਲੋਕਾਂ ਦੇ ਸਿੱਖੀ ਵੱਲ ਵਧ ਰਹੇ ਰੁਝਾਨ ਤੇ ਝਾਤ ਮਾਰਦੀਆਂ ਹਨ ਤਾਂ ਉਹਨਾਂ ਤੋ ਇਹ ਬਰਦਾਸਤ ਨਹੀ ਹੋ ਰਿਹਾ। ਉਹ ਅਜਿਹੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਜਿਹੜੀ ਸਮੁੱਚੀ ਮਾਨਵਤਾ ਨੂੰ ਪਰੇਮ, ਪਿਆਰ ਦਾ ਸੁਨੇਹਾ ਦੇ ਕੇ ਅਪਣੇ ਕਲਾਵੇ ਵਿੱਚ ਲੈਂਦੀ ਹੈ। ਸਿਰਫ ਭਾਰਤ ਹੀ ਨਹੀ ਬਲਕਿ ਦੁਨੀਆਂ ਦੀਆਂ ਉਹ ਤਾਕਤਾਂ ਕਦੇ ਵੀ ਸਿੱਖ ਵਿਚਾਰਧਾਰਾ ਨੂੰ ਵਧਦਾ ਫੁਲਦਾ ਨਹੀ ਦੇਖ ਸਕਦੀਆਂ ਜਿੰਨਾਂ ਦੀ ਸੋਚ ਸੰਕੀਰਨਤਾ ਦੇ ਦਾਇਰੇ ਵਿੱਚ ਕੈਦ ਹੈ। ਸਿੱਖ ਕੌਮ ਦੀ ਜੰਮਣ ਭੋਏਂ ਹੋਣ ਕਰਕੇ ਇਸ ਕੌਮ ਦਾ ਸਿੱਧਾ ਸਿੱਧਾ ਸਬੰਧ ਭਾਰਤ ਦੀ ਧਰਤੀ ਨਾਲ ਹੈ। ਉਹ ਭਾਰਤ ਦੀ ਧਰਤੀ ਜਿਸ ਤੇ ਕਦੇ ਖਾਲਸਾ ਰਾਜ ਦਾ ਬੋਲਬਾਲਾ ਹੋਇਆ ਕਰਦਾ ਸੀ। ਉਹ ਖਾਲਸਾ ਜਿਹੜਾ ਭਾਰਤੀ ਬਹੂ ਬੇਟੀਆਂ ਦੀ ਇੱਜ਼ਤ ਆਬਰੂ ਦੀ ਰਾਖੀ ਖਾਤਰ ਅਪਣੀ ਜਾਨ ਤੱਕ ਤੇ ਖੇਡ ਜਾਂਦਾ ਰਿਹਾ ਹੈ। ਪਰੰਤੂ ਅੱਜ ਇਹ ਗੱਲ ਬਹੁਤ ਹੀ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਉਹ ਭਾਰਤ ਤੇ ਕਾਬਜ ਹੋਈਆਂ ਤੰਗ ਸੋਚ ਵਾਲੀਆਂ ਤਾਕਤਾਂ ਅੱਜ ਸਿੱਖ ਕੌਮ ਦੀ ਹੋਂਦ ਨੂੰ ਮਿਟਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਉਹ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਮੰਨਣ ਤੋ ਇਨਕਾਰੀ ਹਨ, ਜਿਸ ਨੂੰ ਸਾਬਤ ਕਰਨ ਲਈ ਉਹ ਸਿੱਖੀ ਸਿਧਾਤਾਂ ਅਤੇ ਸਿੱਖ ਵਿਚਾਰਧਾਰਾ ਨੂੰ ਅਪਣੇ ਅਨੁਸਾਰ ਢਾਲਣ ਦੇ ਕਾਰਜ ਵਿੱਚ ਪਿਛਲੇ ਲੰਮੇ ਅਰਸੇ ਤੋ ਯਤਨਸ਼ੀਲ ਹਨ। ਭਾਰਤੀ ਤਾਕਤਾਂ ਦੀ ਇਹ ਸੋਚ ਸਿੱਖ ਕੌਮ ਸਮੇਤ ਸਮੁੱਚੀ ਪੰਜਾਬੀਅਤ ਲਈ ਖਤਰਾ ਬਣ ਕੇ ਮੰਡਰਾ ਰਹੀ ਹੈ। ਇਹੋ ਕਾਰਨ ਹੈ ਕਿ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਅਤੇ ਲੱਚਰਤਾ ਦੇ ਜਾਲ ਵਿੱਚ ਫਸਾ ਕੇ,  ਉਹਨਾਂ ਨੂੰ ਜਿੱਥੇ ਅਪਣੇ ਧਰਮ, ਅਪਣੇ ਸੱਭਿਆਚਾਰ ਨਾਲੋ ਤੋੜਨ ਦੇ ਯਤਨ ਹੋ ਰਹੇ ਹਨ, ਓਥੇ ਉਹਨਾਂ ਦੀ ਅਣਖ ਗੈਰਤ ਨੂੰ ਵੀ ਅਸਲੋਂ ਹੀ ਮਾਰਨ ਦੇ ਮਨਸੂਬੇ ਚੱਲ ਰਹੇ ਹਨ। ਇਥੋਂ ਦੀ ਉਪਜਾਊ ਧਰਤੀ, ਸ਼ੁੱਧ ਹਵਾ, ਪਾਣੀ ਨੂੰ ਜਹਿਰੀਲੀਆਂ ਕੀਟਨਾਸਕ ਦੁਆਈਆਂ ਅਤੇ ਰਸਾਇਣਕ ਖਾਦਾਂ ਨੇ ਬੰਜਰ ਅਤ ਜਹਿਰੀਲਾ ਕਰ ਦਿੱਤਾ ਹੈ। ਪੰਜਾਬ ਦੀ ਜਰਖੇਜ ਭੂੰਮੀ ਤੇ ਉਸਰ ਰਹੇ ਵੱਡੇ ਵੱਡੇ ਸੌਪਿੰਗ ਮਾਲ ਪੰਜਾਬ ਦੀ ਤਰੱਕੀ ਨਹੀ ਸਗੋਂ ਬਰਬਾਦੀ ਦੇ ਚਿੰਨ ਹਨ। ਬਹੁਤ ਹੀ ਗਹਿਰੀਆਂ ਸਾਜਿਸ਼ਾਂ ਤਹਿਤ ਸਿੱਖ ਸਿਧਾਂਤ ਹਿੰਦੂ ਕਰਮਕਾਡਾਂ ਵਿੱਚ ਰਲਗੱਡ ਕੀਤੇ ਜਾ ਰਹੇ ਹਨ। ਸਿੱਖ ਇਤਿਹਾਸ ਨਾਲ ਛੇੜਛਾੜ ਕਰਕੇ ਆਉਣ ਵਾਲੀਆਂ ਨਸਲਾਂ ਵਿੱਚ ਸਿੱਖ ਕੌਮ ਦੇ ਸ਼ਾਨਾਂਮੱਤੇ ਇਤਿਹਾਸ ਪ੍ਰਤੀ ਦੁਵਿਧਾ ਪੈਦਾ ਕਰਨ ਦੇ ਯਤਨ ਹੋ ਰਹੇ ਹਨ। ਸਿੱਖ ਜੁਆਨੀ ਨੂੰ ਸਿੱਖ ਇਤਿਹਾਸ ਤੋ ਬੇਖਬਰ ਰੱਖਣ ਲਈ ਪੰਜਾਬੀ ਸੱਭਿਆਚਾਰਕ ਗਾਇਕੀ ਦੇ ਨਾਮ ਤੇ ਲੱਚਰਤਾ ਪਰੋਸੀ ਜਾ ਰਹੀ ਹੈ, ਜਿਸ ਨੇ ਬਹੁਤ ਮਾਰੂ ਅਸਰ ਪਾਇਆ ਹੈ। ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਦਾ ਬਹੁਤਾਤ ਵਿੱਚ ਅਪਣੇ ਵਿਰਸੇ ਤੋ ਦੂਰ ਜਾਣ, ਗੌਰਵਮਈ ਸਿੱਖ ਇਤਿਹਾਸ ਤੋ ਬੇਖਬਰ ਹੋਣ ਨੂੰ ਉਪਰੋਕਤ ਵਰਤਾਰੇ ਦੇ ਸਫਲ ਨਤੀਜਿਆਂ ਵਜੋ ਦੇਖਿਆ ਜਾਣਾ ਚਾਹੀਦਾ ਹੈ। ਇਹ ਪਰਤੱਖ ਰੂਪ ਚ ਸਾਡੇ ਸਾਹਮਣੇ ਹੈ ਕਿ 26 ਜਨਵਰੀ ਦਾ ਦਿਨ ਭਾਰਤ ਦੇ ਅਜਾਦੀ ਦੇ ਦਿਨ ਵਜੋਂ ਤਾਂ ਸਿੱਖ ਬੱਚੇ ਬੱਚੇ ਨੂੰ ਯਾਦ ਹੈ ਪਰ ਅਪਣੇ ੳਸ ਮਹਾਂਨ ਸ਼ਹੀਦ ਦੇ ਜੀਵਨ ਵਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀ ਕਿ 26 ਜਨਵਰੀ ਦਾ ਦਿਨ ਸਿੱਖ ਕੌਮ ਲਈ ਇਸ ਕਰਕੇ ਜਿਆਦਾ ਮਹੱਤਵਪੂਰਨ ਹੈ, ਕਿਉਂਕਿ 26 ਜਨਵਰੀ 1682 ਨੂੰ ਉਹ ਸਿੱਖ ਸੂਰਮਾ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਸੀ  ਜਿਸ ਨੇ ਅਪਣੇ ਗੁਰੂਆਂ ਦੀ ਬਾਣੀ ਤੇ ਪੂਰਨ ਰੂਪ ਚ ਅਮਲ ਕਰਕੇ ਤਲੀ ਤੇ ਸੀਸ ਰੱਖਣ ਦੇ ਅਦੇਸ਼ ਨੂੰ ਸਿਰਮੱਥੇ ਸਵੀਕਾਰ ਕੀਤਾ,ਜਿਸ ਨੇ  ਕਹਿਣੀ ਨੂੰ ਕਰਨੀ ਵਿੱਚ ਬਦਲਿਆ ਸੀ, ਅਤੇ ਕੌਮ ਨੂੰ ਵਿਸਵ ਪੱਧਰ ਤੇ ਸਿਰਲੱਥਾਂ ਦੀ ਕੌਮ ਵਜੋ ਮਾਨਤਾ ਦਿਵਾਈ। ਸੋ ਅੱਜ ਉਸ ਮਹਾਨ ਪੁਰਖ ਨੂੰ ਯਾਦ ਕਰਦੇ ਹੋਏ ਇਸ ਹੌਲਨਾਕ ਹਾਲਾਤਾਂ ਦੇ ਸੰਦਰਭ ਵਿੱਚ ਇਹ ਲਿਖਿਆ ਜਾਣਾ ਅਤਿਕਥਨੀ ਨਹੀ ਕਿ ਸਿੱਖ ਕੌਮ ਨੂੰ ਅਪਣੇ ਲਹੂ ਭਿੱਜੇ ਇਤਿਹਾਸ ਦੇ ਵਰਕੇ ਫਰੋਲਦੇ ਰਹਿਣਾ ਚਾਹੀਦਾ ਹੈ, ਤਾਂ ਕਿ ਹਰ ਦਿਨ ਸਿੱਖ ਪੁਰਖਿਆਂ ਦੀ ਯਾਦ ਸਾਡੇ ਜਹਿਨ ਵਿੱਚ ਤਾਜਾ ਰਹੇ।

ਬਘੇਲ ਸਿੰਘ ਧਾਲੀਵਾਲ
99142-58142