ਅਮਲੋਹ (ਪ.ਪ.) : ਪੰਜਾਬ ਅੰਦਰ ਪੰਥਕ ਏਕਤਾ ਦੇ ਨਾਅਰੇ ਨਾਲ ਅਖੰਡ ਅਕਾਲੀ ਦਲ 1920 ਅਪਣੀ ਸਤਿਥੀ ਦਿਨ ਬ ਦਿਨ ਮਜਬੂਤ ਕਰਦਾ ਆ ਰਿਹਾ ਹੈ ਤੇ ਇਸ ਨਾਅਰੇ ਤਹਿਤ ਰੋਜ ਵੱਡੀ ਗਿਣਤੀ ਵਿਚ ਪੰਥਕ ਸੋਚ ਅਤੇ ਸਿੱਖ ਚਿੰਤਕ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਅਕਾਲੀ ਦਲ 1920 ਵਿਚ ਸ਼ਮੂਲੀਅਤ ਕਰ ਰਹੇ ਹਨ। ਇਸੇ ਲੜੀ ਤਹਿਤ ਹੀ ਅੱਜ ਹਲਕਾ ਅਮਲੋਹ ਵਿਚ ਵੱਡੀ ਗਿਣਤੀ ਵਿਚ ਅਕਾਲੀ ਦਲ 1920 ਦੇ ਪ੍ਰਧਾਨ ਸਰਦਾਰ ਰਵੀਇੰਦਰ ਸਿੰਘ ਦੀ ਹਾਜ਼ਰੀ ਵਿਚ ਸ਼ਾਮਿਲ ਹੋਏ , ਜਿਸ ਵੇਲੇ ਸਰਦਾਰ ਰਵੀ ਇੰਦਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਰਵੀਇੰਦਰ ਸਿੰਘ ਨੇ ਬੋਲਦਿਆਂ ਆਖਿਆ ਕਿ ਪੰਥਕ ਏਕਤਾ ਨੂੰ ਲੈਕੇ ਅਕਾਲੀ ਦਲ ਨੇ ਇਕ ਮੁਹਿੰਮ ਵਿਢੀ ਹੋਈ ਜਿਸ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚੋਂ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਮੁਹਿਮ ਦਾ ਮਕਸਦ ਹੈ ਕਿ ਪੰਜਾਬ ਦੀ ਸਮੁਚੀ ਸਿੱਖ ਕੌਮ ਨੂੰ ਇਕਜੁੱਟ ਕਰਕੇ ਇਕੋ ਮੰਚ ਤੇ ਲਿਆਂਦਾ ਜਾ ਸਕੇ ਤੇ ਪੰਥ ਨੂੰ ਕੌਮ ਵਿਰੋਧੀ ਦਰਪੇਸ਼ ਸਮਸਿਆਵਾਂ ਤੋਂ ਨਿਝਾਤ ਦਵਾਈ ਜਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਉਪਰ ਕਬਜਾ ਕਰਕੇ ਆਪਣੀਆਂ ਮਨ ਆਈਆਂ ਕਰ ਰਿਹਾ ਹੈ ਤੇ ਬਾਦਲ ਮੁਕਤ ਪੰਜਾਬ ਬਣਾਉਣ ਲਈ ਪੰਥਕ ਏਕਤਾ ਹੋਣਾ ਅਤੀ ਜਰੂਰੀ ਹੈ। ਉਨ੍ਹਾਂ ਆਪਣੀ ਇਸ ਮੀਟਿੰਗ ਦੇ ਜਰੀਏ ਪੰਜਾਬ ਦੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਮੁਕਤ ਕਰਨ ਲਈ ਅੰਮ੍ਰਿਤਧਾਰੀ ਸਿੰਘ ਸਜੋ ਤਾਂ ਜੋ ਆਉਣ ਵਾਲੀ ਚੋਣ ਵਿਚ ਆਪਣੀ ਵੋਟ ਦਾ ਅਧਿਕਾਰ ਵਰਤ ਕੇ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਡਾ. ਮਨਦੀਪ ਸਿੰਘ, ਡਾ. ਬਸੰਤ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਹਰਮੇਲ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਨਰਿੰਦਰ ਸਿੰਘ, ਅਜਮੇਰ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਬਲਵੰਤ ਸਿੰਘ, ਕੁਲਵਿੰਦਰ ਸਿੰਘ, ਬਾਵਾ ਸਿੰਘ, ਹਰਦੀਪ ਸਿੰਘ ਡੋਡ, ਤਜਿੰਦਰ ਸਿੰਘ ਪਨੂੰ, ਐਡਵੋਕੇਟ ਪ੍ਰਦੂਮਨ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਆਗੂ ਹਾਜ਼ਿਰ ਸਨ।