ਕੁੱਝ ਉਦਾਹਰਣਾਂ :–

1. ਇੱਕ ਵਿਗਿਆਨ ਦਾ ਅਧਿਆਪਕ ਪ੍ਰਾਈਵੇਟ ਸਕੂਲ ਵਿੱਚ ਲੱਗਾ ਸੀ । ਉਸ ਦੀ ਤਨਖਾਹ 5000 ਰੁਪਏ ਸੀ । ਉਸ ਦੀ ਸਕੂਲ ਵਿੱਚ ਬਹੁਤ ਕਦਰ ਸੀ। ਸਕੂਲ ਦਾ ਪ੍ਰਿੰਸੀਪਲ ਉਸਨੂੰ ਹਮੇਸ਼ਾਂ ਸਟਾਫ ਦਾ ਸਕੱਤਰ ਬਣਾ ਕੇ ਰੱਖਦਾ ਸੀ। ਕਦੇ ਉਸ ਅਧਿਆਪਕ ਨੂੰ ਝਿੜੱਕ ਨਹੀਂ ਸੀ ਪਈ। ਦੂਜੇ ਪਾਸੇ ਇੱਕ ਆਰਟਸ ਦਾ ਅਧਿਆਪਕ ਸੀ, ਇਤਿਹਾਸ ਪੜਾਉਂਦਾ ਸੀ। ਉਸਦੀ ਤਨਖਾਹ ਵੀ 5000 ਰੁਪਏ ਸੀ। ਉਹ ਵੀ ਬਹੁਤ ਵਧੀਆ ਪੜਾਉਂਦਾ ਸੀ। ਪਰ ਉਸਨੂੰ ਪ੍ਰਿੰਸੀਪਲ ਤੋਂ ਝਿੜਕਾਂ ਬਹੁਤ ਪੈਂਦੀਆਂ ਸਨ। ਉਸ ਦੀ ਕਦਰ ਬਿਲਕੁਲ ਵੀ ਕੀਤੀ ਨਹੀਂ ਸੀ ਜਾਂਦੀ । ਉਸਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਗਲਤੀ ਕਰ ਰਿਹਾ ਹੈ। ਉਹ ਵਧੀਆ ਅਧਿਆਪਕ ਸੀ, ਉਸਨੂੰ ਵੀ ਬੱਚੇ ਬਹੁਤ ਪਸੰਦ ਕਰਦੇ ਸਨ। ਪਰ ਫਿਰ ਵੀ ਉਸਦੀ ਕਦਰ ਕੀਤੀ ਨਹੀਂ ਸੀ ਜਾਂਦੀ ।

2. ਦੋ ਆਦਮੀ ਸੀ। ਦੋਨੋਂ ਇੱਕ ਐਨ ਜੀ ਓ ਵਾਸਤੇ ਕੰਮ ਕਰਨਾ ਚਾਹੁੰਦੇ ਸਨ। ਇੱਕ ਨੇ ਉਸ ਸੰਸਥਾ ਨੂੰ 3000 ਰੁਪਏ ਦਾਨ ਕਰ ਦਿੱਤੇ। ਪਰ ਦੂਜੇ ਨੇ ਕਿਹਾ ਕਿ ਮੇਰੇ ਤੋਂ ਕੰਮ ਜਿੰਨਾਂ ਮਰਜੀ ਕਰਵਾ ਲਵੋ, ਪਰ ਮੈਂ ਪੈਸੇ ਦਾਨ ਨਹੀ ਕਰਨੇ। ਇਸ ਕੇਸ ਵਿੱਚ ਵੀ ਪਹਿਲੇ ਆਦਮੀ ਦੀ ਜ਼ਿਆਦਾ ਕਦਰ ਕੀਤੀ ਗਈ।

3. ਇਕ ਆਦਮੀ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਮੈਂ ਰਿਸ਼ਤੇਦਾਰੀ ਵਿੱਚ ਲੈਣ ਦੇਣ ਨਹੀਂ ਕਰਨਾ। ਨਾਂ ਮੈਂ ਇੱਕ ਪੈਸਾ ਲਵਾਂ ਨਾ ਇਕ ਪੈਸਾ ਦੇਵਾਂ। ਦੂਜੇ ਪਾਸੇ ਦੂਜਾ ਆਦਮੀ ਜਿੱਧਰ ਵੀ ਜਾਂਦਾ 100-200 ਰੁਪਏ ਦਾ ਸ਼ਗਨ ਤਾਂ ਪਾ ਕੇ ਹੀ ਆਉਂਦਾ। ਇਸ ਕੇਸ ਵਿੱਚ ਵੀ ਦੂਜੇ ਆਦਮੀ ਨੂੰ ਜ਼ਿਆਦਾ ਇਜ਼ਤ ਮਿਲੀ।

ਹੁਣ ਜੇ ਆਪਾਂ ਇੰਨਾਂ ਤਿੰਨਾਂ ਕੇਸਾਂ ਨੂੰ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਜਿਸ ਨੇ ਜ਼ਿਆਦਾ ਘਾਟਾ ਖਾਧਾ, ਉਸਨੂੰ ਜ਼ਿਆਦਾ ਇਜ਼ਤ ਮਿਲੀ।

ਪਹਿਲੇ ਕੇਸ ਵਿੱਚ ਇੱਕ ਵਿਗਿਆਨ ਦੇ ਅਧਿਆਪਕ ਨੂੰ ਇਸ ਲਈ ਜ਼ਿਆਦਾ ਇਜ਼ਤ ਮਿਲੀ ਕਿਉਂਕਿ ਸਾਇੰਸ ਪੜ੍ਹੀ ਹੋਣ ਕਰਕੇ ਜਿੱਥੇ ਉਹ 10000 ਰੁਪਏ ਤੇ ਆਸਾਨੀ ਨਾਲ ਲਗ ਸਕਦਾ ਸੀ, ਉਥੇ ਉਹ ਪ੍ਰਿੰਸੀਪਲ ਦੇ ਪਿਆਰ ਦੇ ਜਾਲ ਵਿੱਚ ਫੱਸ ਕੇ ਸਿਰਫ 5000 ਰੁਪਏ ਲੈ ਰਿਹਾ ਸੀ। ਦੂਜੇ ਪਾਸੇ ਪ੍ਰਿੰਸੀਪਲ ਨੂੰ ਪਤਾ ਸੀ ਕਿ ਇਤਿਹਾਸ ਯਾਨੀ ਕਿ ਆਰਟਸ ਵਾਲੇ ਅਧਿਆਪਕ ਤਾਂ ਛੱਤੀ ਮਿਲ ਜਾਣਗੇ। ਸ਼ਾਇਦ ਇਸ ਤੋਂ ਘੱਟ ਪੈਸੇ ਵਿੱਚ ਵੀ ਮਿਲ ਜਾਵੇ।

ਦੂਜੇ ਕੇਸ ਵਿੱਚ ਐਨ ਜੀ ਓ ਵਾਲਿਆਂ ਨੂੰ ਪਤਾ ਸੀ ਕਿ ਦੂਜੇ ਵਿਅਕਤੀ ਤੋਂ ਕੋਈ ਫਾਇਦੇਮੰਦ ਕੰਮ ਨਹੀਂ ਲਿਆ ਜਾ ਸਕਦਾ। ਇਸ ਲਈ ਪਹਿਲੇ ਵਿਅਕਤੀ, ਪੈਸੇ ਦੇਣ ਵਾਲੇ, ਦੀ ਜ਼ਿਆਦਾ ਕਦਰ ਹੋਈ।

ਤੀਜੇ ਕੇਸ ਵਿੱਚ ਜਿਹੜਾ ਵਿਅਕਤੀ ਹਰ ਪਾਸੇ ਪੈਸੇ ਦਾ ਘਾਟਾ ਖਾ ਕੇ ਸ਼ਗਨ ਦਿੰਦਾ ਸੀ, ਉਸ ਦੀ ਜ਼ਿਆਦਾ ਕਦਰ ਹੋਈ।

ਸਿੱਟਾ – ਆਪਣੇ ਸਮਾਜ ਵਿੱਚ ਉਸਦੀ ਜ਼ਿਆਦਾ ਕਦਰ ਹੁੰਦੀ ਹੈ ਜੋ ਜ਼ਿਆਦਾ ਘਾਟਾ ਖਾਂਦਾ ਹੈ। ਜੇ ਕੋਈ ਆਪਣੇ ਹੱਕ ਤੋਂ ਘੱਟ ਪੈਸੇ ਲੈ ਰਿਹਾ ਹੁੰਦਾ ਹੈ ਤਾਂ ਉਸਨੂੰ ਮੁਆਵਜੇ ਦੇ ਤੌਰ ਤੇ ਕਦਰ, ਇਜ਼ਤ ਦਿੱਤੀ ਜਾਂਦੀ ਹੈ। ਜੇ ਕੋਈ ਆਪਣਾ ਪੂਰਾ ਹੱਕ ਲੈ ਰਿਹਾ ਹੈ ਤਾਂ ਉਸਦੀ ਕਦਰ ਬਿਲਕੁਲ ਵੀ ਨਹੀਂ ਕੀਤੀ ਜਾਂਦੀ। ਸ਼ਾਇਦ ਇਸੇ ਲਈ ਕਾਲੇ ਧਨ ਵਾਲਿਆਂ ਦੀ ਜ਼ਿਆਦਾ ਕਦਰ ਕੀਤੀ ਜਾਂਦੀ ਹੈ ਕਿਉਂਕਿ ਉਹ ਆਪਣਾ ਕਾਲਾ ਧਨ ਕਿਸੇ ਬੈਂਕ ਵਿੱਚ ਤਾਂ ਪਾ ਨਹੀਂ ਸਕਦੇ, ਇਸ ਲਈ ਉਹ ਇੱਧਰ ਉੱਧਰ ਥੋੜ੍ਹਾ ਬਹੁਤ ਦਾਨ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੀ ਸਮਾਜ ਵਿੱਚ ਇਜ਼ਤ ਬਣੀ ਰਹਿੰਦੀ ਹੈ।

ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
apsamaanbatra@gmail.com