ਹੁਣ ਰਾਤ ਸਮੇਂ ਵੀ ਹੁਸੈਨੀਵਾਲਾ ਸਮਾਧਾਂ ਦੇ ਦਰਸ਼ਨ ਕਰ ਸਕਣਗੇ ਸੈਲਾਨੀ
ਫ਼ਿਰੋਜ਼ਪੁਰ (ਪੰਕਜ ਕੁਮਾਰ)  ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਜਿੱਥੇ ਰਾਤ ਸਮੇਂ ਲਾਈਟਾਂ ਨਾ ਹੋਣ ਕਰਕੇ ਲੋਕਾਂ ਨੂੰ ਕਈ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਉੱਥੇ ਰਾਤ ਸਮੇਂ ਸ਼ਹੀਦੀ ਸਮਾਰਕ ਤੇ ਲਾਈਟਾਂ ਨਾ ਹੋਣ ਕਰਕੇ ਚੋਰੀ ਆਦਿ ਦਾ ਵੀ ਖ਼ਤਰਾ ਬਣਿਆ ਰਹਿੰਦਾ ਸੀ, ਇਸ ਮੁਸ਼ਕਲ ਅਤੇ ਰਾਤ ਸਮੇਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸ੍ਰ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਬਣੀ ਸਹੀਦੇ ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਰਾਜ ਮਾਤਾ ਦੀ ਸਮਾਧ ਤੇ ਸੋਲਰ ਐਲ.ਈ.ਡੀ ਲਾਈਟਾਂ ਲਗਵਾਈਆਂ ਗਈਆਂ।
ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪਿਛਲੇ ਕਈ ਸਮੇਂ ਤੋ ਜੋ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਉਂਦੇ ਸੀ ਉਨ੍ਹਾਂ ਨੂੰ ਰਾਤ ਸਮੇਂ ਹਨੇਰਾ ਹੋਣ ਕਰਕੇ ਕਈ ਮੁਸ਼ਕਲਾਂ ਆਉਂਦੀਆਂ ਸੀ, ਜਿਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਦੇਰ ਉੱਥੇ ਰੁਕਣਾ ਮੁਸ਼ਕਲ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸੋਲਰ ਲਾਈਟਾਂ ਲੱਗਣ ਕਾਰਨ ਹੁਣ ਲੋਕ ਉੱਥੇ ਜ਼ਿਆਦਾ ਦੇਰ ਤੱਕ ਰੁਕ ਸਕਣਗੇ ਅਤੇ ਇਸ ਸ਼ਹੀਦੀ ਸਮਾਰਕ ਨੂੰ ਚੰਗੀ ਤਰ੍ਹਾਂ ਦੇਖ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਬਾਰਡਰ ਏਰੀਏ ਅਤੇ ਸ਼ਹਿਰ ਦੇ ਹੋਰ ਖੇਤਰਾਂ ਵਿਚ ਵੀ ਜਲਦ ਹੀ ਐਲ.ਈ.ਡੀ ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਹਲਕਾ ਵਾਸੀਆਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਹਰ ਸੰਭਵ ਯਤਨ ਕਰਨਗੇ।