ਬਾਘਾਪੁਰਾਣਾ (ਬਿਊਰੋ) : ਅੱਜ ਦਰਸ਼ਨ ਸਿੰਘ ਬਰਾੜ ਨੇ ਪਿੱਛਲੇ ਦਿਨੀ ਸੁਖਬੀਰ ਬਾਦਲ ਵਲੋਂ ਗੈਂਗਸਟਰ ਕਹੇ ਜਾਣ ਦੇ ਜਵਾਬ ਵਜੋਂ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੁਖਬੀਰ ਨੂੰ ਪੰਜਾਬ ਦੇ ਲੋਕ ਕੀ ਕਹਿਕੇ ਬਲਾਉਂਦੇ ਹਨ, ਉਹ ਤਾਂ ਵਿਚਾਰਾ 25 ਸਾਲ ਰਾਜ ਕਰਨ ਦੇ ਸੁਪਨੇ ਵੇਖਦਾ ਸੀ ਪਰ ਪੰਜਾਬ ਦੀ ਅਣਖੀ ਜਨਤਾ ਨੇ ਵਿਰੋਧੀ ਧਿਰ ਚ ਬੈਠਣ ਜੋਗਾ ਵੀ ਨਹੀਂ ਛੱਡਿਆ ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਜਿਹਾ ਇਨਸਾਨ ਹੈ ਜੋ ਨਸ਼ੇ ਦੀ ਵਾਧ ਘਾਟ ਚ ਪੁੱਠੇ ਸਿਧੇ ਜਵਾਬ ਦਿੰਦਾ ਰਹਿੰਦਾ ਹੈ ਤੇ ਉਨ੍ਹਾਂ ਕਿਹਾ ਕਿ ਮੇਰੀ ਤੁਲਨਾ ਗੈਂਗਸਟਰ ਨਾਲ ਕਰਨਾ ਵੀ ਨਸ਼ੇ ਦੀ ਵਾਧ ਘਾਟ ਚ ਦਿੱਤਾ ਗਿਆ ਹਾਸੋਹੀਣਾ ਬਿਆਨ ਹੈ। ਉਨ੍ਹਾਂ ਸੁਖਬੀਰ ਬਾਦਲ ਉੱਪਰ ਬਿਆਨ ਦਿੱਤਾ ਕਿ ਉਸਦਾ ਦਿਮਾਗੀ ਸੰਤੂਲਣ ਵਿਗੜ ਗਿਆ ਹੈ ਤੇ ਇਸੇ ਲਈ ਹੀ ਕਈ ਵਾਰ ਇਹ ਮੰਗਲ ਗ੍ਰਹਿ ਉੱਪਰ ਰੈਲੀਆਂ ਕਰਨ ਦੀ ਗੱਲ ਕਰਦਾ ਹੈ। ਦੂਜੇ ਪਾਸੇ ਬਿਕਰਮਜੀਤ ਮਜੀਠੀਆ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਦੀ ਫਿਤਰਤ ਰਹੀ ਹੈ ਕਿ ਮਜਲੂਮਾਂ ਉੱਪਰ ਕਤਲੇਆਮ ਕਰਨ ਵਾਲੇ ਲੋਕਾਂ ਨਾਲ ਇਹ ਹਮੇਸ਼ਾ ਰੱਲ ਮਿਲਕੇ ਚਲਦੇ ਹਨ। ਉਨ੍ਹਾਂ ਕਿਹਾ ਕਿ 13 ਅਪ੍ਰੈਲ 1919 ਨੂੰ ਜੱਲਿਆਂਵਾਲਾ ਬਾਗ ਚ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ ਜਨਰਲ ਡਾਇਰ ਨਾਲ ਮਜੀਠੀਆ ਪਰਿਵਾਰ ਨੇ ਬੈਠ ਕੇ ਡਿਨਰ ਕੀਤਾ ਸੀ ਤੇ ਸ਼ਰਾਬ ਵੀ ਪੀਤੀ ਸੀ। ਨਾਲ ਹੀ ਬਰਾੜ ਨੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਕਿ ਮਾਹਲਾ ਆਪਣੀ ਹਾਰ ਤੋਂ ਬੁਖਲਾਇਆ ਹੋਇਆ ਹੈ ਤੇ ਹੋਸ਼ੀ ਰਾਜਨੀਤੀ ਕਰਨ ਉੱਪਰ ਉਤਾਰੂ ਹੋਇਆ ਹੈ, ਪੂਰਾ ਮੋਗਾ ਜਿਲ੍ਹਾ ਜਾਣਦਾ ਹੈ ਕਿ ਇਸ ਦੀ ਤੱਕੜੀ ਨਾਲ ਸ਼ਰੇਆਮ ਨਸ਼ਾ ਵਿਕਦਾ ਸੀ ਤੇ ਸਾਰੇ ਜਿਲ੍ਹੇ ਦੇ ਨੌਜਵਾਨਾ ਨੂੰ ਨਸ਼ੇ ਉੱਪਰ ਲਗਾਉਣ ਵਾਲ਼ਾ ਵੀ ਤੀਰਥ ਮਾਹਲਾ ਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਪੁਲਿਸ ਦੀਆਂ ਚੌਂਕੀਆਂ ਵਿਚ ਰੱਖ ਕੇ ਵੀ ਨਸ਼ਾ ਵੇਚਿਆ ਹੈ ਤੇ ਵੱਡੀ ਗਿਣਤੀ ਵਿਚ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ, ਜਗਸੀਰ ਕਾਲੇਕੇ, ਬਿੱਟੂ ਮਿੱਤਲ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਮਜੂਦ ਸਨ।