ਲੁਧਿਆਣਾ (ਸੰਦੀਪ ਸੰਨੀ.) : ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ. ਸੁਰਜੀਤ ਸਿੰਘ ਨੇ ਕਿਹਾ ਕਿ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਥਾਣਾ ਸੁਧਾਰ ਸਮੇਤ ਪੁਲਿਸ ਪਾਰਟੀ ਪਿੰਡ ਐਤੀਆਣਾ ਤੇ ਰਾਜੋਆਣਾ ਕਲਾਂ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਝ ਨੌਜਵਾਨ, ਜਿਨ੍ਹਾਂ ‘ਚ ਭਾਰੀ ਮਾਤਰਾ ‘ਚ ਅਸਲਾ ਹੈ, ਸੁਖਮਨ ਪੈਲੇਸ ਨੇੜੇ ਰਾਜੋਆਣਾ ਵਿਆਹ ਦੀ ਆੜ ‘ਚ ਬੈਠ ਕੇ ਕਿਸੇ ਵੱਡੀ ਵਾਰਦਾਤ ਜਾਂ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਰਸ਼ਦੀਪ ਸਿੰਘ ਉਰਫ਼ ਬਿੱਟੂ ਪੁੱਤਰ ਮਹਿੰਦਰ ਸਿੰਘ, ਜਸਕੰਵਰ ਸਿੰਘ ਉਰਫ਼ ਰਿੰਕੀ ਪੁੱਤਰ ਸਵ: ਗੁਰਵਿੰਦਰ ਸਿੰਘ ਵਾਸੀ ਮਹਿਲ ਕਲਾਂ, ਗੁਰਬਖਸ਼ ਸਿੰਘ ਉਰਫ਼ ਬਿੰਦਰ ਪੁੱਤਰ ਸਰਬਜੀਤ ਸਿੰਘ ਵੀ ਬਰਨਾਲਾ, ਗੁਰਪ੍ਰੀਤ ਸਿੰਘ ਉਰਫ਼ ਗੋਗੀ ਪੁੱਤਰ ਜਸਵੀਰ ਸਿੰਘ ਵਾਸੀ ਬੱਧਨੀ ਖੁਰਦ, ਬੇਅੰਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਡਾਲਾ, ਸਾਹਿਬ ਸਿੰਘ ਉਰਫ਼ ਸੱਬਾ ਪੁੱਤਰ ਸਤਨਾਮ ਸਿੰਘ ਵਾਸੀ ਕਸਬਾ ਭਰਾਲ ਥਾਣਾ ਸੰਦੋੜ, ਗੁਰਸ਼ਰਨਜੀਤ ਸਿੰਘ ਉਰਫ਼ ਦੁੱਲਾ ਪੁੱਤਰ ਬਲਵੀਰ ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 2 ਰਿਵਾਲਵਰ 32 ਬੋਰ, 2 ਰਿਵਾਲਵਰ 315 ਬੋਰ, ਇਕ ਬੋਰ ਗੰਨ ਟੈਲੀਸਕੋਪ, ਇਕ ਰਾਈਫਰ 12 ਬੋਰ, 1 ਦੇਸੀ ਕੱਟ ਅਤੇ 43 ਰੌਂਦ ਬਰਾਮਦ ਕੀਤੇ ਗਏ। ਐਸ. ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਅਰਸ਼ਦੀਪ ਸਿੰਘ ਉਰਫ਼ ਬਿੱਟੂ ਖਿਲਾਫ਼ ਪਹਿਲਾ ਵੀ ਵੱਖ-ਵੱਖ ਥਾਣਿਆਂ ‘ਚ 28 ਮੁਕੱਦਮੇ ਦਰਜ ਹਨ ਤੇ ਹੁਣ ਉਹ ਢਾਈ ਮਹੀਨੇ ਪਹਿਲਾ ਸੰਗਰੂਰ ਜੇਲ੍ਹ ‘ਚੋਂ ਜਮਾਨਤ ‘ਤੇ ਆਇਆ ਸੀ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ਼ ਗੋਗੀ ਖਿਲਾਫ਼ ਅਸਲਾ ਐਕਟ ਤੇ ਲੁੱਟ-ਖੋਹਾਂ ਦੇ 7 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਬੇਅੰਤ ਸਿੰਘ ਖਿਲਾਫ਼ ਵੀ ਅਸਲਾ ਐਕਟ ਦੇ ਤਿੰਨ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸ. ਪੀ. (ਇੰਨ:) ਰੁਪਿੰਦਰ ਭਾਰਦਵਾਜ, ਡੀ. ਐਸ. ਪੀ. (ਡੀ) ਸਰਬਜੀਤ ਸਿੰਘ, ਏ.ਐਸ.ਪੀ.ਨਵਨੀਤ ਸਿੰਘ ਆਈ. ਪੀ. ਐਸ., ਐਸ. ਐਚ. ਓ. ਸੁਧਾਰ ਹਰਜਿੰਦਰ ਸਿੰਘ, ਐਸ. ਐਚ. ਓ. ਜੋਧਾਂ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁਲਿਸ ਅਫ਼ਸਰ ਹਾਜ਼ਰ ਸਨ।