ਫਾਜ਼ਿਲਕਾ (ਪ.ਪ.) : ਅੱਜ ਅਖੰਡ ਅਕਾਲੀ ਦਲ 1920 ਨੇ ਜਿਲ੍ਹਾ ਫਾਜਿਲਕਾ ਦੇ ਪਿੰਡ ਜੰਡ ਵਾਲਾ ਭਿਮੇਸ਼ਾਹ ਤੋਂ ਬਾਦਲ ਭਜਾਓ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਚਾਓ ਜਾਗ੍ਰਿਤੀ ਮੁਹਿੰਮ ਦਾ ਅਗਾਜ ਕਿਤਾ । ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਰਵੀ ਇੰਦਰ ਸਿੰਘ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਨ੍ਹਾਂ ਸਾਥ ਦੇਣ ਤਾਂ ਜੋ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਬਾਦਲ ਮੁਕਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਪੰਥਕ ਗਤੀਵਿਧੀਆਂ ਨਾ ਬਰਾਬਰ ਕਰਦਾ ਹੈ ਸਗੋਂ ਪੰਥ ਵਲੋਂ ਇਕਠੇ ਕੀਤੇ ਗਏ ਗੁਰੂ ਦੇ ਗੋਲਕ ਨੂੰ ਆਪਣੇ ਨਿੱਜੀ ਸਵਾਰਥਾਂ ਵਿੱਚ ਵਰਤਣ ਲਈ ਥੋੜਾ ਵੀ ਹਿਚਕਚਾਉਂਦਾ ਨਹੀਂ। ਦੂਜੇ ਪਾਸੇ ਉਨ੍ਹਾਂ ਸਿੱਖ ਸੰਗਤ ਨੂੰ ਯਕੀਨ ਦਵਾਇਆ  ਕਿ ਜੇਕਰ ਸਮੁੱਚਾ ਪੰਥ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਜਿਤਾਉਂਦਾ ਹੈ ਤਾਂ ਉਹ ਇੱਕ ਇੱਕ ਪੈਸਾ ਕੌਮ ਦੇ ਹਿੱਤ ਲਈ ਵਰਤ ਕੇ ਪੰਥਕ ਕਾਰਜਾਂ ਵਿੱਚ ਲਾਉਣਗੇ। ਇਸ ਮੁਹਿੰਮ ਨੂੰ   ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ(ਸਰਪ੍ਰਸਤ ਅਖੰਡ ਅਕਾਲੀ ਦਲ 1920) ਅਤੇ ਸ. ਰਵੀਇੰਦਰ ਸਿੰਘ ਜੀ(ਪ੍ਰਧਾਨ ਅਖੰਡ ਅਕਾਲੀ ਦਲ 1920) ਨੇ ਹਰੀ ਝੰਡੀ ਦਿੱਤੀ।ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਭਰਪੂਰ ਸਿੰਘ ਧਾਂਦਰਾ ਜੀ(ਸਕੱਤਰ ਜਰਨਲ ਅਖੰਡ ਅਕਾਲੀ ਦਲ 1920) , ਨਵਜੋਤ ਸਿੰਘ ਸਿੱਧੂ(ਪ੍ਰਧਾਨ ਯੂਥ ਵਿੰਗ 1920) , ਤਜਿੰਦਰ ਸਿੰਘ, ਗੁਰਲਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।