ਔਰਤਾਂ ਵੀ ਐਕਸ਼ਨ ‘ਚ ਹੋਈਆਂ ਸ਼ਾਮਲ

ਕੋਟਕਪੂਰਾ (ਗੁਰਪ੍ਰੀਤ ਸਿੰਘ ਔਲਖ )ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਦੀ ਅਗਵਾਈ ਹੇਠ ਕਿਸਾਨਾਂ ਨੂੰ ਨਾਲ਼ ਲੈ ਕੇ ਕੋਟਕਪੂਰਾ ਹਲਕੇ ਦੇ ਪਿੰਡ ਕੋਟਸੁਖੀਆ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਏ ਪ੍ਰਦਰਸ਼ਨ ‘ਚ ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕਰਦਿਆਂ ਨਾਹਰੇਬਾਜ਼ੀ ਕੀਤੀ। ਇਸ ਦੌਰਾਨ ਔਰਤਾਂ ਵਲੋਂ ਪਿੱਟ-ਸਿਆਪਾ ਵੀ ਕੀਤਾ ਗਿਆ ਅਤੇ ਪਿੰਡ ਦੇ ਸਮਸ਼ਾਨਘਾਟ ਤੱਕ  ਵਿਸ਼ਾਲ ਮਾਰਚ ਕਰਦਿਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਆਪਣੇ ਸੰਬੋਧਨ ‘ਚ ਯੂਨੀਅਨ ਦੇ ਆਗੂ ਘਣੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਭੋਰਾ ਵੀ ਫ਼ਿਕਰ ਨਹੀਂ ਹੈ ਅਤੇ ਕਿਸਾਨਾਂ ਵਾਸਤੇ ਚੰਗੇ ਦਿਨ ਨਹੀਂ ਆਏ। ਸਗੋਂ ਆਰਥਿਕ ਤੰਗੀ ਕਾਰਨ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਜਥੇਬੰਦੀ ਵਲੋਂ ਮੰਗ ਕੀਤੀ ਕਿ ਕਿਸਾਨਾਂ ਅਤੇ ਖੇਤੀ ਨੂੰ ਪੈਰਾਂ ਸਿਰ ਕਰਨ ਲਈ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਖੇਤੀ ਨੂੰ ਲਾਹੇਵੰਦ ਬਣਾਇਆ ਜਾਵੇ, ਫ਼ਸਲਾਂ ਦੇ ਲਾਗਤ ਖ਼ਰਚਿਆਂ ਦੇ ਹਿਸਾਬ ਭਾਅ ਨਿਸਚਿਤ ਕੀਤਾ ਜਾਵੇ, ਸ਼ੁੱਧ ਬੀਜ, ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਆਪਣੀਆਂ ਮੰਗਾਂ ਮਨਾਉਣ ਲਈ ਦਿੱਲੀ ਵੱਲ ਕੂਚ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਚੀਮਾ ਵਿਖੇ ਰੋਕ ਦੇਣ ਦੀ ਵੀ ਤਿੱਖੀ ਆਲੋਚਨਾ ਕੀਤੀ। ਇਸ ਮੌਕੇ ਜਰਨੈਲ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ, ਗਰਦੌਰ ਸਿੰਘ ਢਿੱਲੋਂ, ਜਸਪ੍ਰੀਤ ਕੌਰ, ਬਲਜਿੰਦਰ ਕੌਰ, ਜਗਦੀਪ ਕੌਰ, ਵੀਰਪਾਲ ਕੌਰ ਸਾਬਕਾ ਪੰਚ, ਗੁਰਦੇਵ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਇਕਬਾਲ ਕੌਰ , ਗੁਰਦੀਪ ਕੌਰ, ਸੁਖਜੀਤ ਕੌਰ, ਗੁਰਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।