ਅਹਿਮਦਾਬਾਦ: ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੇ ਹੀਰੇ ਦੀ ਚਮਕ ਫਿੱਕੀ ਪਾ ਦਿੱਤੀ ਹੈ। ਗੁਜਰਾਤ ਦੇ ਸੂਰਤ ‘ਚ 2000 ਹੀਰੇ ਦੇ ਛੋਟੇ ਕਾਰਖਾਨੇ ਬੰਦ ਹੋ ਗਏ ਹਨ। ਫੈਕਟਰੀਆਂ ਦੇ ਬੰਦ ਹੋਣ ਕਾਰਨ ਲੋਕ ਬੇਰੁਜਗਾਰ ਹੋਏ ਹਨ ਤੇ ਭਾਰੀ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਹਨ।
ਸੂਰਤ ਦੇ ਵਰਾਸ਼ਾ ਇਲਾਕੇ ਦਾ ਅਜੇ ਪੇਸ਼ੇ ਵਜੋਂ ਰਤਨ ਕਲਾਕਾਰ ਹੈ। ਉਹ ਪਿਛਲੇ 15 ਸਾਲ ਤੋਂ ਹੀਰਾ ਤਰਾਸ਼ਣ ਦਾ ਕੰਮ ਕਰਦਾ ਆ ਰਿਹਾ ਹੈ। ਹੁਣ ਉਸ ਕੋਲ ਕੰਮ ਨਹੀਂ। ਫੈਕਟਰੀ ਬੰਦ ਪਈ ਹੈ ਤੇ ਅਜੇ ਦੀ ਰੋਜਾਨਾ 600 ਰੁਪਏ ਦੀ ਹੋਣ ਵਾਲੀ ਆਮਦਨੀ ਬੰਦ ਹੋ ਗਈ ਹੈ। ਉਸ ਦੇ ਪਰਿਵਾਰ ‘ਚ 6 ਮੈਂਬਰ ਹਨ, ਜਿਨ੍ਹਾਂ ਦੀ ਜਿੰਮੇਵਾਰੀ ਵੀ ਸਿਰ ‘ਤੇ ਹੈ। ਪ੍ਰੇਸ਼ਾਨ ਹੋਏ ਅਜੇ ਦਾ ਕਹਿਣਾ ਹੈ ਕਿ ਪਿਛਲੇ 15 ਸਾਲ ‘ਚ ਕਦੇ ਅਜਿਹੇ ਹਾਲਾਤ ਨਹੀਂ ਬਣੇ। ਹਾਲਾਤ ਇਹ ਹਨ ਕਿ ਖੁਦਕੁਸ਼ੀ ਕਰਨ ਨੂੰ ਦਿਲ ਕਰ ਰਿਹਾ ਹੈ ਪਰ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਹਰ ਸਾਲ ਕਰੀਬ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੀਰਾ ਨਿਰਯਾਤ ਹੁੰਦਾ ਹੈ। ਇਨ੍ਹਾਂ ‘ਚੋਂ 80 ਫੀਸਦੀ ਤੋਂ ਵੱਧ ਦਾ ਕਾਰੋਬਾਰ ਸੂਰਤ ਤੋਂ ਹੀ ਹੁੰਦਾ ਹੈ। ਸੂਰਤ ‘ਚ ਹੀਰਾ ਤਰਾਸ਼ਣ ਤੇ ਪਾਲਿਸ਼ ਕਰਨ ਦੇ ਕਰੀਬ 4000 ਕਾਰਖਾਨੇ ਹਨ। ਇਨ੍ਹਾਂ ਕਾਰਖਾਨਿਆਂ ‘ਚ 2 ਲੱਖ ਤੋਂ ਵੀ ਵੱਧ ਲੋਕ ਕੰਮ ਕਰਦੇ ਹਨ।