ਨਵੀਂ ਦਿੱਲੀ : ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 31 ਲੱਖ ਰੁਪਏ ਦੇ ਪੁਰਾਣੇ ਨੋਟਾਂ ਸਮੇਤ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਰੇਲਵੇ ਪੁਲਿਸ ਅਨੁਸਾਰ ਚੈਕਿੰਗ ਦੌਰਾਨ ਇਹ ਕਰੰਸੀ ਬਰਾਮਦ ਹੋਈ ਹੈ।

  ਮਿਲੀ ਜਾਣਕਾਰੀ ਅਨੁਸਾਰ ਦੇਵਾਸ਼ੀਸ਼ ਮਹਾਪਾਤਰਾ ਨਾਮਕ ਇੱਕ ਵਿਅਕਤੀ ਬੈਗ ਲੈ ਕੇ ਸਟੇਸ਼ਨ ਉੱਤੇ ਆਇਆ। ਪਰ ਉੱਥੇ ਲੱਗੀ ਸਕੈਨਿੰਗ ਮਸ਼ੀਨ ਵਿੱਚ ਦੇਵਾਸ਼ੀਸ ਨੇ ਬੈਗ ਰੱਖਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਜਦੋਂ ਸੁਰੱਖਿਆ ਅਧਿਕਾਰੀਆਂ ਨੇ ਬੈਗ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਪੁਰਾਣੀ ਕਰੰਸੀ ਬਰਾਮਦ ਹੋਈ।

ਪੁਲਿਸ ਅਨੁਸਾਰ ਦੇਵਾਸ਼ੀਸ ਨੇ ਆਪਣੇ ਆਪ ਨੂੰ ਇੱਕ ਫ਼ਿਲਮੀ ਕਲਾਕਾਰ ਦੱਸਿਆ ਹੈ। ਦੇਵਾਸ਼ੀਸ ਅਨੁਸਾਰ ਇਹ ਪੈਸਾ ਫ਼ਿਲਮ ਵਿੱਚ ਨਿਵੇਸ਼ ਕਰਨ ਦੇ ਮਕਸਦ ਨਾਲ ਲਿਜਾਇਆ ਰਿਹਾ ਸੀ ,ਇਸ ਲਈ ਉਹ ਦਿੱਲੀ ਤੋਂ ਪ੍ਰਸ਼ੋਤਮ ਐਕਸਪ੍ਰੈੱਸ ਰਾਹੀਂ ਉੜੀਸਾ ਜਾ ਰਿਹਾ ਸੀ।

ਇਸ ਦੇ ਨਾਲ ਹੀ  ਚੇਨਈ ਹਵਾਈ ਅੱਡੇ ਵਿਖੇ ਪੰਜ ਲੋਕਾਂ ਕੋਲੋਂ 1.34 ਕਰੋੜ ਰੁਪਏ ਦੀ ਕੀਮਤ ਦੇ 2000 ਰੁਪਏ ਦੇ ਨਵੇਂ ਨੋਟ ਫੜੇ ਗਏ ਹਨ। ਇਨ੍ਹਾਂ ਲੋਕਾਂ ਨੂੰ ਕਾਬੂ ਕਰਕੇ ਪੁੱਛ ਗਿੱਛ ਜਾਰੀ ਹੈ।