ਪਾਟੋਧਾੜ ਹੋਈ ਕੌਂਮ ਦੇ ਪੱਲੇ ਤਾਂ ਖੁਆਰੀਆਂ ਹੀ ਪੈਣਗੀਆਂ,ਸਫਲਤਾ ਦਾ ਰਾਹ ਤਾਂ ਏਕਤਾ ਚੋਂ ਹੀ ਮਿਲ ਸਕਦਾ
ਜੇ ਇਤਿਹਾਸ ਤੇ ਨਜਰ ਮਾਰੀਏ ਤਾਂ ਸਿੱਖ ਮੁੱਢੋਂ ਹੀ ਧੜੇਬੰਦੀਆਂ ਦੇ ਸ਼ਿਕਾਰ ਰਹੇ ਹਨ,ਪ੍ਰੰਤੂ ਮਿਸ਼ਲਾਂ ਵਿੱਚ ਵੰਡੇ ਹੋਣ ਦੇ ਬਾਵਜੂਦ ਵੀ  ਸਿੱਖ ਔਖੀ ਘੜੀ ਚ ਇਕੱਠੇ ਹੋਕੇ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਹਨ । ਮੌਜੂਦਾ ਦੱੌਰ ਅੰਦਰ ਇਹ ਸਮੱਸਿਆ ਖਤਰਨਾਕ ਹੱਦਾਂ ਪਾਰ ਕਰਦੀ ਜਾ ਰਹੀ ਹੈ। ਇਹ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਕੋਈ ਵੀ ਅਜਿਹੀ ਸੰਸਥਾ ਜਾਂ ਜਥੇਬੰਦੀ ਨਹੀ ਜਿਹੜੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਨਾ ਹੋਵੇ। ਸਰੋਮਣੀ ਅਕਾਲੀ ਦਲ, ਨਿਹੰਗ ਸਿੱਘ ਜਥੇਬੰਦੀਆਂ ਦੀ ਸਿਰਕਰਦਾ ਜਥੇਬੰਦੀ ਬੁੱਢਾ ਦਲ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇ ਸਭ ਤੋ ਅਸਰਦਾਰ ਰਹੀ ਸਿੱਖ ਸੰਸਥਾ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਤੋ ਇਲਾਵਾ ਪਰਚਾਰਕਾਂ ਦੀ ਗੱਲ ਕਰ ਲਓ, ਸਾਰੇ ਇੱਕ ਦੂਜੇ ਦੇ ਵਿਰੋਧੀ ਹੀ ਨਹੀ ਬਲਕਿ ਜਾਨੀ ਦੁਸ਼ਮਣ ਬਣੇ ਖੜੇ ਹਨ। ਇਹੋ ਕਾਰਨ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਸਮੇਤ ਸਾਰੀਆਂ ਹੀ ਪਰਬੰਧਕ ਕਮੇਟੀਆਂ ਅਤੇ ਗੁਰਦੁਆਰਾ ਬੋਰਡ ਸਿੱਖ ਦੁਸ਼ਮਣ ਤਾਕਤਾਂ ਦੇ ਪ੍ਰਭਾਵ ਅਧੀਨ ਚੱਲੇ ਗਏ ਹਨ।ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਜੇਕਰ ਸਿੱਖਾਂ ਨੇ ਧੜੇਬੰਦੀਆਂ ਕਾਰਨ ਭਾਰੀ ਨੁਕਸਾਨ ਝੱਲੇ ਹਨ ਤਾਂ ਜਦੋਂ ਵੀ ਸਿੱਖਾਂ ਨੇ ਏਕਤਾ ਨਾਲ ਕੋਈ ਲੜਾਈ ਅਰੰਭ ਕੀਤੀ ਤਾਂ ਉਹਦੇ ਵਿੱਚ ਜਿੱਤਾਂ ਵੀ ਪਰਾਪਤ ਕੀਤੀਆਂ ਹਨ। ਭਾਵੇਂ ਧੜੇਬੰਦੀ ਕਾਰਨ ਖੁੱਸੇ ਬੰਦਾ ਸਿੱਖ ਬਹਾਦੁਰ ਦੇ ਖਾਲਸਾ ਰਾਜ ਦੀ ਗੱਲ ਹੋਵੇ, ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਅਤੇ ਉਸ ਦੇ ਪਤਨ ਦੀ ਗੱਲ ਹੋਵੇ, ਜਾ ਫਿਰ ਮਿਸਲਾਂ ਵਿੱਚ ਵੰਡੇ ਹੋਣ ਦੇ ਬਾਵਜੂਦ ਵੀ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮੱਰਪਿਤ ਹੋ ਕੇ ਦਿੱਲੀ ਵੱਲ ਕੂਚ ਕਰਨ ਵਾਲੇ ਬਾਬਾ ਬਘੇਲ ਸਿੰਘ ਦੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਚੜਾਉਣ ਦੀ ਗੱਲ ਹੋਵੇ,ਜਾਂ ਮੌਜੂਦਾ ਦੱੋਰ ਵਿੱਚ ਆਪਸੀ ਈਰਖਾ ਵੱਸ ਹੋਕੇ ਦਿੱਲੀ ਨਾਲ ਰਲਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕਰਵਾਉਣ ਦੀ ਗੱਲ ਹੋਵੇ ਜਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇੱਕ ਜੁੱਟ ਹੋਕੇ ਸਮੁੱਚੀ ਕੌਮ ਵੱਲੋ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪਰੋਫੈਸਰ ਦਵਿੰਦਰਪਾਲ ਸਿੰਘ ਦੀ ਫਾਸੀ ਰੱਦ ਕਰਵਾਉਣ ਵਿੱਚ ਪਰਾਪਤ ਕੀਤੀ ਸਫਲਤਾ ਦੀ ਗੱਲ ਹੋਵੇ, ਦੋਵਾਂ ਪੱਖਾਂ ਦੇ ਸਪਸਟ ਨਤੀਜੇ ਕੌਂਮ ਦੇ ਸਾਹਮਣੇ ਰਹੇ ਹਨ।ਅੱਜ ਦੇ ਜਾਗਰੂਕ ਦੌਰ ਦੇ ਬਾਵਜੂਦ ਵੀ ਕੌਂਮ ਅੰਦਰ ਸਿੱਖ ਸੰਸਥਾਵਾਂ, ਪਰਚਾਰਕਾਂ ਅਤੇ ਅਤੇ ਸਿਆਸੀ ਸਿੱਖ ਜਥੇਬੰਦੀਆਂ ਦੀਆਂ ਧੜੇਬੰਦੀਆਂ ਕਾਰਨ ਜਿੰਨੀ ਨਿਰਾਸਤਾ ਪਾਈ ਜਾ ਰਹੀ ਹੈ ਇਹ ਵੀ ਬਹੁਤ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਸਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਮੌਕੇ ਸਿੱਖਾਂ ਦੀ ਏਕਤਾ ਲਾਮਿਸ਼ਾਲ ਸੀ ਪਰ ਅਜੰਸੀਆਂ ਦੀ ਭੈੜੀ ਨਜਰ ਕਾਰਨ ਏਕਤਾ ਕੋਈ ਸਾਰਥਿਕ ਨਤੀਜੇ ਤੇ ਪਹੰੁਚਣ ਤੋ ਪਛੜ ਗਈ। ਸਰਬੱਤ ਖਾਲਸਾ 2015 ਦਾ ਲੱਖਾਂ ਦੀ ਗਿਣਤੀ ਵਿੱਚ ਹੋਇਆ ਇਕੱਠ ਵੀ ਕੋਈ ਪਰਾਪਤੀ ਕਰਨ ਤੋ ਇਸ ਲਈ ਚੁਕ ਗਿਆ ਕਿ ਓਥੇ ਵੀ ਕੌਮ ਅੰਦਰ ਸਭ ਅੱਛਾ ਨਹੀ ਸੀ। ਸਰਬੱਤ ਖਾਲਸਾ ਵਿੱਚ ਹੋਏ ਕਈ ਲੱਖ ਦੇ ਇਕੱਠ ਤੋਂ ਸਤੱਰਕ ਹੋਈਆਂ ਕੇਂਦਰੀ ਅਜੰਸੀਆਂ ਨੇ ਉਸ ਤੋ ਬਾਅਦ ਕੌਂਮ ਨੂੰ ਮੁੜ ਇੱਕ ਪਲੇਟਫਾਰਮ ਤੇ ਇਕੱਤਰ ਹੋਣ ਦਾ ਕੋਈ ਮੌਕਾ ਬਨਣ ਹੀ ਨਹੀ ਦਿੱਤਾ, ਬਲਕਿ ਆਏ ਦਿਨ ਖੱਖੜੀਆਂ ਕਰੇਲੇ ਹੋਈਆਂ ਪੰਥਕ ਧਿਰਾਂ ਅਪਣੀ ਅਪਣੀ ਡਫਲੀ ਖੜਕਾਉਦੀਆਂ ਹੀ ਦੇਖੀਆਂ ਜਾ ਸਕਦੀਆਂ ਹਨ। ਕਈ ਪੰਥਕ ਸਖਸ਼ੀਅਤਾਂ ਅਜਿਹੀਆਂ ਵੀ ਹਨ ਜਿੰਨਾਂ ਨੇ ਆਪ ਕਰਨਾ ਕੁੱਝ ਨਹੀ ਹੁੰਦਾ ਤੇ ਕਰਨ ਵਾਲਿਆਂ ਦੇ ਕੋਈ ਨਾ ਕੋਈ ਖੁਨਾਮੀ ਸਿਰ ਮੜਨ ਦੀਆਂ ਬਿਉਤਾਂ ਜਰੂਰ ਬਣਾਉਦੇ ਰਹਿੰਦੇ ਹਨ। ਜੇਕਰ ਇੱਕ ਧੜਾ ਕੋਈ ਚੰਗੀ ਪਹਿਲਕਦਮੀ ਕਰਦਾ ਵੀ ਹੈ ਤਾਂ ਦੂਸਰੇ ਨੇ ਸਾਥ ਦੇਣ ਦੀ ਬਜਾਏ ਉਹਦਾ ਵਿਰੋਧ ਕਰਨਾ ਹੈ,ਕੌਮ ਦੇ ਨੁਕਸਾਨ ਦੀ ਕੋਈ ਪਰਵਾਹ ਨਹੀ, ਉੰਜ ਗੱਲਾਂ ਸਭ ਨੇ ਕੌਮੀ ਅਜਾਦੀ ਦੀਆਂ ਹੀ ਕਰਨੀਆਂ ਹਨ। ਅੱਜ ਤੱਕ ਇਹ ਹੀ ਸਮਝ ਨਹੀ ਲੱਗੀ ਕਿ ਇਹਨਾਂ ਦਾ ਕੌਮੀ ਅਜਾਦੀ ਲਈ ਪਰੋਗਰਾਮ ਕੀ ਹੈ। ਪਰਚਾਰਕ ਵੀਰ ਤਾਂ ਅਜਾਦੀ ਵਾਲੀ ਗੱਲ ਤੋਂ ਹੌਲੀ ਹੌਲੀ ਦੂਰ ਹੀ ਚਲੇ ਗਏ ਹਨ। ਜਿਸ ਤਰਾਂ ਅਸੀ ਡੇਰੇਦਾਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਅਪਣੀ ਐਸ ਪਰਸਤੀ ਲਈ ਗੁਰਬਾਣੀ ਦੇ ਅਰਥ ਵੀ ਬਦਲ ਲਏ ਹਨ, ਉਹਨਾਂ ਨੂੰ ਸਿੱਖ ਕੌਂਮ ਦੇ ਖੋਹੇ ਗਏ ਹੱਕ ਹਕੂਕਾਂ ਨਾਲ ਕੋਈ ਵਾਸਤਾ ਨਹੀ, ਠੀਕ ਉਸੇ ਤਰਾਂ ਹੀ ਸਾਡੇ ਪਰਚਾਰਕ ਵੀ ਸਿੱਖ ਕੌਂਮ ਦੇ ਮੁਢਲੇ ਅਧਿਕਾਰਾਂ ਦੀ ਗੱਲ ਕਰਨ ਤੋਂ ਟਾਲਾ ਵੱਟਣ ਲੱਗੇ ਹਨ।ਜਿਆਦਾ ਜਾਗਰੂਕਤਾ ਨੇ ਕੌਂਮ ਦਾ ਫਾਇਦਾ ਘੱਟ ਤੇ ਨੁਕਸਾਨ ਜਿਆਦਾ ਕੀਤਾ ਹੈ। ਪ੍ਰਚਾਰਕ ਗੁਰਬਾਣੀ ਦੀਆਂ ਗੱਲਾਂ ਘੱਟ ਤੇ ਇੱਕ ਦੂਜੇ ਤੇ ਚਿੱਕੜ ਜਿਆਦਾ ਸੁੱਟਦੇ ਸੁਣੇ ਜਾਂਦੇ ਹਨ। ਸਿੱਖਾਂ ਦੀ ਮੁੱਖ ਰਾਜਨੀਤਕ ਪਾਰਟੀ ਸਰੋਮਣੀ ਅਕਾਲੀ ਦਲ ਨੇ ਸੂਬੇ ਦੀ ਸੂਬੇਦਾਰੀ ਖਾਤਰ ਲੰਮੇ ਸਮੇ ਤੋ ਘੱਟ ਗਿਣਤੀਆਂ ਦੀ ਦੁਸ਼ਮਣ ਜਮਾਤ ਨਾਲ ਸਾਂਝ ਪਾਕੇ ਸਿੱਖੀ ਸਿਧਾਤਾਂ ਨੂੰ ਭਾਰੀ ਢਾਹ ਲਾਈ ਹੈ। ਦਿੱਲੀ ਦੀ ਸ਼ਹਿ ਤੇ ਸਮੂਹ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਪਾੜ ਕੇ ਕਮਜੋਰ ਕਰਨ ਲਈ ਸਾਬਕਾ ਮੁੱਖ ਮੰਤਰੀ ਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦਾ ਕੰਮ ਅਸਾਨ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪੰਜਾਬ ਦਾ ਬੱਚਾ ਬੱਚਾ ਸਿੱਖਾਂ ਨਾਲ ਹੋ ਰਹੇ ਅਨਿਆ ਤੋ ਵਾਕਫ ਹੈ।ਸ੍ਰੀ ਰਹਿਮੰਦਰ ਸਾਹਿਬ ਤੇ ਕਰਵਾਏ ਗਏ ਜੂਨ 1984 ਦੇ ਫੌਜੀ ਹਮਲੇ ਦੀ ਅਸਲੀਅਤ ਵੀ ਹੁਣ ਕਿਸੇ ਤੋ ਭੁੱਲੀ ਨਹੀ। ਫੌਜੀ ਹਮਲੇ ਦੇ ਜੁੰਮੇਵਾਰ ਲੋਕ ਉਹ ਭਾਵੇਂ ਅਕਾਲੀ ਹੋਣ ਜਾਂ ਕਾਂਗਰਸੀ, ਦੋਨੋਂ ਹੀ ਪੰਜਾਬ ਦੇ ਰਾਜ ਭਾਗ ਦੇ ਮਾਲਕ ਬਣੇ ਰਹਿੰਦੇ ਹਨ। ਹੁਣ ਹਾਲਾਤ ਇਹ ਬਣੇ ਹੋਏ ਹਨ ਕੀ ਪੰਜਾਬ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤੇ ਦਿੱਲੀ ਵਿੱਚ ਵੀ ਭਾਵੇਂ ਕੋਈ ਪਾਰਟੀ ਰਾਜ ਕਰਦੀ ਹੋਵੇ,ਸਿੱਖਾਂ ਨਾਲ ਸਲੂਕ ਹਮੇਸਾਂ ਮਾੜਾ ਹੀ ਹੁੰਦਾ ਹੈ। ਸਿੱਖਾਂ ਦੀਆਂ ਦਸਤਾਰਾਂ ਨੂੰ ਪੈਰਾਂ ਹੇਠ ਅਕਾਲੀ ਖੁਦ ਵੀ ਰੋਲਣ ਦੇ ਦੋਸ਼ੀ ਹਨ ਤੇ ਕਾਗਰਸ ਨੂੰ ਤਾਂ ਉਲਾਹਮਾ ਹੀ ਕੀ ਦੇ ਸਕਦੇ ਹਾਂ।ਆਪਸੀ ਪਾਟੋਧਾੜ ਦਾ ਹੀ ਨਤੀਜਾ ਹੈ ਕਿ ਨਾਂ ਤਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜੇ ਗਏ ਹਨ ਤੇ ਨਾਂ ਹੀ ਬੇਅਦਬੀ ਦੇ ਸੰਘਰਸ਼ ਵਿੱਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਕੌਮ ਗਿਰਫਤਾਰ ਕਰਵਾ ਕੇ ਕਟਹਿਰੇ ਵਿੱਚ ਖੜਾ ਕਰਵਾ ਸਕੀ ਹੈ।ਜੇਕਰ ਗੱਲ ਪਿਛਲੇ ਦਿਨੀ ਬੰਦੀ ਸਿੱਖਾਂ ਦੀ ਰਿਹਾਈ ਲਈ ਸ਼ਹੀਦ ਹੋਏ ਭਾਈ ਗੁਰਬਖਸ਼ ਸਿੰਘ ਦੀ ਗੱਲ ਕਰੀਏ, ਤਾਂ ਕਹਿ ਸਕਦੇ ਹਾਂ ਕਿ ਹੁਣ ਕੌਂਮ ਨੂੰ ਅਜਿਹੀਆਂ ਸੱਟਾਂ ਵੀ ਹਲੂਣਾ ਦੇ ਸਕਣ ਵਿੱਚ ਅਸਮਰੱਥ ਹੋ ਚੁੱਕੀਆਂ ਹਨ। ਹੁਣ ਕੋਈ ਗੁਰਬਖਸਾ ਪੁਲਿਸ ਦਾ ਸਤਾਇਆ ਟੈਂਕੀ ਤੋਂ ਛਾਲ ਮਾਰਕੇ ਸ਼ਹਾਦਤ ਪਾ ਜਾਂਦਾ ਹੈ ਤਾ ਸਾਡੇ ਕੋਲ ਉਹਦੇ ਭੋਗ ਤੇ ਜਾਣ ਦਾ ਸਮਾ ਵੀ ਨਹੀ। ਅਪਣੀਆਂ ਕਮਜੋਰੀਆਂ ਛੁਪਾਉਣ ਲਈ ਝੱਟ ਸ਼ਹੀਦ ਹੋਣ ਵਾਲੇ ਦੇ ਮਰਨ ਦੇ ਢੰਗ ਤੇ ਕਿੰਤੂ ਪ੍ਰੰਤੂ ਕਰਕੇ ਘਰ ਬੈਠੇ ਹੀ ਸੁਰਖੁਰੂ ਹੋ ਜਾਂਦੇ ਹਾਂ।ਪਿਛਲੇ ਦਿਨੀ ਭਾਈ ਗੁਰਬਖਸ ਸਿੰਘ ਦੇ ਭੋਗ ਸਮਾਗਮ ਤੇ ਸਿੱਖਾਂ ਦਾ ਬਹੁਤ ਘੱਟ ਗਿਣਤੀ ਵਿੱਚ ਪਹੁੰਚਣਾ ਦੱਸਦਾ ਹੈ ਕਿ ਸਿੱਖ ਕੌਂਮ ਅਜਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਪਛੜ ਗਈ ਹੈ। ਸਿੱਖਾਂ ਨੇ ਗੁਲਾਮੀ ਨੂੰ ਪਰਵਾਨ ਕਰ ਲਿਆ ਹੈ। ਕਿਸੇ ਸਮੇ ਅਫਗਾਨਸਤਾਨ ਤੋ ਚੀਨ ਦੀ ਹੱਦ ਤੱਕ ਪਸਰੇ ਰਾਜ ਖਾਲਸਾ ਦੇ ਵਾਰਸ ਅੱਜ ਅਮ੍ਰਿਤਸਰ ਤੋ ਸੰਭੂ ਬਾਰਡਰ ਤੱਕ ਸਿਮਟ ਕੇ ਰਹਿ ਗਏ ਹਨ। ਸਕਤਿਆਂ ਨੇ ਪੰਜਾਬ ਨੂੰ ਬੁਰੀ ਤਰਾਂ ਛਾਂਗਿਆ ਹੀ ਨਹੀ ਬਲਕਿ । ੳਹਨੂੰ ਅਪਾਹਜ ਬਨਾਉਣ ਤੋਂ ਬਾਅਦ ਉਹਦੇ ਮੁੱਖ ਸੋਮੇ ਉਹਦੇ ਪਵਿੱਤਰ ਪਾਣੀ ਅਤੇ ਪਾਣੀ ਤੋ ਤਿਆਰ ਹੁੰਦੀ ਮੁਫਤ ਬਿਜਲੀ ਵੀ ਧੱਕੇ ਨਾਲ ਖੋਹ ਕੇ ਲਈ ਹੈ।ਸਿੱਖ ਸਿਰ ਸੁੱਟ ਕੇ ਸਾਰਾ ਕੁੱਝ ਰੱਬ ਆਸਰੇ ਛੱਡ ਕੇ ਅਪਣੀ ਹੋਣੀ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਚੁੱਪ ਕਰਦੇ ਦਿਖਾਈ ਦੇ ਰਹੇ ਹਨ।ਸਿੱਖ ਅਜਾਦੀ ਦੀ ਗੱਲ ਕਰਨ ਵਾਲੇ ਵੱਖ ਵੱਖ ਪੰਥਕ ਧੜੇ ਅਪਣੀ ਹਾਉਮੈ ਤਿਆਗਣ ਨੂੰ ਤਿਆਰ ਨਹੀ।ਕਿਸੇ ਆਗੂ ਵਿੱਚ ਤਿਆਗ ਨਾ ਦਾ ਗੁਣ ਦਿਖਾਈ ਨਹੀ ਦਿੰਦਾ। ਚੌਧਰ ਭੁੱਖ ਅਤੇ ਈਰਖਾ ਨੇ ਉਹਨਾਂ ਦੀ ਗੈਰਤ ਨੂੰ ਖਤਮ ਕਰ ਦਿੱਤਾ ਹੈ।ਕੌਮੀ ਜਜ਼ਬਾ ਖੰਭ ਲਾਕੇ ਉਡ ਚੁੱਕਿਆ ਹੈ।ਭਾਈ ਗੁਰਬਖਸ ਸਿੰਘ ਦੇ ਭੋਗ ਅਤੇ ਸੰਗਤੀ ਅਰਦਾਸ ਵਿੱਚ ਪਹੁੰਚੇ ਕੌਮੀ ਆਗੂਆਂ ਦੀ ਸਰਾਹਨਾ ਕਰਨੀ ਬਣਦੀ ਹੈ ਜਿੰਨਾਂ ਨੇ ਅਪਣਿਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਕੌਮੀ ਹਿਤਾਂ ਲਈ  ਮਰ ਮਿਟ ਜਾਣ ਵਾਲੇ ਸਿੰਘ ਦੀ ਅੰਤਮ ਅਰਦਾਸ ਵਿੱਚ ਪਹੁੰਚ ਕੇ ਘੱਟੋ ਘੱਟ ਹਾਂਅ ਦਾ ਨਾਹਰਾ ਤਾ ਮਾਰਿਆ, ਪਰ ਪਾਸਾ ਵੱਟ ਚੁੱਕੇ ਆਗੂਆਂ ਨੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਦਹਰਾਉਣ ਦੀ ਬਜਾਏ ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਸਿੰਘ ਸਹਿਬਾਨਾਂ ਨੂੰ ਨੀਂਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਸੁਰੂ ਕਰ ਦਿੱਤੀਆਂ ਹਨ। ਕੌਂਮ ਦੇ ਇੱਕ ਬਹੁਤ ਹੀ ਸਤਿਕਾਰਯੋਗ ਆਗੂ ਨੇ ਭੋਗ ਤੇ ਨਾ ਜਾਣ ਦਾ ਕਾਰਨ ਵੀ ਇਹ ਦੱਸਿਆ ਕਿ ਓਥੇ ਤਾਂ ਫਲਾਣੇ ਫਲਾਣੇ ਬੰਦੇ ਅੱਗੇ ਲੱਗੇ ਹੋਏ ਸਨ, ਇਸ ਲਈ ਅਸੀ ਨਹੀ ਗਏ।ਹੁਣ ਸਵਾਲ ਇਹ ਉਠਦਾ ਹੈ ਕਿ ਜਿਹੜੇ ਭਾਈ ਗੁਰਬਖਸ ਸਿੰਘ ਦੇ ਭੋਗ ਤੇ ਵੀ ਨਹੀ ਜਾ ਸਕੇ,  ਉਹਨਾਂ ਕੋਲ ਕੀ ਅਧਿਕਾਰ ਹੈ ਕਿ ਉਹ ਉਹਨਾਂ ਲੋਕਾਂ ਤੇ ਸਵਾਲ ਉਠਾਉਣ ਜਿਹੜੇ ਘੱਟੋ ਘੱਟ ਭਾਈ ਸਾਹਿਬ ਦੀ ਸ਼ਹਾਦਤ ਵਾਲੇ ਦਿਨ ਤੋ ਓਥੇ ਹਾਜਰ ਰਹੇ ਹਨ ਤੇ ਗਾਹੇ ਬਗਾਹੇ ਸਿੱਖ ਦੀ ਅਜਾਦੀ ਦੀ ਗੱਲ ਕਰਦੇ ਤਾਂ ਰਹਿੰਦੇ ਹਨ। ਇਹ ਵੀ ਸੋਚਣਾ ਬਣਦਾ ਹੈ ਕਿ ਜੇਕਰ ਇਹ ਲੋਕ ਵੀ ਨਾਂ ਜਾਂਦੇ ਤਾਂ ਓਥੇ ਕੌਣ ਹੋਣਾ ਸੀ। ਪਾਟੋਧਾੜ ਕਾਰਨ ਹਮੇਸਾਂ ਕੌਂਮ ਜਿੱਤ ਕੇ ਹਾਰ ਜਾਂਦੀ ਹੈ। ਸੋ ਅਜਿਹਾ ਵਰਤਾਰਾ ਕੌਮ ਦੇ ਹਿਤਾਂ ਨੂੰ ਭਾਰੀ ਢਾਹ ਲਾਉਣ ਵਾਲਾ ਹੈ।ਏਕਤਾ ਤੋਂ ਬਗੈਰ ਸਭ ਗੱਲਾਂ ਫਜੂਲ ਹੀ ਸਮਝਣੀਆਂ ਚਾਹੀਦੀਆਂ ਹਨ, ਇਸ ਲਈ ਵੱਖ ਵੱਖ ਪੰਥਕ ਧੜਿਆਂ, ਸਿੱਖ ਸੰਸਥਾਵਾਂ ਅਤੇ ਪਰਚਾਰਕਾਂ ਨੂੰ ਕੌਮੀ ਹਿਤਾਂ ਦੇ ਮੱਦੇਨਜ਼ਰ ਅਪਣੀ ਹਾਉਮੈ ਨੂੰ ਤਿਆਗ ਕੇ ਸਿਰ ਜੋੜਕੇ ਬੈਠਣ ਦੇ ਯਤਨ ਕਰਨੇ ਚਾਹੀਦੇ ਹਨ,ਤਾ ਕਿ ਲੰਮੇ ਸਮੇ ਤੋ ਜੇਲ੍ਹਾਂ ਵਿੱਚ ਸੜਦੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਇਸ ਤੋਂ ਇਲਾਵਾ ਦਿੱਲੀ ਤੋ ਅਪਣੇ ਖੋਹੇ ਹੋਏ ਹੱਕ ਵਾਪਸ ਲੈਣ ਦੀ ਬਿੳਂਤਬੰਦੀ ਬਣ ਸਕੇ।

ਬਘੇਲ ਸਿੰਘ ਧਾਲੀਵਾਲ
99142-58142