ਬਾਘਾਪੁਰਾਣਾ (ਬਿਊਰੋ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਅੱਜ ਗੁਰਦੁਆਰਾ ਸ਼੍ਰੀ ਮਸਤਾਨ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਜਿਸਦੀ ਪ੍ਰਧਾਨਗੀ ਗੁਰਦਰਸ਼ਨ ਸਿੰਘ ਕਾਲੇਕੇ ਨੇ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਐੱਨ.ਆਰ.ਆਈ. ਬਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਕਾਲੇਕੇ ਵੀ ਹਾਜ਼ਰ ਸਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਮੀਤ ਪ੍ਰਧਾਨ ਸੁਖਮੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਆਖਿਆ ਜੋ 2 ਅਪ੍ਰੈਲ ਨੂੰ ਦਲਿਤ ਭਾਈਚਾਰੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਫੂਕ ਨਿਕਲ ਗਈ ਹੈ । ਇਸਤੋਂ ਇਹ ਸਾਹਮਣੇ ਆਇਆ ਹੈ ਆਪਣੇ ਹੱਕਾਂ ਦੀ ਖਾਤਰ ਲੜ੍ਹਨ ਵਾਲੇ ਕਦੇ ਵੀ ਸਮੇਂ ਦੀਆਂ ਸਰਕਾਰਾਂ ਅੱਗੇ ਨਹੀਂ ਝੁਕਦੇ ਹੱਕਾਂ ਦੀ ਖਾਤਰ ਡਟ ਕੇ ਪਹਿਰਾ ਦਿੰਦੇ ਹਨ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਵੱਧ ਤੋਂ ਵੱਧ ਆਪਣੇ ਕੰਮਕਾਰਾਂ ਨੂੰ ਛੱਡਦੇ ਹੋਏ ਸੰਘਰਸ਼ਾਂ ਵਿੱਚ ਹਿੱਸਾ ਪਾਇਆ ਕਰੋ । ਇਸ ਮੌਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਆਉਣ ਵਾਲੀ ਕਣਕ ਦੀ ਫ਼ਸਲ ਜਲਦੀ ਮੰਡੀਆਂ ਵਿੱਚ ਆ ਜਾਵੇਗੀ ਉਸ ਲਈ ਖ਼ਰੀਦ ਪ੍ਰਬੰਧ ਮੁਕੰਮਲ ਕਰਵਾਏ ਜਾਣ ਤੇ ਕਿਸਾਨਾਂ ਲਈ ਮੰਡੀਆਂ ਵਿੱਚ ਚੰਗਾ ਪਾਣੀ, ਪੀਣ ਵਾਲਾ ਅਤੇ ਬੈਠਣ ਲਈ ਛਾਂ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ । ਇਸ ਮੌਕੇ ਹਾਜ਼ਰ ਆਗੂ ਨਛੱਤਰ ਸਿੰਘ, ਦਰਸ਼ਨ ਸਿੰਘ ਉਗੋਕੇ, ਮੋਹਣ ਸਿੰਘ ਚੰਨੂੰ ਵਾਲਾ, ਸੁਰਿੰਦਰ ਸਿੰਘ, ਜੀਤ ਸਿੰਘ ਬੀ.ਪੀ., ਤੇਜ ਸਿੰਘ ਚੱਡਾ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਭਲੂਰ, ਇਕਬਾਲ ਸਿੰਘ, ਭੁਪਿੰਦਰ ਸਿੰਘ ਸਮਾਧ ਭਾਈ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਨੱਥੋਕੇ ਤੇ ਇਹਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ ।