ਚੰਡੀਗ੍ਹੜ (Yespunjab ਤੋਂ ਧੰਨਵਾਦ ਸਹਿਤ) :  ਪੰਜਾਬ ਦੇ ਇਕ ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਸ੍ਰੀ ਸਿਧਾਰਥ ਚੱਟੋਪਾਧਿਆਏ (ਡੀ.ਜੀ.ਪੀ. ਐੱਚ.ਆਰ.ਡੀ.) ਨੇ ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. ਇੰਟੈਲੀਜੈਂਸ ਸ੍ਰੀ ਦਿਨਕਰ ਗੁਪਤਾ ’ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੇ ਇਹ ਹਮ-ਕੈਡਰ ਅਧਿਕਾਰੀ ਉਨ੍ਹਾਂ ਨੂੰ ਇੰਦਰਜੀਤ ਸਿੰਘ ਚੱਢਾ ਮਾਮਲੇ ਵਿਚ ਫ਼ਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।  
ਮਹੱਤਵਪੂਰਨ ਗੱਲ ਇਹ ਹੈ ਕਿ ਸ੍ਰੀ ਚਟੋਪਾਧਿਆਏ, ਜੋ ਡਰੱਗਜ਼ ਮਾਮਲੇ ਵਿਚ ਬਣੀ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਮੁਖੀ ਹਨ, ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਸ ਲਈ ਫ਼ਸਾਇਆ ਜਾ ਰਿਹਾ ਹੈ ਕਿਉਂਕਿ ਬਤੌਰ ਐਸ.ਆਈ.ਟੀ. ਮਖੀ ਉਹ ਮੋਗਾ ਦੇ ਐਸ.ਐਸ.ਪੀ. ਸ: ਰਾਜਜੀਤ ਸਿੰਘ ਦੀ ਡਰੱਗਜ਼ ਮਾਮਲੇ ਵਿਚ ਭੂਮਿਕਾ ਸੰਬੰਧੀ ਜਾਂਚ ਕਰ ਰਹੇ ਹਨ।  ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਰੋੜਾ ਅਤੇ ਸ੍ਰੀ ਗੁਪਤਾ ਸ: ਰਾਜਜੀਤ ਸਿੰਘ ਨੂੰ ਬਚਾਉਣਾ ਚਾਹੁੰਦੇ ਹਨ ਇਸ ਲਈ ਚੱਢਾ ਮਾਮਲੇ ਵਿਚ ਉਨ੍ਹਾਂ ਦੁਆਲੇ ਘੇਰਾ ਤੰਗ ਕੀਤਾ ਜਾ ਰਿਹਾ ਹੈ।  ਵਰਨਣਯੋਗ ਹੈ ਕਿ ਸ੍ਰੀ ਚੱਟੋਪਾਧਿਆਏ ਦੀ ਅਗਵਾਈ ਵਾਲੀ ਐਸ.ਆਈ.ਟੀ. ਵਿਚ ਦੋ ਹੋਰ ਆਈ.ਪੀ.ਐਸ. ਅਧਿਕਾਰੀ ਸ੍ਰੀ ਪ੍ਰਬੋਧ ਕੁਮਾਰ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਿਲ ਹਨ।
ਉਂਜ ਇਹ ਵੀ ਜ਼ਿਕਰਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਜੀਤ ਸਿੰਘ ਚੱਢਾ ਵੱਲੋਂ ਖੁਦੁਕੁਸ਼ੀ ਕੀਤੇ ਜਾਣ ਮਗਰੋਂ ਪ੍ਰਾਪਤ ਉਨ੍ਹਾਂ ਦੇ ‘ਸੁਸਾਈਡ ਨੋਟ’ ਵਿਚ ਸ੍ਰੀ ਚਟੋਪਾਧਿਆਏ ਦਾ ਨਾਂਅ ਵੀ ਦਰਜ ਹੈ। ਵਰਨਣਯੋਗ ਹੈ ਕਿ ਇਸ ਮਾਮਲੇ ਵਿਚ 11 ਵਿਅਕਤੀਆਂ ’ਤੇ ਮੁਕੱਦਮਾ ਦਰਜ ਹੈ ਅਤੇ ਹੁਣ ਤਕ 9 ਗਿਰਫ਼ਤਾਰੀਆਂ ਹੋ ਚੁੱਕੀਆਂ ਹਨ।
ਇਸ ਸੰਬੰਧੀ ਸ੍ਰੀ ਚਟੋਪਾਧਿਆਏ ਵੱਲੋਂ ਹਾਈਕੋਰਟ ਵਿਚ ਵੀਰਵਾਰ ਨੂੰ ਇਕ ਪਟੀਸ਼ਨ ਪਾਈ ਗਈ ਸੀ ਜਿਸ ’ਤੇ ਅੱਜ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਜੱਜ ਸ੍ਰੀ ਸੂਰਿਆ ਕਾਂਤ ਨੇ ਸ੍ਰੀ ਚੱਟੋਪਾਧਿਆਏ ਦੇ ਖਿਲਾਫ਼ ਇੰਦਰਜੀਤ ਸਿੰਘ ਚੱਢਾ ਮਾਮਲੇ ਵਿਚ ਅਗਲੇਰੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ।  ਹਾਈ ਕੋਰਟ ਨੇ ਇਸ ਮਾਮਲੇ ਵਿਚ ਅਗਲੀ ਪੇਸ਼ੀ 23 ਅਪ੍ਰੈਲ ਲਈ ਨਿਰਧਾਰਿਤ ਕੀਤੀ ਹੈ।
ਵਰਨਣਯੋਗ ਹੈ ਕਿ ਸ੍ਰੀ ਚਟੋਪਾਧਿਆਏ ਦਾ ਨਾਂਅ ਇੰਦਰਜੀਤ ਸਿੰਘ ਚੱਢਾ ਦੇ ਖੁਦਕਬੁਸ਼ੀ ਨੋਟ ਵਿਚ ਆਉਣ ਮਗਰੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਲਗਪਗ ਮਹੀਨਾ ਪਹਿਲਾਂ ਸ੍ਰੀ ਚਟੋਪਾਧਿਆਏ ਨੂੰ ਇਕ ਪ੍ਰਸ਼ਨ ਸੂਚੀ ਭੇਜੀ ਗਈ ਸੀ ਜਿਸ ਵਿਚ ਉਨ੍ਹਾਂ ਤੋਂ ਕੇਸ ਦੇ ਸੰਬੰਧ ਵਿਚ ਕਈ ਸਵਾਲ ਕੀਤੇ ਗਏ ਸਨ। ਸ੍ਰੀ ਚੱਟੋਪਾਧਿਆਏ ਨੇ ਉਸ ਪ੍ਰਸ਼ਨ ਸੂਚੀ ਦੇ ਸੰਬੰਧ ਵਿਚ ਐਸ.ਆਈ.ਟੀ. ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸੰਬੰਧਿਤ ਜਾਣਕਾਰੀ ਹਾਸਿਲ ਕਰਨ ਲਈ ਲਈ ਆਰ.ਟੀ.ਆਈ. ਐਕਟ ਤਹਿਤ ਐਨ.ਆਰ.ਆਈ. ਵਿੰਗ ਤੋਂ ਸੂਚਨਾ ਦੀ ਮੰਗ ਕੀਤੀ ਹੈ ਅਤੇ ਜਿਵੇਂ ਹੀ ਸੂਚਨਾ ਮਿਲੇਗੀ ਉਹ ਤਿੰਨ ਦਿਨ ਦੇ ਅੰਦਰ ਉਸ ਸੂਚਨਾ ਦੇ ਆਧਾਰ  ’ਤੇ ਉਹ ਐਸ.ਆਈ.ਟੀ. ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਦੇਣਗੇੇ।
ਸ੍ਰੀ ਚੱਟੋਪਾਧਿਆਏ ਲਈ ਹਾਈ ਕੋਰਟ ਵਿਚ ਜਾਣ ਦਾ ਫ਼ੌਰੀ ਕਾਰਨ ਇਹ ਬਣਿਆ ਕਿ ਉਨ੍ਹਾਂ ਨੂੰ ਚੱਢਾ ਖੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵੱਲੋਂ ਇਕ ਹੋਰ ਸਵਾਲ ਸੂਚੀ ਭੇਜਦਿਆਂ ਛੇਤੀ ਜਵਾਬ ਮੰਗੇ ਗਏ ਸਨ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਜਵਾਬ ਨਾ ਦਿੱਤੇ ਤਾਂ ਐਸ.ਆਈ.ਟੀ. ਕੋਲ ਉਪਲਬਧ ਜਾਣਕਾਰੀ ਨੂੰ ਮੌਕੇ ਦੇ ਸਬੂਤਾਂ ਤਹਿਤ ਮਾਮਲੇ ’ਚ ਦਰਜ ਕਰ ਲਿਆ ਜਾਵੇਗਾ।
ਯਾਦ ਰਹੇ ਕਿ ਸੁਸਾਈਡ ਨੋਟ ਵਿਚ ਸ: ਚੱਢਾ ਨੇ ਦੋਸ਼ ਲਗਾਏ ਸਨ ਕਿ ਉਸ ਵੇਲੇ ਐਨ.ਆਰ.ਆਈ. ਕਮਿਸ਼ਨ ਵਿਚ ਤਾਇਨਾਤ ਸ੍ਰੀ ਚੱਟੋਪਾਧਿਆਏ ਦੇ ਸੰਬੰਧ ਡਬਲਯੂ. ਡਬਲਯੂ.ਆਈ.ਸੀ.ਐਸ. ਦੇ ਮਾਲਕ ਸੇਵਾਮੁਕਤ ਕਰਨਲ ਬੀ.ਐਸ. ਸੰਧੂ ਨਾਲ ਸਨ ਅਤੇ ਉਨ੍ਹਾਂ ਦੇ ਬੇਟੇ ਦਵਿੰਦਰ ਸੰਧੂ ਤੋਂ ਇਲਾਵਾ ਕੇ. ਘੁੰਮਣ ਆਦਿ ਵਿਚ ਮਿਲੀਭੁਗਤ ਸੀ ਜਿਸਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਲੰਘੀ 15 ਮਾਰਚ ਨੂੰ ਵੀ ਸ੍ਰੀ ਚੱਟੋਪਾਧਿਆਏ ਨੇ ਆਪਣੀ ‘ਤਕਲੀਫ਼’ ਦਾ ਜ਼ਿਕਰ ਹਾਈ ਕੋਰਟ ਵਿਚ ਕਰਦਿਆਂ ਜੱਜ ਤੋਂ ਉਨ੍ਹਾਂ ਦੀ ਗੱਲ ਵੱਖਰੇ ਸੁਣੇ ਜਾਣ ਦੀ ਮੰਗ ਕੀਤੀ ਸੀ।  ਵਰਨਣਯੋਗ ਹੈ ਕਿ ਡਰੱਗਜ਼ ਮਾਮਲੇ ਵਿਚ ਐਸ.ਐਸ.ਪੀ. ਸ: ਰਾਜਜੀਤ ਸਿੰਘ ਦੇ ਖਿਲਾਫ਼ ਜਾਂਚ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੀਤੀ ਜਾ ਰਹੀ ਹੈ ਅਤੇ ਐਸ.ਆਈ.ਟੀ. ਦਾ ਗਠਨ ਵੀ ਹਾਈ ਕੋਰਟ ਵੱਲੋਂ ਹੀ ਕੀਤਾ ਗਿਆ ਸੀ। ਉਸ ਵੇਲੇ ਕੇਸ ਦੀ ਸੁਣਵਾਈ ਕਰ ਰਹੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸ਼ੇਖ਼ਰ ਧਵਨ ਨੇ ਸ੍ਰੀ ਚੱਟੋਪਾਧਿਆਏ ਵੱਲੋਂ ਚਿੰਤਾ ਜ਼ਾਹਿਰ ਕੀਤੇ ਜਾਣ ’ਤੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਜਿਹੜੀ ਗੱਲ ਉਹ ਕਹਿਣਾ ਚਾਹੁੰਦੇ ਹਨ ਉਹ ਕੇਂਦਰ ਨਾਲ ਸੰਬੰਧਤ ਹੈ ਜਾਂ ਪੰਜਾਬ ਨਾਲ। ਇਸ ਤੇ ਉਨ੍ਹਾਂ ਕਿਹਾ ਸੀ ਕਿ ਕੇਂਦਰ ਵੱਲੋਂ ਤਾਂ ਸਭ ਠੀਕ ਠਾਕ ਹੈ ਅਤੇ ਇਹ ਮਾਮਲਾ ਰਾਜ ਨਾਲ ਹੀ ਸੰਬੰਧਤ ਹੈ।
ਇਸ ਮਗਰੋਂ ਜੱਜ ਸਾਹਿਬਾਨ ਨੇ ਸ੍ਰੀ ਚੱਟੋਪਾਧਿਆਏ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੂੰ ਆਪਣੇ ਚੈਂਬਰ ਵਿਚ ਬੁਲਾ ਕੇ ਉਨ੍ਹਾ ਦੀ ਗੱਲ ਸੁਣੀ ਸੀ ਅਤੇ ਉਨ੍ਹਾਂ ਨੂੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅੱਗੇ ਤੋਂ ਲੋੜ ਲੱਗੇ ਤਾਂ ਉਹ ਮਾਮਲਾ ਮੁੜ ਹਾਈ ਕੋਰਟ ਦੇ ਧਿਆਨ ਵਿਚ ਲਿਆ ਸਕਦੇ ਹਨ।