ਇਸਲਾਮਾਬਾਦ: ਪਾਕਿ ਸੰਸਦ ਦੇ ਉੱਪਰੀ ਸਦਨ ਨੇ ਭ੍ਰਿਸ਼ਟਾਚਾਰ ਖਤਮ ਕਰਨ ਤੇ ਲੋਕਾਂ ਨੂੰ ਟੈਕਸ ਭਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ 5000 ਰੁਪਏ ਦਾ ਨੋਟ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਸਰਕਾਰ ਨੋਟ ਬੰਦ ਕਰਨ ਦੇ ਹੱਕ ਨਹੀਂ।

ਸਦਨ ਦੇ ਇਸ ਮਤੇ ਦਾ ਵਿਰੋਧ ਕਰ ਰਹੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਜ਼ਾਹਿਦ ਹਾਮਿਦ ਨੇ ਕਿਹਾ ਕਿ ਪੰਜ ਹਜ਼ਾਰ ਰੁਪਏ ਦਾ ਨੋਟ ਬੰਦ ਕਰਨ ਨਾਲ ਪਾਕਿਸਤਾਨ ਦੀਆਂ ਵਪਾਰਕ ਗਤੀਵਿਧਆਂ ‘ਚ ਕਾਫੀ ਮੁਸ਼ਕਲਾਂ ਪੈਦਾ ਹੋਣਗੀਆਂ।

ਪਾਕਿਸਤਾਨ ਟੂਡੇ ਮੁਤਾਬਕ ਨੋਟਬੰਦੀ ਦਾ ਪ੍ਰਸਤਾਵ ਪੇਸ਼ ਕਰਨ ਵਾਲੇ ਸੀਨੇਟਰ ਉਸਮਾਨ ਸੈਫੁੱਲਾ ਖਾਨ ਨੇ ਕਿਹਾ ਕਿ 5 ਹਜ਼ਾਰ ਰੁਪਏ ਦੇ ਨੋਟ ਦੀ ਵਰਤੋਂ ਗੈਰਕਾਨੂੰਨੀ ਲੈਣ-ਦੇਣ ‘ਚ ਵਧ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰ ਨੂੰ ਇਹ ਵਾਪਸ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਭਾਰਤ ਵਾਂਗ ਇਸ ਨੂੰ ਫੌਰੀ ਪ੍ਰਭਾਵ ਨਾਲ ਬੰਦ ਨਾ ਕਰਕੇ ਹੌਲੀ-ਹੌਲੀ ਬਾਜ਼ਾਰ ਵਿੱਚੋਂ ਖਤਮ ਕੀਤਾ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਪਾਕਿਸਤਾਨ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਕਰ ਵਿਵਸਥਾ ਤੋਂ ਬਾਹਰ ਹੈ। ਸਰਕਾਰ ਨੇ ਪਾਕਿਸਤਾਨ ਦੀ ਕਰ ਪ੍ਰਣਾਲੀ ਵਿੱਚ ਇਸ ਵੱਡੇ ਹਿੱਸੇ ਨੂੰ ਸ਼ਾਮਲ ਕਰਨ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਾ ਵੀ ਐਲਾਨ ਕੀਤਾ ਹੈ। ਪਾਕਿਸਤਾਨ ਵਿੱਚ 3.3 ਟ੍ਰਿਲੀਅਨ ਰੁਪਏ ਦੀ ਨਗਦੀ ਵਿੱਚ ਇੱਕ ਤਿਹਾਈ ਹਿੱਸਾ 5000 ਰੁਪਏ ਦੇ ਨੋਟਾਂ ਦਾ ਹੈ।