ਚੰਡੀਗ੍ਹੜ (ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਘੇ ਵਕੀਲ ਪ੍ਰਦੂਮਨ ਗਰਗ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਚੇਅਰਮੈਨ ਬਾਰ ਕੌਂਸਲ ਚੰਡੀਗ੍ਹੜ ਨੂੰ ਇਕ ਮੰਗ ਪੱਤਰ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਨਵੇਂ ਵਕੀਲਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਹੈ ਤੇ ਕੁਝ ਸੁਝਾਵ ਵੀ ਭੇਜੇ ਹਨ ਜਿਸ ਮੁਤਾਬਿਕ ਨਵੇਂ ਇਨਰੋਲ ਹੋਏ ਵਕੀਲਾਂ ਨੂੰ ਚੰਡੀਗੜ੍ਹ ਹਾਈ ਕੋਰਟ ਵਿਖੇ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕਦੀ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਜੋ ਨਵੇਂ ਵਕੀਲ ਲੱਖਾਂ ਰੁਪਈਆ ਆਪਣੀ ਡਿਗਰੀ ਉੱਪਰ ਖਰਚ ਕਰਕੇ ਹਾਈਕੋਰਟ ਆਉਂਦੇ ਹਨ, ਉਨ੍ਹਾਂ ਨੂੰ ਇਥੇ ਬਰੋਬਰ ਕੇਸ ਨਹੀਂ ਮਿਲਦੇ ਜਿਸ ਕਰਕੇ ਜਾਂ ਤਾਂ ਉਹ ਬਹੁਤ ਹੀ ਵੱਡੇ ਆਰਥਿਕ ਘਾਟੇ ਚ ਚਲਦੇ ਹਨ ਜਾਂ ਉਹ ਵਕਾਲਤ ਛੱਡ ਹੋਰ ਕਿੱਤਿਆਂ ਵਿਚ ਰੁੱਜ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਲਿਖਤੀ ਮੰਗ ਕੀਤੀ ਕਿ ਜਿਨ੍ਹਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਨੌਜਵਾਨ ਵਕੀਲਾਂ ਦਾ ਤਜਰਬਾ 3 ਸਾਲ ਤੋਂ ਘੱਟ ਹੈ ਤੇ ਸਾਲ ਦੀ ਆਮਦਨੀ 1 ਲੱਖ ਰੁਪਏ ਤੋਂ ਘੱਟ ਹੈ ਉਨ੍ਹਾਂ ਨੂੰ ਸਰਕਾਰ ਵਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਵਕਾਲਤ ਦੀ ਪੜ੍ਹਾਈ ਦੇ ਬੇਸ ਤੇ ਨੌਜਵਾਨਾਂ ਨੂੰ ਨੌਕਰੀ ਦਵਾਉਣ ਵਿਚ ਮਦਦ ਕਰਨ ਵਾਲੀ ਏਜੰਸੀ ਦੀ ਸਥਾਪਨਾ ਵੀ ਹੋਣੀ ਚਾਹੀਦੀ ਹੈ।