(ਭਾਰਤ – ਪਾਕ ਸਰਹੱਦੀ ਇਲਾਕੇ ਵਿਚੋ 4 ਕਰੋੜ ਦੀ ਹੈਰੋਇਨ ਕੀਤੀ ਬਰਾਮਦ)

ਫਿਰੋਜ਼ਪੁਰ,ਗੁਰੂਹਰਸਹਾਏ  (ਸੰਦੀਪ ਕੰਬੋਜ ਜਈਆ) – ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਨੇ ਭਾਰਤ-ਪਾਕਿ ਸਰਹੱਦ ਫਿਰੋਜ਼ਪੁਰ ਦੀ ਬੀ. ਓ. ਪੀ. ਜਗਦੀਸ਼ ਦੇ ਇਲਾਕੇ ਵਿਚੋਂ 900 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ।ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ ਕਰੀਬ ਸਾਢੇ 4 ਕਰੋੜ ਰੁਪਏ ਹੈ।  ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੇ ਕੁਲਦੀਪ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਸੇ ਮਾਮਲੇ ਦੇ ਸਬੰੰਧ ‘ਚ ਅੰਮ੍ਰਿਤਸਰ ਦੀ ਜੇਲ ‘ਚ ਬੰਦ ਸੀ ਉਹ ਜੇਲ ਦੇ ਅੰਦਰ ਹੀ ਨੈਟ ਚੱਲਾ ਰਿਹਾ ਸੀ।ਉਨ੍ਹਾਂ ਕਿਹਾ ਕਿ ਉਸ ਨੇ ਜੇਲ ਵਿਚ ਹੀ ਪਾਕਿ ਤਸਕਰਾਂ ਦੇ ਨਾਲ ਸੰਪਰਕ ਕਰਕੇ ਜਗਦੀਸ਼ ਬੀ.ਓ.ਪੀ ਦੇ ਰਾਸਤੇ ਤੋਂ ਹੈਰੋਇਨ ਮੰਗਵਾਈ ਸੀ।ਉਹ ਭਾਰਤੀ ਸਮਗਲਰਾਂ ਦੇ ਨਾਲ ਮਿਲ ਕੇ ਇਸ ਹੈਰੋਇਨ ਨੂੰ ਇਥੋ ਦੀ ਕੱਢ ਕੇ ਅੱਗੇ ਭੇਜਣ ਦੀ ਰਾਹ ਵੇਖ ਰਿਹਾ ਸੀ ਪਰ ਇਸ ਗੱਲ ਦੀ ਐੱਸ.ਟੀ. ਐੱਫ. ਫਿਰੋਜ਼ਪੁਰ ਦੇ ਇੰਚਾਰਜ ਅਸ਼ਵਨੀ ਕੁਮਾਰ ਅਤੇ ਏ. ਐੱਸ.ਆਈ. ਸੁਰੇਸ਼ ਮਨਚੰਦਾ ਆਦਿ ਨੂੰ ਗੁਪਤ ਸੂਚਨਾ ਮਿਲ ਗਈ। ਇਸ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਨੇ ਇੰਸਪੈਕਟਰ ਅਸ਼ਵਨੀ ਕੁਮਾਰ ਸ਼ਰਮਾ, ਏ. ਐੱਸ.ਆਈ. ਸੁਰੇਸ਼ ਮਨਚੰਦਾ, ਜਸਵੰਤ ਸਿੰਘ ਮੰਗਲ ਸਿੰਘ ਅਤੇ ਐੱਚ. ਸੀ. ਸ਼ੇਰ ਸਿੰਘ, ਮੁਖਤਿਆਰ ਸਿੰਘ ਦੀ ਅਗਵਾਈ ‘ਚ ਭਾਰਤ-ਪਾਕਿ ਸਰਹੱਦ ਫਿਰੋਜ਼ਪੁਰ ਦੀ ਬੀ.ਓ. ਪੀ. ਜਗਦੀਸ਼ ਦੇ ਇਲਾਕੇ ‘ਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਨਾਲ ਮਿਲ ਕੇ 900 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਪੁਲਿਸ ਨੇ ਹਰਵਿੰਦਰ ਸਿੰਘ ਦੇ ਖਿਲਾਫ ਪੁਲਸ ਨੇ ਥਾਣਾ ਸਦਰ ਫਿਰੋਜ਼ਪੁਰ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।