ਆਸ ਕਰਨੀ ਬਣਦੀ ਹੈ ਕਿ ਇੱਕ ਜੂਨ ਤੱਕ ਸਮੁੱਚੀਆਂ ਪੰਥਕ ਧਿਰਾਂ ਅਪਣੇ ਗੁੱਸੇ ਗਿਲਿਆਂ ਨੂੰ ਭੁੱਲ ਕੇ ਪੰਥ ਦੀ ਚੜਦੀ ਕਲਾ ਲਈ ਏਕਤਾ ਦਾ ਪੱਲਾ ਫੜਨ ਲਈ ਸੁਹਿਰਦਤਾ ਨਾਲ ਅਪਣਾ ਫਰਜ ਅਦਾ ਕਰਨਗੀਆਂ
ਜਦੋਂ ਜੂਨ 2015 ਤੋਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਬਾਂਅਦ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਇਸ ਅਸਹਿ ਅਨੱਰਥ ਦੇ ਖਿਲਾਫ ਖਾਲਸਾ ਪੰਥ ਅੰਦਰ ਫੈਲਿਆ ਗੁੱਸਾ ਵਿਰਾਟ ਰੂਪ ਧਾਰਨ ਕਰ ਗਿਆ। ਨਾ ਬੇਅਦਬੀਆਂ ਨੂੰ ਠੱਲ ਪਈ ਤੇ ਨਾ ਹੀ ਸਿੱਖ ਕੌਂਮ ਦੇ ਗੁੱਸੇ ਨੂੰ ਥੰਮਿਆ ਜਾ ਸਕਿਆ। ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸਾਂ ਤੇ ਪੰਜਾਬ ਪੁਲਿਸ ਨੇ ਸਾਂਤਮਈ ਰੋਸ ਪਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਉੱਤੇ ਪਾਣੀ ਦੀਆਂ ਵੁਛਾੜਾਂ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਦਰਜਨਾਂ ਸਿੱਖ ਉਸ ਗੋਲੀਕਾਂਡ ਵਿੱਚ ਗੰਭੀਰ ਰੂਪ ਵਿੱਚ ਜਖਮੀ ਵੀ ਹੋਏ, ਪਰ ਸਰਕਾਰ ਸਿੱਖ ਰੋਹ ਨੂੰ ਠੱਲ੍ਹ ਨਾ ਪਾ ਸਕੀ। ਉਸ ਮੌਕੇ ਸਿੱਖ ਕੌਂਮ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਫੈਸਲਾਕੁਨ ਲੜਾਈ ਲੜਨਾ ਚਾਹੁੰਦੀ ਸੀ, ਜਿਸ ਲਈ ਖੱਖੜੀਆਂ ਕਰੇਲੇ ਹੋਈ ਸਿੱਖ ਲੀਡਰਸ਼ਿੱਪ ਨੂੰ ਇੱਕ ਨਿਸਾਨ ਸਾਹਿਬ ਹੇਠਾਂ ਇਕੱਤਰ ਕਰਨ ਲਈ ਕੌਮੀ ਏਕਤਾ ਦਾ ਹੋਣਾ ਬਹੁਤ ਜਰੂਰੀ ਸਮਝਿਆ ਗਿਆ।ਇਸ ਆਸ਼ੇ ਦੀ ਪੂਰਤੀ ਲਈ ਪੁਰਾਤਨ ਸਿੱਖ ਰਵਾਇਤ ਸਰਵੱਤ ਖਾਲਸਾ ਦੀ ਜਰੂਰਤ ਮਹਿਸੂਸ ਕੀਤੀ ਗਈ। ਨਵੰਬਰ 2015 ਦਾ ਸਰਵੱਤ ਖਾਲਸਾ ਖਾਲਸੇ ਦੀ ਇੱਕਮੁੱਠਤਾ ਦਾ ਸ਼ਿਖਰ ਹੋ ਨਿਬੜਿਆ, ਜਿੱਥੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਤੋ ਲੱਖਾਂ ਦੀ ਗਿਣਤੀ ਵਿੱਚ ਹੋਏ ਸਿੱਖ ਸੰਗਤਾਂ ਦੇ ਠਾਠਾਂ ਮਾਰਦੇ ਇੱਕੱਠ ਨੇ ਸੂਬਾ ਸਰਕਾਰ ਹੀ ਨਹੀ ਬਲਕਿ ਦਿੱਲੀ ਦਰਵਾਰ ਤੱਕ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਨ। ਪਰ ਅਫਸੋਸ ! ਕਿ ਐਨਾ ਵੱਡਾ ਇਤਿਹਾਸਿਕ ਇਕੱਠ ਹੋਣ ਤੋ ਬਾਅਦ ਵੀ ਸਿੱਖ ਕੋਈ ਪਰਾਪਤੀ ਕਰਨ ਵਿੱਚ ਸਫਲ ਨਹੀ ਹੋ ਸਕੇ। ਅਜੰਸੀਆਂ ਦੇ ਜੀਅ ਦਾ ਜੰਜਾਲ ਬਣੇ ਇਸ ਦਿਸ਼ਾਹੀਣ ਇਕੱਠ ਦੇ ਵਿੱਝੜਨ ਦੀ ਦੇਰ ਸੀ ਕਿ ਮੁੜ ਕਦੇ ਵੀ ਸਿੱਖ ਇੱਕਜੁੱਟਤਾ ਨਾ ਦਿਖਾ ਸਕੇ। ਬੇਸ਼ੱਕ ਅਸੀ ਹਮੇਸ਼ਾਂ ਇਸ ਗੱਲ ਲਈ ਅਜੰਸ਼ੀਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਤੇ ਇਹ ਗੱਲ ਠੀਕ ਵੀ ਹੈ, ਪਰੰਤੂ ਜਦੋ ਪੈਸਾ ਆਪਣਾ ਖੋਟਾ ਹੋਵੇ ਓਥੇ ਦੂਸਰੇ ਨੂੰ ਦੋਸ਼ ਦੇਣਾ ਵੀ ਸਮਝਦਾਰੀ ਨਹੀ ਕਹੀ ਜਾ ਸਕਦੀ।ਜਦੋਂ ਸਾਡੇ ਵਿੱਚ ਹੀ ਦ੍ਰਿੜਤਾ ਨਹੀ ਫਿਰ ਦੁਸ਼ਮਣ ਤਾਂ ਉਸ ਕਮਜੋਰੀ ਦਾ ਫਾਇਦਾ ਜਰੂਰ ਉਠਾਏਗਾ ਹੀ ਉਠਾਏਗਾ।ਉਹਨਾਂ ਨਾਜਕ ਹਾਲਾਤਾਂ ਵਿੱਚ ਸਿੱਖ ਕੌਂਮ ਦੀਆਂ ਸਾਰੀਆਂ ਹੀ ਸੁਹਿਰਦ ਧਿਰਾਂ ਅਪਣੀ ਸੁਹਿਰਦਤਾ ਦਿਖਾਉਣ ਵਿੱਚ ਬੁਰੀ ਤਰਾਂ ਅਸਫਲ ਰਹੀਆਂ। ਬੇਦਬੀ ਦੇ ਦੋਸ਼ੀਆਂ ਨੂੰ ਲੱਭ ਕੇ ਗਿਰਫਤਾਰ ਕਰਵਾਉਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਦੋਸੀ ਪੁਲਿਸ ਅਫਸਰਾਂ ਤੇ ਕਤਲ ਦੇ ਪਰਚੇ ਦਰਜ ਕਰਵਾਉਣ ਦੀ ਮੰਗ ਮਨਵਾਉਣ ਤੱਕ ਜਾਰੀ ਰਹਿਣ ਵਾਲਾ ਮੋਰਚਾ ਸਿੱਖ ਆਗੂਆਂ ਅਤੇ ਪਰਚਾਰਕਾਂ ਦੇ ਆਪਸ ਵਿੱਚ ਫਟਣ ਕਰਕੇ ਅੱਧ ਵਿਚਕਾਰ ਹੀ ਦਮ ਤੋੜ ਗਿਆ, ਜਿਸ ਦੀ ਸਿੱਖ ਸੰਗਤਾਂ ਨੂੰ ਅੱਜ ਤੱਕ ਸਮਝ ਨਹੀ ਲੱਗੀ ਕਿ ਗੁਰੂ ਦੀ ਬੇਅਦਬੀ ਦਾ ਗੁਸਾ ਆਖਰ ਕੌਣ ਪੀ ਗਿਆ। ਉਸ ਤੋ ਬਾਅਦ 2016 ਦੇ ਸਰਬੱਤ ਖਾਲਸਾ ਨੂੰ ਸਰਕਾਰ ਨੇ ਕਾਮਯਾਬ ਨਹੀ ਹੋਣ ਦਿੱਤਾ। ਸੋ ਕਹਿ ਸਕਦੇ ਹਾਂ ਕਿ ਪੰਥਕ ਧਿਰਾਂ ਦੀ ਆਪਸੀ ਪਾਟੋਧਾੜ ਨੇ ਜਿੱਥੇ ਸਮੁੱਚੀ ਕੌਂਮ ਨੂੰ ਬੇਹੱਦ ਨਿਰਾਸ ਕੀਤਾ, ਓਥੇ ਭਾਰਤੀ ਅਜੰਸੀਆਂ ਦੇ ਸਿੱਖ ਕੌਂਮ ਅੰਦਰ ਘੁਸਪੈਂਠ ਕਰਕੇ ਬਲਹੀਣ ਅਤੇ ਦਿਸ਼ਾਹੀਣ ਕਰਨ ਵਾਲੇ ਮਨਸੂਬੇ ਨੂੰ ਅਸਾਨ ਬਣਾ ਦਿੱਤਾ। ਸਚਾਈ ਤਾਂ ਇਹ ਹੈ ਕਿ ਬੇਅਦਬੀ ਦੇ ਮੋਰਚੇ ਨੂੰ ਵਾਪਸ ਲੈਣ ਤੋਂ ਬਾਅਦ ਕਦੇ ਵੀ ਸਿੱਖ ਅਪਣੇ ਆਸ਼ੇ ਦੀ ਪੂਰਤੀ ਲਈ ਇੱਕਜੁੱਟਤਾ ਨਹੀ ਦਿਖਾ ਸਕੇ। ਇਹੋ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਸੁਰੂਆਤ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਹੀ ਬੇਅਦਬੀਆਂ ਦਾ ਸਿਲਸਿਲਾ ਰੁਕਿਆ ਹੈ ਤੇ ਨਾ ਹੀ ਅੱਜ ਤੱਕ ਦੋਸ਼ੀ ਫੜੇ ਜਾ ਸਕੇ ਹਨ।ਬੇਅਦਬੀਆਂ ਦੇ ਮੋਰਚੇ ਦੌਰਾਨ ਪਏ ਪਾਟਕ ਵਿੱਚ ਪਹਿਲਾਂ ਪਰਚਾਰਕ ਅਲੱਗ ਹੋਏ, ਫਿਰ ਪੰਥਕ ਧਿਰਾਂ ਵੀ ਖਿੰਡ ਪੁੰਡ ਗਈਆਂ।ਪਿਛਲੇ ਸਾਲ ਬੇਅਦਬੀ ਸੰਘਰਸ਼ ਦੇ ਸ਼ਹੀਦ ਸਿੱਖ ਨੌਜਵਾਨਾਂ ਦੀ ਦੂਜੀ ਬਰਸੀ ਤੇ ਹੋਏ ਇੱਕੱਠ ਵਿੱਚ ਸਰੋਮਣੀ ਅਕਾਲੀ ਦਲ (ਅ)ਅਤੇ ਸਰਬੱਤ ਖਾਲਸਾ ਮੌਕੇ ਮੋਹਰੀ ਰੋਲ ਨਿਭਾਉਣ ਵਾਲਿਆਂ ਤੋਂ ਸਿਵਾਏ ਕਿਸੇ ਵੀ ਹੋਰ ਧੜੇ ਨੇ ਸ਼ਮੂਲੀਅਤ ਨਹੀ ਸੀ ਕੀਤੀ, ਜਿਸ ਕਰਕੇ ਉਹ ਸਮਾਗਮ ਕੋਈ ਵੀ ਪਰਭਾਵ ਦਿੱਤੇ ਬਗੈਰ ਖਤਮ ਹੋ ਗਿਆ ਸੀ।ਭਾਵੇਂ ਬੇਅਦਬੀਆਂ ਦਾ ਸਿਲਸਿਲਾ ਵੀ ਅਜੇ ਤੱਕ ਖਤਮ ਨਹੀ ਹੋਇਆ ਪਰੰਤੂ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੌਂਮ ਦੇ ਸਿਧਾਤਾਂ ਤੇ ਇੱਕ ਹੋਰ ਖਤਰਨਾਕ ਹਮਲਾ “ਨਾਨਾਕ ਸ਼ਾਹ ਫਕੀਰ” ਫਿਲਮ ਦੇ ਰਾਹੀ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਫਿਲਮ ਨੂੰ ਭਾਵੇਂ ਫਿਲਮ ਬਨਾਉਣ ਵਾਲੇ ਵਿਅਕਤੀ ਨੇ ਸਿੱਖ ਰੋਹ ਨੂੰ ਦੇਖਦਿਆਂ ਸਾਰੇ ਭਾਰਤ ਵਿੱਚ ਨਾ  ਲਾਉਣ ਦਾ ਫੈਸਲਾ ਕਰ ਲਿਆ ਹੈ ਪਰ ਇਹ ਫਿਲਮ ਤੇ ਨਾ ਹੀ ਕੇਦਰ ਨੇ ਮੁਕੰਮਲ ਪਬੰਦੀ ਲਾ ਦੇਣ ਦੀ ਸਿੱਖਾਂ ਦੀ ਮੰਗ ਮੰਨੀ ਹੈ ਅਤੇ ਨਾ ਹੀ ਫਿਲਮ ਬਨਾਉਣ ਵਾਲੇ ਨੇ ਇਸ ਫਿਲਮ ਨੂੰ ਨਸਟ ਕਰਨ ਦਾ ਹੀ ਕੋਈ ਭਰੋਸਾ ਦਿੱਤਾ ਹੈ, ਬਲਕਿ ਸਿੱਖ ਭਾਵਨਾਵਾਂ ਨੂੰ ਬੁਰੀ ਤਰਾਂ ਝੰਜੋੜਨ ਵਾਲੀ ਇਹ ਫਿਲਮ ਨੂੰ ਹੁਣ ਸ਼ੋਸ਼ਲ ਮੀਡੀਏ ਰਾਹੀ ਲੋਕਾਂ ਤੱਕ ਭੇਜਣ ਦੀ ਚਾਲ ਚੱਲੀ ਗਈ ਹੈ । ਹੁਣ ਇਹ ਫਿਲਮ ਨੂੰ ਯੂ ਟਿਊਵ ਤੇ ਪਾਇਆ ਗਿਆ ਹੈ।ਵਿਚਾਰਨ ਵਾਲੀ ਗੱਲ ਇਹ ਹੈ ਕਿ ਅਜਿਹੇ ਹਮਲੇ ਸਿੱਖ ਕੌਂਮ ਤੇ ਕਿਉਂ ਹੋ ਰਹੇ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਹੜੀ ਸਿੱਖੀ ਸਿਧਾਤਾਂ ਦੀ ਰਾਖੀ ਕਰਨ ਲਈ ਹੀ ਬਣਾਈ ਗਈ ਸੀ, ਉਹ ਦੇ ਤੇ ਬੜੇ ਲੰਮੇ ਸਮੇ ਤੋਂ ਉਹ ਲੋਕ ਕਾਬਜ ਹਨ,ਜਿਹੜੇ ਅਪਣੇ ਨਿੱਜੀ ਮੁਫਾਦਾਂ ਖਾਤਰ ਸਿੱਖੀ ਸਿੱਧਾਤਾਂ ਅਤੇ ਸਿੱਖ  ਮਰਯਾਦਾ ਨੂੰ ਤੋੜਨ ਮਰੋੜਨ ਦੇ ਵਿੱਚ ਖੁਦ ਦੋਸ਼ੀ ਬਣ ਗਏ ਹਨ। ਕਿਹਾ ਜਾ ਸਕਦਾ ਹੈ ਕਿ ਸਿੱਖ ਦੁਸ਼ਮਣ ਜਮਾਤ ਨੂੰ ਸਿੱਖੀ ਸਿਧਾਤਾਂ ਦੇ ਨੁਕਸਾਨ ਲਈ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਇੱਕ ਅਜਿਹਾ ਪਲੇਟਫਾਰਮ ਮਿਲਿਆ ਹੋਇਆ ਹੈ ਜਿਸ ਦੇ ਜਰੀਏ ਉਹ ਸਿੱਖੀ ਨੂੰ ਅੰਦਰ ਖਾਤੇ ਖਤਮ ਕਰਨ ਦੇ ਅਪਣੇ ਮਨਸੂਬਿਆਂ ਵਿੱਚ ਅਸਾਨੀ ਨਾਲ ਕਾਮਯਾਬ ਹੋਣ ਵੱਲ ਵਧ ਰਹੇ ਹਨ।ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ, ਸਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜੇ ਤਖਤਾਂ ਤੇ ਇਸ ਸਮੇ ਸਿੱਧੇ ਅਸਿੱਧੇ ਢੰਗ ਨਾਲ ਹਿੰਦੂ ਰਾਸ਼ਟਰ ਨੂੰ ਪਰਨਾਈ ਸਕਤੀਸ਼ਾਲੀ ਕੱਟੜ ਸੰਸਥਾ ਆਰ ਐਸ ਐਸ ਨੇ ਕਬਜਾ ਕਰ ਲਿਆ ਹੋਇਆ ਹੈ। ਜੇ ਕਰ ਇੱਕ ਝਾਤ ਉਨੀਵੀਂ ਸਦੀ ਵਿੱਚ ਗੁਰਦੁਆਰਿਆਂ ਤੇ ਕਾਬਜ ਹੋਏ ਮਹੰਤਾਂ ਵਾਲੇ ਦੌਰ ਤੇ ਮਾਰ ਕੇ ਉਸ ਮੌਕੇ ਨੂੰ ਹੁਣ ਦੇ ਕਾਬਜ ਪੁਜਾਰੀ ਸਿਸਟਮ ਨਾਲ ਮਿਲਾ ਕੇ ਦੇਖੀਏ ਤਾਂ ਜਿੱਥੇ ਕਾਫੀ ਕੱੁਝ ਰਲਦਾ ਮਿਲਦਾ ਦਿਖਾਈ ਦਿੰਦਾ ਹੈ ਓਥੇ ਮਹੰਤਾਂ ਦੇ ਸਮੇ ਨਾਲੋਂ ਇਹ ਅਜੋਕਾ ਦੌਰ ਕਾਫੀ ਕਾਫੀ ਖਤਰਨਾਕ ਤੇ ਜਿਆਦਾ ਨੁਕਸਾਨ ਦੇਹ ਇਸ ਲਈ ਜਾਪਦਾ ਹੈ, ਕਿਉਕਿ ਉਸ ਮੌਕੇ ਸਮੁੱਚੀ ਕੌਂਮ ਇਹ ਪਰਤੱਖ ਤੌਰ ਤੇ ਜਾਣਦੀ ਸੀ ਕਿ ਇਹ ਮਹੰਤ ਲਾਣਾ ਸਿੱਖ ਦੁਸ਼ਮਣ ਜਮਾਤ ਦੀ ਸ਼ਹਿ ਨਾਲ ਕਾਬਜ ਹੋਇਆ ਹੈ ਤੇ ਇਹਨਾਂ ਨੂੰ ਗੁਰਦਿਆਰਿਆਂ ਚੋ ਕੱਢੇ ਬਗੈਰ ਸਿੱਖੀ ਸਿਧਾਤ ਕਿਵੇਂ ਸੁਰਖਿਅਤ ਨਹੀ ਰਹਿ ਸਕਦੇ, ਤੇ ਸਭ ਤੋ ਵੱਡੀ ਗੱਲ ਕਿ ਸਮੁੱਚੀ ਸਿੱਖ ਕੌਮ ਵਿੱਚ ਉਸ ਮੌਕੇ ਇੱਕਸੁਰਤਾ ਸੀ,ਪਰ ਹੁਣ ਹਾਲਾਤ ਉਸ ਮੌਕੇ ਨਾਲੋਂ ਬਿਲਕੁਲ ਹੀ ਵੱਖਰੇ ਤੇ ਅਣਸੁਖਾਵੇਂ ਇਸ ਕਰਕੇ ਹਨ,ਕਿ ਹੁਣ ਆਮ ਸਿੱਖ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਤਖਤ ਸਹਿਬਾਨਾਂ ਤੇ ਕਾਬਜ ਹੋਏ ਲੋਕਾਂ ਪ੍ਰਤੀ ਦੁਬਿਧਾ ਵਿੱਚ ਹੈ, ਲਿਹਾਜਾ ਬਹੁਗਿਣਤੀ ਸਿੱਖ ਅੱਜ ਵੀ ਪੰਥ ਦੀ ਗੱਲ ਕਰਨ ਵਾਲੇ ਲੋਕਾਂ ਦਾ ਸਾਥ ਨਹੀ ਦਿੰਦੇ ਤੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਤੇ ਕਾਬਜ ਲੋਕਾਂ ਨੂੰ ਪੰਥ ਸਮਝੀ ਬੈਠੇ ਹਨ। ਜਿੰਨੀ ਦੇਰ ਸਿੱਖ ਮਨਾਂ ਚੋ ਇਹ ਦੁਬਿਧਾ ਦੂਰ ਨਹੀ ਹੁੰਦੀ ਓਨੀ ਦੇਰ ਪੰਥ ਦੁਸ਼ਮਣ ਤਾਕਤਾਂ ਇਸ ਦੁਬਿਧਾ ਦਾ ਫਾਇਦਾ ਉਠਾਉਂਦੀਆਂ ਰਹਿਣਗੀਆਂ। ਇਹ ਦੁਬਿਧਾ ਓਨੀ ਦੇਰ ਦੂਰ ਨਹੀ ਕੀਤੀ ਜਾ ਸਕਦੀ, ਜਿੰਨੀ ਦੇਰ ਸਮੁੱਚੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਇਕੱਤਰ ਹੋਕੇ ਕੋਈ ਸਾਂਝਾ ਦਿਸ਼ਾ ਨਿਰਦੇਸ ਜਾਰੀ ਨਹੀ ਕਰਦੀਆਂ ਤੇ ਉਹਦੇ ਤੇ ਇਮਾਨਦਾਰੀ ਨਾਲ ਪਹਿਰਾ ਨਹੀ ਦਿੰਦੀਆਂ।ਇਸ ਵਾਰ ਦੀ ਵਿਸਾਖੀ ਮੌਕੇ ਹੋਈ ਪੰਥਕ ਕਾਨਫਰੰਸ ਜਿਸ ਨੂੰ ਮੀਰੀ ਪੀਰੀ ਕਾਨਫਰੰਸ ਦਾ ਨਾਮ ਦਿੱਤਾ ਗਿਆ ਸੀ, ਇਸ ਇਕੱਠ ਨੇ ਜਿੱਥੇ ਸਿੱਖ ਕੌਂਮ ਨੂੰ ਮੁੜ ਉਤਸ਼ਾਹਿਤ ਕੀਤਾ ਹੈ ਓਥੇ ਇਸ ਪੰਥਕ ਇਕੱਠ ਤੋਂ ਇੱਕ ਵਾਰ ਫਿਰ ਕੌਂਮ ਵਿੱਚ ਏਕਤਾ ਦੀ ਸੰਭਾਵਨਾ ਦੇਖਣ ਨੂੰ ਮਿਲੀ ਹੈ। ਇਸ ਸਾਲ 2018  ਦੀ ਵਿਸਾਖੀ ਮੌਕੇ ਹੋਈ ਵਿਸ਼ਾਲ ਕਾਨਫਰੰਸ ਵਿੱਚ ਕੁੱਝ ਕੁ ਪੰਥਕ ਧਿਰਾਂ ਨੂੰ ਛੱਡ ਕੇ ਬਾਕੀਆਂ ਦਾ ਹਾਜਿਰ ਹੋਣਾ ਸਿੱਖ ਕੌਂਮ ਦੇ ਭਵਿੱਖ ਲਈ ਸ਼ੁਭ ਸੰਕੇਤ ਕਿਹਾ ਜਾ ਸਕਦਾ ਹੈ, ਪਰੰਤੂ ਜਿੰਨੀ ਦੇਰ ਬਾਹਰ ਰਹਿ ਗਈਆਂ ਧਿਰਾਂ, ਭਾਂਵੇਂ ਪਰਚਾਰਕ ਹੋਣ ਜਾਂ ਸੁਹਿਰਦ ਸਿੱਖ ਜਥੇਬੰਦੀਆਂ, ਸਮੁੱਚੇ ਰੂਪ ਵਿੱਚ ਏਕਤਾ ਦੀ ਹਾਮੀ ਨਹੀ ਭਰਦੀਆਂ ਓਨੀ ਦੇਰ ਕੌਂਮ ਦੇ ਉਜਲੇ ਭਵਿੱਖ ਤੇ ਸਵਾਲੀਆ ਨਿਸਾਨ ਲੱਗਾ ਰਹੇਗਾ। ਸੋ ਆਸ ਕਰਨੀ ਬਣਦੀ ਹੈ ਕਿ ਹੁਣ ਤੱਕ ਦੇ ਪੰਥਕ ਪਾਟੋਧਾੜ ਨਾਲ ਹੋਏ ਕੌਮੀ ਨੁਕਸਾਨ ਤੋਂ ਸਬਕ ਲੈ ਕੇ ਇੱਕ ਜੂੰਨ ਤੱਕ ਸਮੁੱਚੀਆਂ ਪੰਥਕ ਧਿਰਾਂ ਸਮੇਤ ਪਰਚਾਰਕ ਅਤੇ ਸਿੱਖ ਸੰਸਥਾਵਾਂ ਅਪਣੀ ਅਪਣੀ ਹਾਉਮੈ ਦਾ ਤਿਆਗ ਕਰਕੇ ਕੌਂਮ ਦੇ ਭਲੇ ਲਈ ਇਮਾਨਦਾਰੀ ਨਾਲ ਇੱਕ ਪਲੇਟਫਾਰਮ ਤੇ ਇਕੱਤਰ ਹੋਣ ਦਾ ਸੰਕਲਪ ਲੈਣਗੀਆ, ਅਤੇ ਬਰਗਾੜੀ ਕਾਂਡ ਦੇ ਸ਼ਹੀਦਾਂ ਦੀ ਯਾਦ ਮੌਕੇ ਖਾਲਸਾ ਪੰਥ ਨੂੰ ਇੱਕਸੁਰਤਾ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਤਬਦੀਲੀ ਦਾ ਕੋਈ ਠੋਸ ਪਰੋਗਰਾਮ ਦੇਣ ਲਈ ਸੱਚੇ ਦਿਲੋਂ ਸੁਹਿਰਦ ਹੋਣਗੀਆਂ।

ਬਘੇਲ ਸਿੰਘ ਧਾਲੀਵਾਲ
99142-58142