ਪੀੜਤ ਕਿਸਾਨਾਂ ਨੂੰ ਜਲਦ ਮੁਆਵਜਾ ਦਿਵਾਉਣ ਦੀ ਕਰਨਗੇ ਅਪੀਲ : ਨਸੀਬ ਸੰਧੂ

ਫਿਰੋਜ਼ਪੁਰ,  ( ਸੰਦੀਪ ਕੰਬੋਜ ਜਈਆ) : ਅੱਜ ਦੁਪਿਹਰ 2 ਵਜੇ ਦੇ ਕਰੀਬ ਹਲਕਾ ਗੁਰੂਹਰਸਹਾਏ ਦੇ ਪਿੰਡਾਂ ਤੇਲੀਆਂ ਵਾਲਾ,ਚੱਕ ਸੁਆਹ ਵਾਲ, ਚੱਕ ਸੈਦੋਕੇ ਦੇ ਨਾਲ ਲੱਗਦੇ ਪਿੰਡਾਂ ਵਿਚ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋ ਪਿੰਡ ਤੇਲੀਆਂ ਵਾਲੇ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਮੰਗਲ ਸਿੰਘ ਦੇ ਖੇਤਾਂ ਵਿਚ ਕਣਕ ਵੱਢ ਰਹੀ ਕੰਬਾਈਨ ਵਿਚੋ ਕਿਸੇ ਕਾਰਨ ਨਿਕਲੀ ਚੰਗਿਆੜੀ ਨੇ ਅੱਗ ਦਾ ਰੂਪ ਧਾਰਨ ਕਰਦੇ ਹੋਏ ਖੇਤਾਂ ਵਿਚ ਖੜ੍ਹੀ ਕਣਕ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ।ਇਸ ਮੌਕੇ ਨਾਲ ਲਗਦੇ ਖੇਤਾਂ ਵਿਚ ਕੰਮ ਕਰ ਰਹੇ ਅਤੇ ਪਿੰਡ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਤੇਜ ਹੋਣ ਕਾਰਨ ਅੱਗ ਤੇਜ ਹੁੰਦੀ ਹੋਈ ਨਾਲ ਲੱਗਦੇ ਖੇਤਾਂ ਵਿਚ ਜਾ ਵੜੀ ਜਿਸ ਤੇ ਅਨੇਕਾਂ ਪਿੰਡਾਂ ਦੇ ਲੋਕਾਂ ਵਲੋਂ ਕਾਬੂ ਪਾਉਣ ਦੀ ਪੂਰੀਤ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇਜ ਹੋਣ ਕਾਰਨ ਪਿੰਡ ਤੇਲੀਆਂ ਵਾਲਾ, ਚੱਕ ਸੈਦੋਕੇ, ਚੱਕ ਸੁਆਹ ਵਾਲਾ ਪਿੰਡ ਦੇ ਰਕਬੇ ਵਿਚ ਖੜ੍ਹੀ 60 ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ।

ਸਾਨੂੰ ਅੱਗ ਲੱਗਣ ਵਾਲੇ ਤੇਲੀਆਂ ਵਾਲਾ ਪਿੰਡ ਦਾ ਪਤਾ ਨਹੀਂ : ਫਾਇਰ ਬ੍ਰਿਗੇਡ ਫਿਰੋਜ਼ਪੁਰ

ਇਸ ਮੋਕੇ ਗੰਭੀਰ ਸਥਿਤੀ ਨੂੰ ਦੇਖਦਿਆਂ ਪਿੰਡ ਵਾਸੀਆਂ ਫਾਇਰ ਬ੍ਰਿਗੇਡ ਜਿਲ੍ਹਾ ਫਾਜ਼ਿਲਕਾ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰ ਉਹਨਾਂ ਕਿਹਾ ਕਿ ਉਹ ਫਿਰੋਜ਼ਪੁਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦੇਣ ਅਤੇ ਫਿਰ ਪੂਰੀ ਤਰ੍ਹਾਂ ਘਬਰਾਏ ਕਿਸਾਨਾਂ ਨੇ ਕਿਸੇ ਤਰ੍ਹਾਂ ਫਿਰੋਜ਼ਪੁਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਦੱਸਦੇ ਹੋਏ ਤੁਰੰਤ ਪਹੁੰਚਣ ਦੀ ਬੇਨਤੀ ਕੀਤੀ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਫਿਰੋਜ਼ਪੁਰ ਵਾਲਿਆਂ ਨੇ ਕਿਹਾ ਕਿ ਸਾਨੂੰ ਅੱਗ ਲੱਗਣ ਵਾਲੇ ਪਿੰਡ ਦਾ ਪਤਾ ਤੱਕ ਨਹੀਂ।ਜਿਕਰਯੋਗ ਹੈ ਇਸ ਮੌਕੇ ਆਸ ਪਾਸ ਦੇ ਪਿੰਡਾਂ ਦੇ ਅਨੇਕਾਂ ਲੋਕਾਂ ਨੇ ਬਹੁਤ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਹੋਰ ਜਿਆਦਾ ਨੁਕਸਾਨ ਹੋਣ ਤੋ ਬਚਾ ਕਰ ਲਿਆ ਗਿਆ ਪਰ ਇਸ ਤੋ ਪਹਿਲਾਂ ਅਨੇਕਾਂ ਕਿਸਾਨਾਂ ਦੀ 60 ਏਕੜ ਦੇ ਕਰੀਬ ਕਣਕ ਸੜ ਚੁੱਕੀ ਸੀ।ਜਿਕਰਯੋਗ ਹੈ ਕਿ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੋਕੇ ਤੇ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਹੋਏ ਨੁਕਸਾਨ ਸੰਬੰਧੀ ਅਫਸੋਸ ਜਾਹਿਰ ਕਰਦਿਆ ਕਿਹਾ ਕਿ ਉਹ ਜਲਦੀ ਹੀ ਇਸ ਅੱਗ ਨਾਲ ਹੋਏ ਨੁਕਸਾਨ ਸੰਬੰਧੀ ਰਾਣਾ ਸੋਢੀ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਹਰ ਕਿਸਾਨ ਨੂੰ ਉਸਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿਵਾਉਣਗੇ।ਇਸ ਮੌਕੇ ਜਲਾਲਾਬਾਦ ਦੇ ਪਟਵਾਰੀ ਪ੍ਰੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਅੱਗ ਨਾਲ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਪ੍ਰਸ਼ਾਸਨ ਨੂੰ ਪਹੁੰਚਾਉਣਗੇ ਤਾਂ ਜੋ ਪੀੜਤ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁਆਵਜਾ ਮਿਲ ਸਕੇ।