ਬਾਘਾਪੁਰਾਣਾ (ਪ.ਪ.): ਐੱਚ.ਐੱਸ. ਬਰਾੜ ਪਬਲਿਕ ਸਕੂਲ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਮਿਸ਼ਨ ਤਹਿਤ ਕ੍ਰਾਂਤੀ ਕਲਾ ਮੰਚ ਮੋਗਾ  ਗਰੁੱਪ ਜਿਸ ਦੇ ਡਾਇਰੈਕਟਰ ਬਲਜੀਤ ਮੋਗਾ ਤੇ ਉਸਦੇ ਸਾਥੀ ਕਲਾਕਾਰ ਕੁਲਵੰਤ ਸਿੰਘ ਰੋਡੇ ਅਤੇ ਰਮਨਦੀਪ ਜੀਰਾ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਨੇ ਸਮਾਜ ਵਿੱਚ ਫੈਲ ਰਹੇ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਸ਼ਰਾਬ, ਅਫੀਮ, ਚਿੱਟਾ, ਪੋਸਤ ਆਦਿ ਦੇ ਬੁਰੇ ਪ੍ਰਭਾਵਾਂ ਨੂੰ ਨਾਟਕ ਵਿੱਚ ਦਿਖਾਇਆ ਗਿਆ ਕਿ ਕਿਵੇਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅਫ਼ਸਰ ਬਣਾਉਣ ਦੀ ਲਾਲਸਾ  ਵਿੱਚ ਆਪਣੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਕਿਵੇਂ ਸਾਰਾ ਪੈਸਾ ਉਨ੍ਹਾਂ ਉੱਤੇ ਖ਼ਰਚ ਕਰਦੇ ਹਨ । ਤੇ ਉਹਨਾਂ ਦੇ ਬੱਚੇ ਕਿਵੇਂ ਮਾੜੀ ਸੰਗਤ  ਵਿੱਚ ਪੈ ਕੇ ਨਸ਼ਿਆਂ ਦੇ ਰਾਹ ਤੇ ਚਲ ਪੈਂਦੇ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਜਿਉਂਦੇ ਜੀਅ ਤੋੜਦੇ ਹਨ । ਉਨ੍ਹਾਂ ਨੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਨਸ਼ੇ ਜੋ ਪੀੜ੍ਹੀਆਂ ਦੀਆਂ ਪੀੜ੍ਹੀਆਂ ਖ਼ਤਮ ਕਰ ਦਿੰਦੇ ਹਨ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਨਾ-ਮੁਰਾਦ ਬਿਮਾਰੀਆਂ ਤੋਂ ਬਚਣ ਦੀ ਅਪੀਲ ਕੀਤੀ । ਅੰਤ ਵਿੱਚ ਸਕੂਲ ਦੇ ਸੀ.ਈ.ਓ. ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਮਿਸਜ਼ ਸੁਨੀਤਾ ਗੌਰ ਵੱਲੋਂ ਬਲਜੀਤ ਮੋਗਾ ਤੇ ਉਸ ਦੇ ਸਾਥੀਆਂ ਨੂੰ ਇੱਕ ਪ੍ਰਸੰਸਾ ਪੱਤਰ ਅਤੇ ਕੁੱਝ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਸਕੂਲ ਵਿੱਚ ਸਮੇਂ-ਸਮੇਂ ਤੇ ਬੱਚਿਆਂ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਇਸ ਤਰ੍ਹਾਂ ਦੇ ਕਈ ਉਪਰਾਲੇ ਕੀਤੇ ਜਾਣਗੇ ।