ਨਵੀਂ ਦਿੱਲੀ:  ਭਰਵੇਂ ਮੀਂਹ ਪੈਣ ਕਰ ਕੇ ਸਾਲ 2016-17 ਦੌਰਾਨ ਰਿਕਾਰਡ 270 ਮਿਲੀਅਨ ਟਨ ਅਨਾਜ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਚੰਗੀ ਖ਼ਬਰ ਦੇ ਬਾਵਜੂਦ ਅੰਨਦਾਤੇ ਦੀ ਝੋਲੀ ਬਹੁਤਾ ਕੁਝ ਨਹੀਂ ਪੈਣ ਲੱਗਾ। ਸਾਲ ਦੇ ਅਖੀਰ ’ਚ ਨੋਟਬੰਦੀ ਦੇ ਪਏ ਮਾੜੇ ਪ੍ਰਭਾਵ ਦੇ ਨਾਲ ਨਾਲ ਖੇਤੀ ਉਤਪਾਦਾਂ ਦੀ ਘੱਟ ਵਿਕਰੀ ਦੀ ਮਾਰ ਵੀ ਕਿਸਾਨਾਂ ਨੂੰ ਸਹਿਣੀ ਪੈ ਰਹੀ ਹੈ।

ਖੇਤੀਬਾੜੀ ਸਕੱਤਰ ਸ਼ੋਭਨਾ ਪਟਨਾਇਕ ਨੇ ਪੀਟੀਆਈ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਪਿਛਲੇ ਸਾਲ 1.2 ਫੀਸਦੀ ਦੇ ਮੁਕਾਬਲੇ ਇਸ ਸਾਲ ਖੇਤੀ ਵਿਕਾਸ ਦਰ 5 ਫ਼ੀਸਦੀ ਤੋਂ ਉਪਰ ਰਹਿਣ ਦਾ ਅਨੁਮਾਨ ਹੈ। ਹਾੜੀ ਦੇ ਮੌਸਮ ’ਚ ਬੰਪਰ ਉਤਪਾਦਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਾਉਣੀ ਦੀ ਵਧੀਆ ਫ਼ਸਲ ਹੋਈ ਸੀ ਅਤੇ ਹੁਣ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਜ਼ੋਰਾਂ ’ਤੇ ਹੈ। ਉਧਰ ਖੇਤੀ ਮਾਹਿਰਾਂ ਨੇ ਹਾੜੀ ਦੀ ਫ਼ਸਲ ’ਤੇ ਨੋਟਬੰਦੀ ਦਾ ਅਸਰ ਪੈਣ ਦੇ ਖ਼ਦਸ਼ੇ ਜ਼ਾਹਰ ਕੀਤੇ ਹਨ। ਬਹੁਤੀ ਠੰਢ ਨਾ ਪੈਣ ਕਾਰਨ ਕਣਕ ਦੀ ਫ਼ਸਲ ’ਤੇ ਇਸ ਦਾ ਅਸਰ ਪੈ ਸਕਦਾ ਹੈ ਪਰ ਖੇਤੀ ਸਕੱਤਰ ਨੇ ਕਿਹਾ ਕਿ ਸਰਕਾਰ ਨੇ 2016-17 ਲਈ ਆਪਣਾ ਟੀਚਾ ਘਟਾਇਆ ਨਹੀਂ ਹੈ।

ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੂੰ ਵੀ ਆਸ ਹੈ ਕਿ ਦੋ ਸਾਲ ਲਗਾਤਾਰ ਸੋਕਾ ਪੈਣ ਤੋਂ ਬਾਅਦ ਖੇਤੀਬਾੜੀ ਵਿਕਾਸ ਦਰ ਵਧੀਆ ਰਹੇਗੀ। ‘ਅਸੀਂ ਇਸ ਸਾਲ 5.5 ਫ਼ੀਸਦੀ ਵਿਕਾਸ ਦਰ ਦੀ ਉਮੀਦ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਵਧਣ ਕਰ ਕੇ ਕਣਕ ਦੀ ਪੈਦਾਵਾਰ ਦੇਸ਼ ਭਰ ’ਚ ਤਿੰਨ ਫ਼ੀਸਦੀ ਘਟਦੀ ਹੈ ਤਾਂ ਵੀ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਵਿਕਾਸ ਦਰ 5.3 ਫ਼ੀਸਦੀ ਰਹੇਗੀ। ਕਿਸਾਨਾਂ ਉਪਰ ਨੋਟਬੰਦੀ ਦਾ ਅਸਰ ਪੈਣ ਬਾਰੇ ਪਟਨਾਇਕ ਨੇ ਕਿਹਾ ਕਿ ਪਿੰਡਾਂ ’ਚ ਲੈਣ-ਦੇਣ ਦੀ ਸਾਂਝ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ‘ਸਾਡੇ ਕਿਸਾਨਾਂ ਨੇ ਸੋਕੇ ਦਾ ਲਗਾਤਾਰ ਦੋ ਸਾਲ ਤਕ ਮੁਕਾਬਲਾ ਕੀਤਾ ਹੈ ਅਤੇ ਉਹ ਨੋਟਬੰਦੀ ਦਾ ਵੀ ਸਾਹਮਣਾ ਕਰ ਲੈਣਗੇ।’

ਕਿਸਾਨ ਜਥੇਬੰਦੀਆਂ ਅਤੇ ਸਾਬਕਾ ਕਿਸਾਨ ਮੰਤਰੀ ਸ਼ਰਦ ਪਵਾਰ ਨੇ ਨੋਟਬੰਦੀ ਦਾ ਕਿਸਾਨਾਂ ’ਤੇ ਬੁਰਾ ਅਸਰ ਪੈਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਬੋਝੇ ਖਾਲੀ ਹੋਣ ਕਰ ਕੇ ਕਿਸਾਨਾਂ ਨੂੰ ਵਧੀਆ ਬੀਜ ਅਤੇ ਖਾਦਾਂ ਨਹੀਂ ਮਿਲ ਰਹੀਆਂ। ਖੇਤੀ-ਆਰਥਿਕ ਮਾਹਿਰ ਅਸ਼ੋਕ ਗੁਲਾਟੀ ਦਾ ਕਹਿਣਾ ਹੈ ਕਿ ਇਸ ਸਾਲ ਚੰਗੀ ਫ਼ਸਲ ਹੋਏਗੀ ਪਰ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਨਹੀਂ ਹੋਣਾ ਕਿਉਂਕਿ ਕਪਾਹ, ਬਾਸਮਤੀ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਘੱਟ ਹਨ ਜਿਸ ਕਾਰਨ ਕਿਸਾਨਾਂ ਨੂੰ ਬਹੁਤਾ ਫਾਇਦਾ ਨਹੀਂ ਹੋਣਾ।