ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੀਵਾਲਾ ਦਾ ਵਸਨੀਕ 45 ਸਾਲਾਂ ਤਸਵਿੰਦਰ ਸਿੰਘ ਬੜੈਚ ਆਪਣੇ ਅਵੱਲੇ ਸ਼ੌਕ ਕਰਕੇ ਜਾਣੀ-ਪਛਾਣੀ ਹਸਤੀ ਬਣ ਚੁੱਕਾ ਹੈ। ਖੇਤੀਬਾੜੀ ਦੇ ਧੰਦੇ ਨਾਲ ਜੁੜੇ ਇਸ ਸ਼ਖਸ  ਨੂੰ ਪੁਰਾਤਨ ਵਸਤਾਂ ਜੋ ਸਾਡੇ ਘਰਾਂ ਵਿਚੋਂ ਅਲੋਪ ਹੋ ਰਹੀਆਂ ਨੇ, ਨੂੰ ਇਕੱਠੀਆਂ ਕਰਨ ਦਾ ਵਚਿੱਤਰ ਸ਼ੌਕ ਹੈ। ਇਸ ਸ਼ੌਕ ਕਾਰਨ ਹੀ ਉਸ ਕੋਲ ਹਜ਼ਾਰਾਂ ਪੁਰਾਤਨ ਤੇ ਦੁਰਲੱਭ ਚੀਜ਼ਾਂ ਹਨ। 16 ਮਈ 1973 ਨੂੰ ਪਿਤਾ ਮੇਵਾ ਸਿੰਘ ਬੜੈਚ ਅਤੇ ਮਾਤਾ ਚਰਨਜੀਤ ਕੌਰ ਬੜੈਚ ਦੀ ਕੁੱਖੋਂ ਜਨਮੇ ਤਸਵਿੰਦਰ ਸਿੰਘ ਬੜੈਚ ਦੇ ਵਿਰਾਸਤੀ ਖਜ਼ਾਨੇ ਵਿਚ 10 ਦਹਾਕੇ ਦਾ ਕਿਸਾਨ ਵੀਰਾਂ ਵੱਲੋਂ ਚਲਾਇਆ ਜਾਂਦਾ ਬਲਦ ਗੱਡਾ,  ਆਟਾ ਪੀਸਣ ਵਾਲੀ ਹੱਥ ਚੱਕੀ, ਰਾਜਿਆਂ ਵੇਲੇ ਦਾ ਖੰਜਰ, ਦੁੱਧ ਰਿੜਕਣ ਵਾਲੀ ਮਧਾਣੀ, ਕੱਪੜੇ ਸੀਓਣ ਵਾਲੀਆਂ ਮਸ਼ੀਨਾਂ, ਸੂਤ ਵਾਲਾ ਮੰਜਾ, ਖੂਹ ‘ਚੋਂ ਪਾਣੀ ਕੱਢਣ ਵਾਲਾ ਬੋਕਾ ਤੇ ਡੋਲ, ਵਲ ਟੋਹੀਆਂ, ਕੁੱਤਾ ਨਲਕਾ, ਪੁਰਾਤਨ ਕਾਲ ਦੇ ਸਿੱਕੇ, ਈਸਟ ਇੰਡੀਆ ਦੇ ਸਿੱਕੇ, ਟਕੇ, ਧੇਲੇ, ਆਨੇ-ਦੁਆਨੇ, ਗਲੀ ਵਾਲੇ ਪੈਸੇ, ਫੋਟੋ ਖਿੱਚਣ ਵਾਲੇ ਕੈਮਰੇ, ਪੰਜਾਲੀ, ਖੂਹ ਦੀਆਂ ਟਿੰਡਾਂ, ਦਾਤੀ, ਝਰਨੀ, ਬੱਤੀਆਂ ਵਾਲਾ ਸਟੋਪ, ਚਰਖੇ, ਤੂਰੀ, ਅਟੇਰਨੇ, ਕਪਾਹ ਵੇਲਣ ਵਾਲਾ ਵੇਲਣਾ, ਪਿੱਤਲ ਦੇ ਛੰਨੇ, ਪਿੰਤਲ ਦੀ ਥਰਮਸ, ਚਮਚੇ, ਕੜਛਾਂ, ਕੇਤਲੀ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਿਲਾਸ, ਪਰਾਂਤ, ਸੁਰਾਹੀਆਂ, ਗੜਵੀਆਂ, ਫੁਲੱਦਾਨ, ਕਾਂਸੇ ਦੇ ਬਰਤਨ, ਊਠ ਘੋੜੇ ਦੀ ਨਿਓਲ, ਹੱਥਕੜੀਆਂ, ਸੇਵੀਆ ਵੱਟਣ ਵਾਲੀ ਜੰਡੀ, ਪੁਰਾਣੇ ਲੈਂਪ, ਪੁਰਾਣੇ ਜਮਾਨੇ ਦੀਆਂ ਲਾਲ ਟੈਣਾਂ, ਪੁਰਾਣੇ ਟੈਲੀਫੋਨ, ਖਰਲ, ਕੋਲਿਆਂ ਵਾਲੀ ਪ੍ਰੈਸ, ਪੁਰਾਣੇ ਮਾਈਕ, ਟੈਮਪੀਸ, ਹੁੱਕੇ, ਭਾਰ ਤੋਲਣ ਵਾਲੇ ਪੰਜੇ, ਚੱਕਲ ਵੇਲਣੇ, ਛਾਨਣੀਆਂ, ਪਟਾਰੀ, ਦੋ ਮੰਜਿਆਂ ਨੂੰ ਕੇ ਲੱਖਣ ਵਾਲਾ ਸਪੀਕਰ, 1 ਇਲੈਕਟ੍ਰਾਨਿਕ ਗ੍ਰਾਮੋਫੋਨ ਮਸ਼ੀਨ, 2 ਚਾਬੀ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ, 15 ਐਚ.ਐਮ. ਵੀ. ਕੰਪਨੀ ਦੇ ਚੇਂਜਰ, ਮਰਫੀ ਅਤੇ ਐਚ. ਐਮ. ਵੀ. ਕੰਪਨੀ ਦੇ ਲਾਈਸੈਂਸ ਵਾਲੇ ਰੇਡੀਓ ਅਤੇ ਉਨ੍ਹਾਂ ਦੇ ਲਾਈਸੈਂਸ, 2 ਸਪੂਲਾਂ ਵਾਲੀਆਂ ਟੇਪਾਂ, 22 ਕੈਸਟਾਂ, 200 ਦੇ ਕਰੀਬ ਪੱਥਰ ਦੇ ਤਵੇ (ਰਿਕਾਰਡ), 250 ਦੇ ਕਰੀਬ ਐਲ. ਪੀ. (ਲੋਂਗ ਪਲੇਅ) ਰਿਕਾਰਡ ਅਤੇ ਈ. ਪੀ. (ਐਕਸਟੈਂਡ ਪਲੇਅ) ਰਿਕਾਰਡ ਪਏ ਹਨ। ਤਸਵਿੰਦਰ ਸਿੰਘ ਦੇ ਸੰਗੀਤਕ ਖਜ਼ਾਨੇ ਵਿਚ ਉਹ ਅਨਮੋਲ ਰਿਕਾਰਡ ਵੀ ਸਾਂਭੇ ਪਏ ਜੋ ਸ਼ਾਇਦ ਦੁਨੀਆਂ ਦੇ ਕਿਸੇ ਵੀ ਕੋਨੇ ‘ਚੋਂ ਨਾ ਮਿਲਣ। ਤਸਵਿੰਦਰ ਸਿੰਘ ਦੱਸਦਾ ਹੈ ਕਿ ਉਸ ਨੂੰ ਇਹ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਤਕਰੀਬਨ 1998 ਤੋਂ ਸ਼ੁਰੂ ਹੋਇਆ। ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਦੀ ਖਾਕ ਛਾਣ ਕੇ ਘੇਰਲੂ ਤੰਗੀਆਂ ਤਰੁਸ਼ੀਆਂ ਝੱਲ ਕੇ ਉਸ ਨੇ ਇਹ ਪੁਰਾਤਨ ਵਸਤਾਂ ਇਕੱਠੀਆਂ ਕਰ ਕੇ ਆਪਣੇ ਸ਼ੌਕ ਨੂੰ ਪੂਰਿਆ ਹੈ। ਤਸਵਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਮੇਰੇ ਇਸ ਸ਼ੌਕ ‘ਚ ਮੇਰੇ ਮਾਤਾ-ਪਿਤਾ, ਮੇਰੀ  ਪਤਨੀ ਹਰਜਿੰਦਰ ਕੌਰ ਅਤੇ ਬੇਟਿਆ ਕੋਮਲਖ੍ਰੀਤ ਸਿੰਘ ਅਤੇ ਅਕਸ਼ਪ੍ਰੀਤ ਸਿੰਘ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਥੇ ਇਨ੍ਹਾਂ ਵਸਤਾਂ ਨੂੰ ਇਕੱਠੀਆਂ ਕਰਨ ‘ਚ ਉਸ ਨੂੰ ਚਮਕੌਰ ਸਿੰਘ ਘਣਗਸ, ਸੁਖਵਿੰਦਰ ਸਿੰਘ ਭੰਗੂ ਖੱਟਰਾਂ ਆਦਿ ਦੋਸਤਾਂ ਦਾ ਵੀ ਸਹਿਯਗ ਹਾਸਿਲ ਹੈ। ਤਸਵਿੰਦਰ ਸਿੰਘ ਇਨ੍ਹਾਂ ਵਿਰਾਸਤੀ ਵਸਤਾਂ ਦੀ ਪੰਜਾਬ ਦੇ ਕਈ ਮਸ਼ਹੂਰ ਮੇਲਿਆਂ, ਸਕੂਲਾਂ ਤੇ ਕਾਲਜਾਂ ਵਿਚ ਪ੍ਰਦਰਸ਼ਨੀਆਂ ਵੀ ਲਗਾ ਚੁੱਕਾ ਹੈ। ਤਸਵਿੰਦਰ ਸਿੰਘ ਬੜੈਚ ਨੇ ਇਹ ਪੁਰਾਤਨ ਅਨਮੋਲ ਦੁਰਲੱਭ ਵਿਰਾਸਤੀ  ਵਸਤਾਂ ਇਕੱਤਰ ਕਰਨ ਦਾ ਸ਼ੌਕ ਇਸ ਕਰਕੇ ਪਾਲਿਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸ਼ਾਨਾਮੱਤੇ ਵਿਰਸੇ ਤੋਂ ਜਾਣੂ ਹੋ ਸਕਣ।  ਅਜੋਕੇ ਮਹਿੰਗਾਈ ਦੇ ਯੁੱਗ ਵਿਚ ਸ਼ੌਕ ਪਾਲਣਾ ਕੋਈ ਆਸਾਨ ਕੰਮ ਨਹੀਂ ਰਿਹਾ, ਆਪਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਮੇਰੇ ਸਲਾਮ ਹੈ ਤਸਵਿੰਦਰ ਸਿੰਘ ਬੜੈਚ  ਨੂੰ ਜਿਸ ਨੇ ਇਸ ਮਹਿੰਗਾਈ ਦੇ ਯੁੱਗ ਵਿਚ ਵੀ ਇਸ ਸ਼ੌਕ ਨੂੰ ਪਾਲਿਆ ਹੈ ਅਤੇ ਇਨ੍ਹਾਂ ਪੁਰਾਤਨ ਵਸਤਾਂ ਦੀ ਸੰਭਾਲ ਕਰ ਰਿਹਾ ਹੈ।

–ਮਾਸਟਰ ਸੰਜੀਵ ਕੁਮਾਰ (ਸਟੇਟ ਅਵਾਰਡੀ)
ਸ ਪ੍ਰ ਸ ਘੁਲਾਲ, ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ”81466–00532