ਵੀਡੀਓ ਕਾਨਫਰੰਸ ਰਾਹੀ ਹਵਾਰਾ ਦੀ ਹੋਈ ਅਦਾਲਤ ਵਿੱਚ ਪੇਸ਼ੀ

ਜਸਪਾਲ ਸਿੰਘ ਮੰਝਪੁਰ, ਹਵਾਰਾ ਦੇ ਵਕੀਲ

ਲੁਧਿਆਣਾ (ਪ.ਪ.): ਲੁਧਿਆਣਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਸ਼੍ਰੀ ਸੁਰੇਸ਼ ਕੁਮਾਰ ਦੀ ਮਾਣਯੋਗ ਅਦਾਲਤ ਵਲੋਂ ਅੱਜ ਭਾਈ ਜਗਤਾਰ ਸਿੰਘ ਹਵਾਰਾ ਨੂੰ 1995 ਦੇ ਏ ਕੇ 56 ਤੇ 50 ਰੌਦਾਂ ਦੀ ਬਰਾਮਦਗੀ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ । ਜਿਕਰਯੋਗ ਹੈ ਕਿ ਇਸ ਕੇਸ ਵਿਚ 13 ਅਪ੍ਰੈਲ 2018 ਨੂੰ ਵਰਿੰਦਰ ਕੁਮਾਰ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਲੁਧਿਆਣਾ ਦੀ ਅਦਾਲਤ ਵੱਲੋਂ ਭਾਈ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਕੇਸ ਵਿਚ 3 ਸਾਲ ਤੋਂ ਵੱਧ ਦੀ ਸਜਾ ਕਰਨ ਦੀ ਤਜਵੀਜ ਤਹਿਤ ਫੌਜਦਾਰੀ ਜਾਬਤੇ ਦੀ ਧਾਰਾ 325 ਤਹਿਤ ਲੁਧਿਆਣਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੂੰ ਰੈਫਰ ਕਰ ਦਿੱਤਾ ਸੀ ਜਿਸ ਤਹਿਤ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬਹਿਸ ਕਰਦਿਆਂ ਦੱਸਿਆ ਕਿ ਜੁਡੀਸ਼ਲ ਮੈਜਿਸਟਰੇਟ ਵੱਲੋਂ ਗਲਤ ਤੱਥਾ ਤੇ ਆਧਾਰਤ ਭਾਈ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਬਹਿਸ ਸੁਣਨ ਤੋ ਬਾਅਦ ਅੱਜ ਚੀਫ ਜੁਡੀਸ਼ਲ ਮੈਜਿਸਟਰੇਟ ਲੁਧਿਆਣਾ ਨੇ ਤਿਹਾੜ ਜੇਲ ਦਿੱਲੀ ਤੋਂ ਵੀਡੀa ਕਾਨਫਰੰਸਿੰਗ ਰਾਹੀਂ ਪੇਸ਼ ਕੀਤੇ ਭਾਈ ਹਵਾਰੇ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ । ਇਹ ਕੇਸ ਐੱਫ.ਆਰ.ਆਈ ਨੰਬਰ 139 ਮਿਤੀ 30/12/95 ਨੂੰ ਧਾਰਾ 25/54/59 ਅਸਲਾ ਐਕਟ ਅਧੀਨ ਪੁਲਿਸ ਥਾਣਾ ਕੋਤਵਾਲੀ ਲੁਧਿਆਣਾ ਵਿਚ ਦਰਜ ਕੀਤਾ ਗਿਆ ਸੀ । ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਉੱਪਰ ਹੁਣ ਕੇਵਲ ਤਿੰਨ ਕੇਸ ਵਿਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ 2 ਲੁਧਿਆਣਾ ਤੇ ਇਕ ਮੋਗਾ ਵਿੱਚ ਹੈ ।