ਭਾਰਤ ਅੰਦਰ 2019 ਵਿੱਚ ਜਨਰਲ ਇਲੈਕਸ਼ਨ ਹੋਣ ਜਾ ਰਹੀ ਹੈ । ਜਿਸ ਵਿੱਚ ਭਾਜਪਾ ਅੱਜ ਦੀ ਘੜੀ ਦੁਬਾਰਾ ਮਜਬੂਤ ਦਾਅਵੇਦਾਰ ਸਾਬਿਤ ਹੋ ਰਹੀ ਹੈ । ਜਿੱਥੇ 2014 ਵਿੱਚ ਕਾਂਗਰਸ ਦੇ ਭ੍ਰਿਸ਼ਟਾਚਾਰ ਨਾਲ ਲੈੱਸ ਕੰਮਾਂ ਨੇ ਉਸਨੂੰ ਕਾਫੀ ਵੱਡੀ ਮਾਰ ਪਾਈ ਸੀ ਉੱਥੇ ਹੀ ਭਾਜਪਾ ਵੱਲੋਂ ਚਲਾਏ ਗਏ ਪਰਸਨੈਲਿਟੀ ਕਲਟ ‘ਨਮੋ’ ਨੇ ਉਸਨੂੰ ਬਹੁਤ ਵੱਡੀ ਜਿੱਤ ਦਿਖਾਈ ਸੀ । ਉਸੇ ਪਰਸਨੈਲਿਟੀ ਕਲਟ ਦੇ ਅਧਾਰ ਤੇ ਪੰਜਾਬ ਅੰਦਰ ਕਾਂਗਰਸ ਨੇ ਇਲੈਕਸ਼ਨ ਲੜ੍ਹੀ ਤੇ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਦਾ ਨਾਅਰਾ ਤੇ ਜਿੱਤ ਪ੍ਰਾਪਤ ਕੀਤੀ ਸੀ । ਜਿੱਥੋਂ ਇੰਝ ਪ੍ਰਤੀਤ ਹੁੰਦਾ ਸੀ ਕਾਂਗਰਸ ਹੁਣ ਆਪਣੀ ਵਾਪਸੀ ਸੈਂਟਰ ਵਿੱਚ ਦੁਬਾਰਾ ਕਰ ਸਕੇਗੀ । ਪਰ ਜਿਸ ਇੱਕ-ਜੁੱਟਤਾ ਨਾਲ ਪੰਜਾਬ ਅੰਦਰ ਕਾਂਗਰਸੀਆਂ ਨੇ ਇਲੈਕਸ਼ਨ ਲੜ੍ਹੀ ਸੀ ਤੇ ਜਿੱਤ ਵੀ ਹਾਸਿਲ ਕੀਤੀ ਸੀ ਪਰ ਹੁਣ ਦਿਨ-ਬ-ਦਿਨ ਪੰਜਾਬ ਕਾਂਗਰਸ ਦੀ ਇੱਕ-ਜੁੱਟਤਾ ਟੁੱਟਦੀ ਪ੍ਰਤੀਤ ਹੁੰਦੀ ਹੈ । ਆਪਾਂ ਜੇਕਰ ਗੱਲ ਕਰੀਏ 2019 ਜਨਰਲ ਇਲੈਕਸ਼ਨ ਦੀ ਤਾਂ ਪੰਜਾਬ ਕਾਂਗਰਸ ਦੇ ਹਲਾਤ ਇਸ ਵੇਲੇ ਬਹੁਤੇ ਚੰਗੇ ਨਹੀਂ ਹਨ । ਕਿੱਧਰੇ ਪੰਜਾਬ ਦੇ ਵਿਧਾਇਕ ਕੈਪਟਨ ਸਰਕਾਰ ਪ੍ਰਤੀ ਵਿਧਰੋਹ ਦੀ ਨੀਤੀ ਅਖ਼ਤਿਆਰ ਕਰ ਰਹੇ ਹਨ ਉਧਰੇ ਕਈ ਐੱਮ.ਐੱਲ.ਏ. ਵਿਧਾਨ ਸਭਾ ਕਮੇਟੀ ਵਿੱਚੋਂ ਵੀ ਅਸਤੀਫ਼ਾ ਦੇ ਚੁੱਕੇ ਹਨ । ਪਿਛਲੇ ਦਿਨੀਂ ਪੰਜਾਬ ਅੰਦਰ ਹੋਏ ਮੰਤਰੀ ਮੰਡਲ ਦੇ ਵਿਸਥਾਰ ਤੋਂ ਇਹ ਅਨੂਮਾਨ ਲਗਾਏ ਜਾ ਰਹੇ ਸਨ ਕਿ ਇਸ ਨਾਲ ਕਾਂਗਰਸ ਆਪਣੀ ਪਕੜ ਹੋਰ ਮਜਬੂਤ ਕਰ ਲਵੇਗੀ ਪਰ ਹਕੀਕਤ ਵਿੱਚ ਨਤੀਜੇ ਇਸਦੇ ਬਿਲਕੁੱਲ ਉਲਟ ਦੇਖਣ ਨੂੰ ਮਿਲੇ । ਕੈਪਟਨ ਸਰਕਾਰ ਨੇ ਮੰਤਰੀ ਮੰਡਲ ਦਾ ਅਜਿਹਾ ਗਲਤ ਵਿਸਥਾਰ ਕੀਤਾ ਕਿ ਪੰਜਾਬ ਕਾਂਗਰਸ ਦੀ ਫੁੱਟ ਦੁਬਾਰਾ ਫਿਰ ਜਗ ਜਾਹਿਰ ਹੋ ਗਈ । ਕਈ ਸੀਨੀਅਰ ਵਿਧਾਇਕ ਇਸ ਕਦਾਰ ਨਮੋਸ਼ੀ ਦੇ ਆਲਮ ਵਿੱਚ ਹਨ ਕਿ ਉਹ ਪਾਰਟੀ ਦੀਆਂ ਮੀਟਿੰਗਾਂ ਵੀ ਅਟੈਂਡ ਨਹੀਂ ਕਰ ਰਹੇ । ਪਿਛਲੇ ਦਿਨੀਂ ਹੋਏ ਮੰਤਰੀ ਮੰਡਲ ਦੇ ਵਿਸਥਾਰ ਤੋਂ ਕੈਪਟਨ ਅਮਰਿੰਦਰ ਦਾ ਜਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਬੰਧੀ ਮੋਹ ਵੀ ਆਪਣੇ ਸਾਹਮਣੇ ਆਇਆ ਹੈ ਕਿਉਂਕਿ 3 ਮੰਤਰੀ ਗੁਰਦਾਸਪੁਰ ‘ਚੋਂ ਲਏ ਹਨ ਤੇ 3 ਮੰਤਰੀ ਹੀ ਅੰਮ੍ਰਿਤਸਰ ‘ਚੋਂ ਲਏ ਹਨ ਜਿਸਦੀ ਬਦੌਲਤ ਪੰਜਾਬ ਦੇ ਦੂਜੇ ਜਿਲ੍ਹਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ । ਜੇਕਰ ਪੰਜਾਬ ਸਰਕਾਰ ਨੇ ਸਹੀ ਢੰਗ ਨਾਲ ਵਿਸਥਾਰ ਕੀਤਾ ਹੁੰਦਾ ਤਾਂ ਪੰਜਾਬ ਦੇ 6 ਜਿਲ੍ਹਿਆਂ ਦੇ ਕਾਂਗਰਸੀ ਵਿਧਾਇਕ ਖੁਸ਼ ਕੀਤੇ ਜਾ ਸਕਦੇ ਸਨ, ਨਾਲ ਹੀ ਸ਼ੁੱਧ ਮਾਲਵਾ ਬੈਲਟ ਵਜੋਂ ਜਾਣੇ ਜਾਂਦੇ ਜਿਲ੍ਹਾ ਮੋਗਾ, ਫ਼ਰੀਦਕੋਟ ਅਤੇ ਮੁਕਤਸਰ ਵਿੱਚੋਂ ਇੱਕ ਵੀ ਮੰਤਰੀ ਨਹੀਂ ਲਿਆ ਗਿਆ । ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲ੍ਹਾ ਮੋਗਾ ਨੂੰ ਆਪਣਾ ਗੜ੍ਹ ਮੰਨਦਾ ਹੈ ਪਰ ਇਸਦੇ ਬਾਵਜੂਦ ਕਾਂਗਰਸ ਨੇ ਇਸ ਵਾਰ ੪ ਵਿੱਚੋਂ 3 ਸੀਟਾਂ ਜਿੱਤੀਆਂ ਸਨ ਤੇ ਇੱਥੋਂ ਇੱਕ ਮੰਤਰੀ ਲੈਣਾ ਲਾਜਮੀ ਬਣਦਾ ਸੀ । ਜੇਕਰ ਆਪਾਂ ਦੁਬਾਰਾ ਗੱਲ ਕਰੀਏ 2019 ਦੇ ਕਾਂਗਰਸ ਪਾਰਟੀ ਦੇ ਪੰਜਾਬ ਅੰਦਰ ਹਲਾਤਾਂ ਦੀ ਤਾਂ ਜੋ ਅੱਜ ਦੀ ਰਿਪੋਰਟ ਹੈ ਉਸ ਮੁਤਾਬਿਕ ਕਾਂਗਰਸ ਪੰਜਾਬ ਦੀ ਸੱਤਾ ਧਿਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਨਾਲੋਂ ਪਛੜ੍ਹ ਦੀ ਨਜ਼ਰ ਆ ਰਹੀ ਹੈ । ਹਾਲਾਤ ਇਹ ਬਣ ਚੁੱਕੇ ਹਨ ਅਕਾਲੀ ਅਤੇ ਭਾਜਪਾ ਰਲ ਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 9 ਸੀਟਾਂ ਤੇ ਕਬਜਾ ਕਰ ਸਕਦੀ ਹੈ ਤੇ ਕਾਂਗਰਸ ਦੇ ਪੱਲੇ ਸਿਰਫ਼ ਮੱਸਾਂ 3 ਜਾਂ 4 ਸੀਟਾਂ ਹੀ ਆਉਂਦੀਆਂ ਦਿੱਸਦੀਆਂ ਹਨ । ਪੰਜਾਬ ਅੰਦਰ ਅਕਾਲੀ ਦਲ ਦੀ ਪਕੜ ਇਸ ਲਈ ਮਜਬੂਤ ਲੱਗ ਰਹੀ ਹੈ ਕਿਉਂਕਿ ਜਿਸ ਦਿਨ ਦੀ ਕਾਂਗਰਸ ਸਰਕਾਰ ਬਣੀ ਹੈ ਅਕਾਲੀ ਦਲ ਨੇ ਉਸ ਦਿਨ ਤੋਂ ਹੀ ਹੋਮਵਰਕ ਕਰਨਾ ਸ਼ੁਰੂ ਕਰ ਦਿੱਤਾ ਸੀ । ਅਕਾਲੀ ਦਲ ਹਰੇਕ ਮੁੱਦੇ ਉੱਪਰ ਅੱਗੇ ਹੋ ਕੇ ਕੈਪਟਨ ਸਰਕਾਰ ਨੂੰ ਘੇਰ ਰਿਹਾ ਹੈ ਤੇ ਨਾਲ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਇਕੱਲੇ ਆਮ ਆਦਮੀ ਪਾਰਟੀ ਵਿੱਚੋਂ ਸਰਗਰਮ ਜਾਪਦੇ ਹਨ । ਖਹਿਰਾ ਨੇ ਪੰਜਾਬ ਸਰਕਾਰ ਨੂੰ ਪਿਛਲੇ ਸਮੇਂ ਦੌਰਾਨ ਅਜਿਹੇ ਕਈ ਮੁੱਦਿਆਂ ਉੱਪਰ ਘੇਰਿਆ ਹੈ ਜਿਸ ਵਿੱਚ ਸਰਕਾਰ ਨੂੰ ਸੋਚਣ ਲਈ ਵੀ ਮਜਬੂਰ ਕੀਤਾ ਜੋ ਅਕਾਲੀ ਦਲ ਜਾਂ ਆਪ ਦੀ ਦੂਜੀ ਇਕਾਈ ਨੇ ਕਦੇ ਸੋਚੇ ਵੀ ਨਹੀਂ ਸੀ ਨਾਲ ਹੀ ਖਹਿਰਾ ਦੀ ਸਰਗਰਮੀ ਕਾਰਨ ਉਨ੍ਹਾਂ ਦਾ ਅਕਸ ਦਿਨ ਪ੍ਰਤੀ ਦਿਨ ਲੋਕਾਂ ਅੰਦਰ ਲੋਕ ਪ੍ਰਿਆ ਹੁੰਦਾ ਜਾ ਰਿਹਾ ਹੈ । ਇੱਕ ਪਾਸੇ ਪੰਜਾਬ ਕਾਂਗਰਸ ਦਾ ਦੋ-ਫਾੜ ਹੋਣਾ ਅਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੀ ਦਿਨ-ਬੁ- ਦਿਨ ਵੱਧਦੀ ਪ੍ਰਿਅਤਾ ਸੱਤਾ ਧਿਰ ਲਈ ਬਹੁਤ ਮਾੜਾ ਸੰਕੇਤ ਹੈ । ਪੰਜਾਬ ਦੇ ਰਾਜਨੀਤਿਕ ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ ਪੰਜਾਬ ਅੰਦਰ ਜੋ ਇਸ ਵੇਲੇ ਸਰਕਾਰ ਚੱਲ ਰਹੀ ਹੈ ਉਹ ਸਿਰਫ਼ ਕਾਂਗਰਸ ਦੀ ਹੀ ਨਹੀਂ ਸਗੋਂ ਅਕਾਲੀ ਦਲ ਦੇ ਸਹਿਯੋਗ ਨਾਲ ਬਣਾਈ ਹੋਈ ਸਰਕਾਰ ਹੈ ਤੇ ਜੇਕਰ ਕੈਪਟਨ ਨੇ ਆਉਣ ਵਾਲੇ ਸਮੇਂ ਦੌਰਾਨ ਆਪਣੀ ਮਨ ਮਰਜੀ ਨਾਂ ਛੱਡੀ ਤਾਂ ਪੰਜਾਬ ਅੰਦਰ ਕਾਂਗਰਸੀ ਸਮਰਥਕ ਇਸ ਕਦਰ ਘੱਟ ਜਾਣਗੇ ਕਿ ਆਉਣ ਵਾਲੇ ਸਮੇਂ ਦੌਰਾਨ ਕੋਈ ਪਾਰਟੀ ਦੇ ਬੂਥ ਤੱਕ ਨਹੀਂ ਲਗਾਵੇਗਾ । 2019 ਦੀ ਚੋਣ ਕੈਪਟਨ ਅਤੇ ਪੰਜਾਬ ਕਾਂਗਰਸ ਲਈ ਪ੍ਰੀਖਿਆ ਦੀ ਚੋਣ ਹੋਵੇਗੀ ਜਿਸਤੋਂ ਲੋਕਾਂ ਦੀ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਸਬੰਧੀ ਸੰਤੁਸ਼ਟਤਾ ਜਾਂ ਨਰਾਜਗੀ ਪੋਲਿੰਗ ਦੇ ਰਿਜਲਟ ਜ਼ਰੀਏ ਪਤਾ ਲੱਗੇਗੀ । ਤੇ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੈਪਟਨ ਪਾਰਟੀ ਦੇ ਡਿੱਗਦੇ ਮਿਆਰ ਨੂੰ ਕਿਵੇਂ ਬਚਾਉਂਦੇ ਹਨ……।