ਉਹ ਵੀ ਸਮਾ ਸੀ ਜਦੋਂ ਇੱਕ ਸਿੱਖ ਜੇਕਰ ਕਿਸੇ ਬੱਸ ਗੱਡੀ ਵਿੱਚ ਸਫਰ ਕਰ ਰਿਹਾ ਹੁੰਦਾ ਸੀ ਤਾਂ ਉਸ ਬੱਸ, ਗੱਡੀ ਵਿੱਚ ਸਵਾਰ ਸਾਰੇ ਹੀ ਲੋਕ ਉਹ ਇਕੱਲੇ ਸਿੱਖ ਤੋਂ ਭੈ ਖਾਂਦੇ ਸਨ ਤੇ ਉਸ ਸਿੱਖ ਦਾ ਆਚਰਣ ਵੀ ਐਨਾ ਕੁ ਉੱਚਾ ਸਮਝਿਆ ਜਾਂਦਾ ਸੀ,ਕਿ ਮਹਿਲਾਵਾਂ ਸਿੱਖ ਦੀ ਆਮਦ ਤੇ ਸਹਿਜ ਮਹਿਸੂਸ ਕਰਦੀਆਂ ਸਨ, ਕਿਉਂਕਿ ਉਹ ਸਮਝਦੀਆਂ ਸਨ ਕਿ ਹੁਣ ਕੋਈ ਵੀ ਮਾੜਾ ਅਨਸਰ ਉਹਨਾਂ ਵੱਲ ਜਾਂ ਉਹਨਾਂ ਦੀ ਕਿਸੇ ਬਹੂ ਬੇਟੀ ਵੱਲ ਮਾੜੀ ਨਜਰ ਨਾਲ ਨਹੀ ਦੇਖ ਸਕੇਗਾ।ਉਹ ਸਿੱਖ ਨੂੰ ਮਨੁਖਤਾ ਦੇ ਰਾਖੇ ਵਜੋਂ ਦੇਖਦੀਆਂ ਸਨ ਤੇ ਇਹ ਗੱਲ ਹੈ ਵੀ ਸੱਚ ਸੀ, ਪਰੰਤੂ ਸਿੱਖ ਦੂਸਮਣ ਜਮਾਤ ਨੂੰ ਸਿੱਖ ਦਾ ਇਹ ਮਾਣ ਇੱਜਤ ਅਤੇ ਦਬਦਬੇ ਵਾਲਾ ਰੂਪ ਕਦੇ ਵੀ ਪਸੰਦ ਨਹੀ ਸੀ ਆਇਆ। ਬੇਸ਼ੱਕ ਉਹ ਇੱਹ ਵੀ ਚੰਗੀ ਤਰਾਂ ਜਾਣਦੇ ਸਨ ਕਿ ਅਫਗਾਨੀ ਧਾੜਵੀਆਂ ਵੱਲੋਂ ਭਾਰਤ ਤੋਂ ਗਜ਼ਨੀ ਦੇ ਬਜਾਰਾਂ ਵਿੱਚ ਟਕੇ ਟਕੇ ਨੂੰ ਵੇਚਣ ਲਈ ਲਿਜਾਈਆਂ ਜਾਂਦੀਆਂ ਬਹੂ ਬੇਟੀਆਂ ਨੂੰ ਛੁਡਵਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਉਂਣ ਵਾਲੇ ਵੀ ਇਹਨਾਂ ਸਿੱਖਾਂ ਦੇ ਹੀ ਵੱਡੇ ਵਡੇਰੇ ਸਨ, ਜਿਹੜੇ ਭਾਰਤੀ ਔਰਤਾਂ ਦੀ ਆਣ ਇੱਜਤ ਦੀ ਰਾਖੀ ਕਰਦੇ ਕਰਦੇ ਅਪਣੀਆਂ ਜਾਂਨਾਂ ਤੱਕ ਕੁਰਬਾਨ ਕਰਨ ਦੀ ਵੀ ਪ੍ਰਵਾਹ ਨਹੀ ਸਨ ਕਰਦੇ।ਸਿੱਖ ਨੇ ਅਪਣੇ ਪੁਰਖਿਆਂ ਤੋਂ ਮਿਲੇ ਇਹਨਾਂ ਸਦਗੁਣਾਂ ਨੂੰ ਕਾਇਮ ਰੱਖਿਆ ਹੋਣ ਕਰਕੇ ਹੀ ਸਿੱਖ ਦਾ ਭੈ ਤੇ ਦਬਦਬਾ ਬਣਿਆ ਹੋਇਆ ਸੀ, ਦੁਸ਼ਮਣ ਜਮਾਤ ਸਿੱਖ ਦਾ ਮਾਣ ਇੱਜਤ ਵਾਲਾ ਰੁਤਬਾ ਪੈਰੀ ਰੋਲਣ ਲਈ ਤਰਲੋ ਮੱਛੀ ਹੋ ਰਹੀ ਸੀ, ਪਰ ਉਹਨਾਂ ਨੂੰ ਅਜਿਹਾ ਮੌਕਾ ਨਹੀ ਸੀ ਮਿਲ ਰਿਹਾ, ਜਿਹੜਾ ਇੱਕੋ ਸਮੇ ਪਲਾਂ ਵਿੱਚ ਹੀ ਇਸ ਸਾਰੀ ਖੇਡ ਦਾ ਪਾਸਾ ਹੀ ਪਲਟ ਦੇਵੇ। ਸਮਾ ਬੀਤਦਾ ਗਿਆ, ਹੌਲੀ ਹੌਲੀ ਸਾਡੇ ਸਿਧਾਂਤ ਨੂੰ ਨਸਤਰ ਲੱਗਦੇ ਗਏ। ਭੋਲੇ ਭਾਲੇ ਸਿੱਖ ਇਹ ਕਦੇ ਵੀ ਸਮਝ ਨਾਂ ਸਕੇ ਕਿ ਜਿੰਨਾਂ ਦਾ ਧਰਮ ਬਚਾਉਣ ਖਾਤਰ ਤੁਹਾਡੇ ਪੁਰਖਿਆਂ ਨੇ ਸ਼ਹਾਦਤਾਂ ਦਿੱਤੀਆਂ , ਉਹ ਹੀ ਅਹਿਸਾਨ ਫ਼ਰਾਮੋਸ਼ ਲੋਕ ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਦੇ ਵੀ ਇਹ ਸਮਝਣ ਦੀ ਕੋਸ਼ਿਸ਼ ਵੀ ਨਹੀ ਕੀਤੀ ਕਿ ਸਾਡੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲੇ ਵਿੱਚੋਂ ਬਵੰਜਾ ਹਿੰਦੂ ਰਾਜਿਆਂ ਨੂੰ ਕੈਦ ਚੋਂ ਛੁਡਵਾਉਣ ਵਾਲਾ ਬੰਦੀਛੋਡ ਦਿਵਸ ਦਿਵਾਲੀ ਦੀ ਕਾਲੀਬੋਲੀ ਰਾਤ ਵਿੱਚ ਕਿਵੇਂ ਇੱਕ ਮਿੱਕ ਹੋ ਗਿਆ। ਉਹਨਾਂ ਨੇ ਤਾਂ ਕਦੇ ਇਹ ਵੀ ਸੋਚਣ ਸਮਝਣ ਦੀ ਕੋਸ਼ਿਸ਼ ਨਹੀ ਕੀਤੀ ਕਿ ਜਿਹੜੇ ਦਰਖਤਾਂ ਨਾਲ ਕਦੇ ਸਾਡੇ ਗੁਰੂ ਸਹਿਬਾਨਾਂ ਨੇ ਅਪਣੇ ਘੋੜੇ ਬੰਨੇ ਸੀ ਉਹਨਾਂ ਤੇ  ਸੰਧੂਰ ਅਤੇ ਨਿੰਮ ਬੰਨ ਕੇ ਸੁੱਖਾਂ ਸੁਖਣ ਦੀ ਪਿਰਤ ਕੀਹਨੇ ਤੇ ਕਦੋਂ ਪਾ ਦਿੱਤੀ। ਹੋਰ ਤਾਂ ਸਭ ਕੁੱਝ ਹੀ ਛੱਡੋ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀ ਲੱਗਣ ਦਿੱਤਾ ਗਿਆ ਕਿ ਕਦੋਂ ਕੱਚੀ ਗੜ੍ਹੀ ਨੂੰ ਢਾਹ ਕੇ ਸੰਗਮਰਮਰ ਦੇ ਨਵੇਂ ਗੁਰਦੁਆਰੇ ਉਸਾਰ ਦਿੱਤੇ ਗਏ। ਭੋਲ਼ੇ ਸਿੱਖ ਤਾਂ ਨਵੀ ਨਵੀ ਸੰਗਮਰਮਰੀ ਚਮਕ ਦਮਕ ਦੀ ਚਕਾਚੌਧ ਵਿੱਚ ਇਹ ਵੀ ਭੁੱਲ ਵਿੱਸਰ ਗਏ ਕਿ ਕਾਰ ਸੇਵਾ ਦੇ ਨਾਮ ਤੇ ਸਾਡੀਆਂ ਪੁਰਾਤਨ ਇਤਿਹਾਸਿਕ  ਨਿਸਾਨੀਆਂ ਖਤਮ ਕਰਨ ਦੀ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਸੋ ਇਸ ਸਾਰੇ ਵਰਤਾਰੇ ਦੇ ਨਾਲ ਨਾਲ ਦੁਸ਼ਮਣ ਜਮਾਤ ਸਿੱਖ ਦੇ ਦਬਦਬੇ ਅਤੇ ਮਾਣ ਸਨਮਾਨ ਨੂੰ ਵੀ ਮਿੱਟੀ ਵਿੱਚ ਮਿਲਾਉਣਾ ਚਾਹੁੰਦੀ ਸੀ,ਤਾਂ ਕਿ ਕੋਈ ਵੀ ਭਾਰਤੀ, ਸਿੱਖ ਨੂੰ ਦੇਖ ਕੇ ਉਹਦਾ ਸਤਿਕਾਰ ਕਰਨ ਦੀ ਵਜਾਏ ਉਹਨੂੰ ਨਫਰਤ ਦੀ ਨਜਰ ਨਾਲ ਦੇਖੇ। ਸੋ 1970 ਦੇ ਪੁਲਿਸ ਮੁਕਾਬਲੇ, 1978 ਦਾ ਨਿਰੰਕਾਰੀ ਕਾਂਡ  ਅਤੇ 1984 ਦਾ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ, 1990, 92 ਵਿੱਚ ਕੀਤਾ ਸਿੱਖ ਜੁਆਨੀ ਦਾ ਘਾਣ,ਇਸ ਸਾਰੇ ਦੀ ਸੂਤਰਧਾਰ ਇੱਕੋ ਇੱਕ ਨਾਗਪੁਰੀ ਸੰਸਥਾ ਹੈ ਜਿਹੜੀ ਅਪਣੇ ਜਨਮ ਸਮੇ ਭਾਵ 1925 ਤੋਂ ਹੀ ਪਿੱਛੇ ਪਈ ਹੋਈ ਹੈ। ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ  ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਨੇ ਜਿਸ ਯੋਜਨਾਵੱਧ ਢੰਗ ਨਾਲ ਪੂਰੇ ਮੁਲਕ ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਤੇ ਸਿੱਖ ਬਹੂ ਬੇਟੀਆਂ ਦੀ ਇੱਜਤ ਆਬਰੂ ਨੂੰ ਪੈਰਾਂ ਵਿੱਚ ਰੋਲਿਆ, ਉਹ ਸਾਰਾ ਮੰਜਰ ਸਿੱਖ ਕੌਂਮ ਨੂੰ ਭਾਰਤ ਵਰਸ਼ ਵਿੱਚ ਦੱਬ ਕੇ ਬਦਨਾਮ ਕਰਨ ਅਤੇ ਉਹਨਾਂ ਦਾ ਸਤਿਕਾਰ ਖਤਮ ਕਰਨ ਲਈ ਹੀ ਸੀ ਤਾਂ ਕਿ ਸਿੱਖ ਕੌਂਮ ਦੀ ਹੋਂਦ ਹਸਤੀ ਨੂੰ ਖਤਮ ਕਰਨ ਵਿੱਚ ਕੋਈ ਅੜਚਣ ਨਾ ਡਾਹ ਸਕੇ। ਉਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਜਿਹੜੇ ਇਕੱਲੇ ਸਿੱਖ ਨੂੰ ਦੇਖ ਕੇ ਸੈਕੜੇ ਲੋਕ ਵੀ ਧੌਣਾਂ ਨਿਵਾਂ ਨਮਸਕਾਰ ਕਰਦੇ ਸਨ ਉਹ ਹੁਣ ਸਿੱਖ ਨੂੰ ਦੇਖ ਕੇ ਧੌਣਾਂ ਉੱਚੀਆਂ ਕਰਕੇ ਨਫਰਤ ਜਿਤਾਉਣ ਲੱਗ ਪਏ। ਇਸ ਸਾਰੇ ਵਰਤਾਰੇ ਦੇ ਬਾਵਜੂਦ ਇਹ ਕਦੇ ਵੀ ਨਹੀ ਸੀ ਹੋਇਆ ਕਿ ਸਾਡੇ ਸਿਧਾਤਾਂ ਤੇ ਸਿੱਧੇ ਹਮਲੇ ਹੋਏ ਹੋਣ ਜਾਂ ਸਾਡੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਸ਼ਰੇਆਮ ਬੇਅਦਬੀ ਕੀਤੀ ਹੋਵੇ, ਚਲਾਕ ਦੁਸ਼ਮਣ ਦੇ ਹੌਸਲੇ ਇੱਥੋਂ ਤੱਕ ਵਧ ਗਏ ਹੋਣ ਕਿ ਸਾਡੇ ਗੁਰੂ ਸਹਿਬਾਨਾਂ ਤੇ ਵੀ ਸਿੱਧੇ ਹਮਲੇ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਾ ਹੋਈ ਹੋਵੇ, ਇਹਦਾ ਕਾਰਨ ਇਹ ਹੈ ਕਿ ਚਲਾਕ ਦੁਸ਼ਮਣ ਨੇ ਪਹਿਲਾਂ ਸਾਡੇ ਸਿਧਾਤਾਂ ਚ ਫੋਕਟ ਕਰਮਕਾਂਡਾਂ ਨੂੰ ਰਲਗਡ ਕਰਕੇ ਘੁਸਪੈਂਠ ਕੀਤੀ, ਉਸ ਤੋਂ ਬਾਅਦ ਸਿੱਖ ਕੌਂਮ ਵਿੱਚ ਪਾੜਾ ਪਾਉਣ ਦੀਆਂ ਕਾਮਯਾਬ ਚਾਲਾਂ ਚੱਲੀਆਂ ਅਤੇ ਇਸ ਪਾਟੋਧਾੜ ਵਾਲੀ ਚਾਲ ਵਿੱਚ ਮਿਲੀ ਬੇਹੱਦ ਕਾਮਯਾਬੀ ਨੇ ਹੀ ਸਿੱਖ ਵਿਰੋਧੀ ਤਾਕਤਾਂ ਨੂੰ ਹੋਰ ਅੱਗੇ ਵਧਣ ਲਈ ਪਰੇਰਤ ਕੀਤਾ, ਜਿਸ ਦਾ ਨਤੀਜਾ ਆਏ ਦਿਨ ਹੋ ਰਹੇ ਸਿੱਖ ਇਤਿਹਾਸਿ, ਸਿੱਖ ਸਿਧਾਂਤ ਅਤੇ ਸਿੱਖ ਬੌਧਿਕਤਾ ਤੇ ਹਮਲਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਵੱਲੋਂ ਦੁਸ਼ਮਣ ਦੇ ਹਰ ਵਾਰ ਅੱਗੇ ਧੌਣ ਨੀਵੀਂ ਕਰਕੇ ਖੜਨ ਅਤੇ ਦੁਸ਼ਮਣ ਦੀ ਹਾਂ ਚ ਹਾਂ ਮਿਲਾਉਣ ਨੇ ਜਿੱਥੇ ਵੱਡਾ ਨੁਕਸਾਨ ਕੀਤਾ ਹੈ ਓਥੇ ਸਮੁੱਚੀਆਂ ਸਿੱਖ ਜਥੇਵੰਦੀਆਂ, ਸਿੱਖ ਧਾਰਮਿਕ ਸੰਸਥਾਵਾਂ ਅਤੇ ਸਿੱਖ ਸੰਪਰਦਾਵਾਂ ਵੱਲੋਂ ਵੀ ਪੁਰਾਤਨ ਇਤਿਹਾਸ ਨੂੰ ਵਿਸਾਰ ਦੇਣ ਕਰਕੇ ਸਿੱਖ ਕੌੰਮ ਦੇ ਦੁਸ਼ਮਣਾਂ ਦੇ ਹੌਸਲੇ ਅਸਮਾਨੀ ਚੜੇ ਹੋਏ ਹਨ। ਇਹਨਾਂ ਹਮਲਿਆਂ ਦੇ ਪਿੱਛੇ ਛੁਪੀ ਸਿੱਖ ਦੁਸ਼ਮਣ ਮਾਨਸਿਕਤਾ ਨੂੰ ਸਮਝ ਕੇ ਖਿਦੇੜਨ ਲਈ ਕੌਂਮ ਨੂੰ ਸਭ ਤੋਂ ਪਹਿਲਾਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਲਈ ਬਚਨਵੱਧ ਹੋਣਾ ਪਵੇਗਾ। ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਇਹ ਹੈ ਕਿ ਜਿੰਨੀ ਦੇਰ ਸਿੱਖ ਮਨਾਂ ਚੋਂ ਲੋਭ ਲਾਲਸਾ ਕਾਰਨ ਪਣਪ ਚੁੱਕੀ ਬੁਜਦਿਲੀ ਵਾਲੀ ਭਾਵਨਾ ਖਤਮ ਨਹੀ ਹੁੰਦੀ ਓਨੀ ਦੇਰ ਕੌਮ ਦੇ ਸਿਧਾਂਤਾਂ ਤੇ ਹਮਲੇ ਹੁੰਦੇ ਰਹਿਣਗੇ, ਅਤੇ ਓਨੀ ਦੇਰ ਨਰਾਇਣ ਦਾਸ ਵਰਗੇ ਦੋ ਕੌਡੀ ਦੇ ਬੂਬਨੇ ਸਾਡੇ ਗੁਰੂਆਂ ਤੇ ਚਿੱਕੜ ਸੁਟਣ ਦੀ ਹਿੰਮਤ ਦਿਖਾਉਂਦੇ ਰਹਿਣਗੇ।ਇਸ ਸਚਾਈ ਤੋ ਮੁਨਕਰ ਹੋਣਾ, ਅਪਣੇ ਵਿਨਾਸ ਵੱਲ ਵਧਣ ਵਰਗੀ ਗੁਸਤਾਖੀ ਹੋਵੇਗੀ।

ਬਘੇਲ ਸਿੰਘ ਧਾਲੀਵਾਲ
99142-58142