ਜਿੰਦਗੀ ‘ਚ ਸੁਨਹਿਰੀ ਭਵਿੱਖ ਲਿਆਉਣ ਲਈ ਲੱਖਾਂ ਪਾਪੜ ਵੇਲਣੇ ਪੈਂਦੇ ਨੇ ਕਿਰਤ ਕਰਨਾ ਵੰਡ ਛੱਕਣਾ ਨਾਮ ਜਪਣਾ ਤਾਹੀਂ ਚੌਰਾਸੀ ਕੱਟੀ ਜਾਂਦੀ ਹੈ । ਸ਼ਾਇਦ ਏਸੇ ਕਰਕੇ ਹੀ ਗੁਰੂ ਘਰ ਵਿੱਚ ਸ਼ਰਧਾ ਭਾਵਨਾ ਨਾਲ ਜੋ ਸ਼ਹੀਦੀ ਦਿਹਾੜੇ ਤੇ ਇੱਕਤਰ ਹੋਈਆਂ ਸੰਗਤਾਂ ਦਾ ਠਾਠਾ ਮਾਰਦਾ ਇੱਕਠ ਨੂੰ ਇਹ ਕਦੇ ਨਹੀ ਸੀ ਪਤਾ ਕਿ ਜੇਠ ਮਹੀਨੇ ਦੀ ਤਪਦੀ ਲੋਅ ਦੇ ਵਿੱਚ ਸ਼ਹੀਦੀ ਦਿਹਾੜੇ ਤੇ ਜਿੰਦਗੀ ਕੁੱਝ ਪਲਾ ਦੀ ਪਰਾਉਣੀ ਹੈ । ਇਹ ਭਾਣਾ ਵਰਤ ਜਾਉ ਇਹ ਕਦੇ ਕਿਸੇ ਸੁਪਨੇ ਵਿੱਚ ਵੀ ਨਹੀ ਸੀ ਸੋਚਿਆ । ਅੱਜ ਵੀ ਚੜਦੇ ਜੂਨ ਦੀਆਂ ਆਹ ਤਰੀਕਾਂ ਤੇ ਸੰਨ ੧੯੮੪ ਦਾ ਸਾਲ ਕਦੇ ਵੀ ਨਹੀ ਭੁੱਲਣਾ । ਜਿੰਨਾ ਮਾਵਾਂ ਦੀਆਂ ਉੱਜੜੀਆਂ ਕੁੱਖਾਂ ਉੱਜੜੇ ਸੁਹਾਗ ਮਸੂਮਾਂ ਦੀਆਂ ਕਿਲਕਾਰੀਆਂ ਤੇ ਫੌਜੀ ਵੀਰਾਂ ਦੀਆਂ ਸ਼ਹੀਦੀਆਂ ਤੇ ਬੁੰਗਾ ਰਾਮਗੜੀਆ ਸ਼੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਣਾ ਕਦੇ ਵੀ ਮਨਾ ‘ਚੋਂ ਕਦੇ ਨੀ ਵਿਸਾਰਿਆ ਜਾ ਸਕਦਾ ।
ਸ੍ਰੀ ਹਰਿਮੰਦਰ ਸਾਹਿਬ ਜਿਸਦੀ ਨੀਂਹ ਗੁਰੂ ਰਾਮਦਾਸ ਜੀ ਨੇ ਸਾਈ ਮੀਆ ਮੀਰ ਤੋਂ ਰੱਖਵਾ ਕੇ ਚਾਰ ਦਰਵਾਜੇ ਰੱਖਣ ਦਾ ਇੱਕ ਹੀ ਮਕਸਦ ਸੀ ਕਿ ਸਭ ਧਰਮਾਂ ਦਾ ਸਾਂਝਾ ਤੀਰਥ ਅਸਥਾਨ ਬਣਾਇਆ ਜਾਵੇ । ਅਮੀਰ ਗਰੀਬ ਹਿੰਦੂ ਮਸਲਿਮ ਸਿੱਖ ਇਸਾਈ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ । ਉਹ ਅਦੁੱਤੀ ਅੰਮ੍ਰਿਤਮਈ ਬਾਣੀ ‘ਚ ਲੀਨ ਹੋ ਜਾਤਾਂ-ਪਾਤਾਂ ਤੋਂ ਉੱਪਰ ਉੱਠਦੇ ਨੇ । ਪਰ ਸਾਕਾ ਨੀਲਾ ਤਾਰਾ ਵਕਤ ਦੀਆਂ ਹਕੂਮਤਾਂ ਵੱਲੋ ਦਿੱਤਾ ਅਜਿਹਾ ਜਖ਼ਮ ਹੈ ਜੋ ਨਸੂਰ ਬਣ ਅੱਜ ਵੀ ਦਿਲ ‘ਚ ਚੁੱਬਦਾ ਹੈ । ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਜਾ ਸਕਦਾ ਪਰ ਕਦੇ ਭੁੱਲਿਆ ਨਹੀਂ ਜਾ ਸਕਦਾ ਹੈ ।
ਹਰ ਵਕਤ ਕਲੇਜੇ ਇੱਕ ਚੀਸ ਜਿਹੀ ਉੱਠਦੀ ਰਹਿੰਦੀ ਹੈ ਕਿ ਮੈ ਉਸ ਦੇਸ਼ ਦੀ ਵਾਸੀ ਹਾਂ ਜਿੱਥੇ ਕਾਲੇ ਹਿਰਨ ਨੂੰ ਤੇ ਗਾਊ ਮਾਤਾ ਨੂੰ ਤਾਂ ਇਨਸਾਫ ਮਿਲ ਜਾਂਦਾ ਹੈ । ਪਰ ਇੱਕ ਫਿਰਕੇ ਤੇ ਹੋਇਆ ਨਸਲੀ ਹਮਲੇ ਦੀ ਕੋਈ ਸੁਣਵਾਈ ਨੀ ਹੋਈ । ਗੁਰੂ ਘਰ ਸ਼ਰਧਾ ਰੱਖਣ ਵਾਲੇ ਬੇਗੁਨਾਹਾਂ ਨੂੰ ਮਿਲੀ ਬੇਵਜਾ ਸਜਾਏ ਮੌਤ ਜਿੰਨਾ ਦੀ ਗਿਣਤੀ ਸੈਂਕੜੇ ਨਹੀਂ ਬਲਕਿ ਹਜਾਰਾਂ ‘ਚ ਸੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ । ਮਸੂਮਾਂ ਦੀਆਂ ਚੀਖਾਂ ਨਾਲ ਅੰਬਰ ਗੂੰਜ ਉੱਠਿਆ । ਜਿਸ ਵਿੱਚ ਮਸੂਮ ਜਿੰਦਾ ਜੋ ਮਾਂ ਦੀ ਛਾਤੀ ਨਾਲ ਹੀ ਲੱਗੀਆਂ ਰਹਿ ਗਈਆਂ ਤੇ ਮਾਂਵਾਂ ਸ਼ਹੀਦ ਹੋ ਚੁੱਕੀਆਂ ਸਨ । ਜਦ ਕਿਸੇ ਜੰਗ ਦਾ ਐਲਾਨ ਹੁੰਦਾ ਤਾਂ ਬੱਚੇ ਇਸਤਰੀਆਂ ਤੇ ਬਜੁਰਗਾਂ ਤੇ ਕਦੀ ਵੀ ਵਾਰ ਨਹੀਂ ਹੁੰਦਾ । ਪਰ ਇਸ ਜੰਗ ਵਿੱਚ ਕੀ ਬੱਚੇ ਕੀ ਔਰਤਾਂ ਤੇ ਬਜੁਰਗਾਂ ਤੇ ਅੰਨੇਵਾਹ ਤਸ਼ੱਦਦ ਕੀਤਾ ਗਿਆ ਤੇ ਸਭ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ । ਪਰ ਸੱਤਾ ਦੇ ਨਸ਼ੇ ‘ਚ ਚੂਰ ਹਾਕਮ ਨੇ ਕਿਸੇ ਨੂੰ ਨਹੀਂ ਬਖਸ਼ਿਆ ।
ਮੇਰੀ ਉਮਰ ਉਦੋਂ ੧੫ ਸਾਲ ਸੀ । ਮੇਰਾ ਪੇਕਾ ਪਿੰਡ ਪੰਡੋਰੀ ਮਹਿੰਮਾ ਅੰਮ੍ਰਿਤਸਰ ਤੋਂ ਕੋਈ ੧੨ ਕਿਲੋਮੀਟਰ ਦੀ ਦੂਰੀ ਤੇ ਹੈ । ਗੋਲੀਆਂ ਬੰਬਾਂ ਦੀ ਅਵਾਜ ਸਾਡੇ ਪਿੰਡਾ ਤੱਕ ਲਗਾਤਾਰ ਸੁਣਦੀ ਸੀ । ੧ ਜੂਨ ਤੋਂ ੬ ਜੂਨ ਲਗਾਤਾਰ ਬੰਬਾਰੀ ਹੁੰਦੀ ਰਹੀ । ਸਾਰੇ ਪਾਸੇ ਸਹਿਮ ਦਾ ਮਾਹੌਲ ਸੀ । ੬ ਜੂਨ ਤਂੋ ਬਾਅਦ ਸ੍ਰੀ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਗਿਆ ਤਾਂ ਅਸੀਂ ਸਮੇਤ ਪਰਿਵਾਰ ਗਏ। ਕਿਉਂਕਿ ਮੇਰੇ ਪਿਤਾ ਜੀ ਅਕਸਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ ਕਰਿਆ ਕਰਦੇ ਸੀ । ਮੈਨੂੰ ਯਾਦ ਹੈ ਸੰਤਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮੇਰੇ ਪਿਤਾ ਜੀ ਨੇ ਕਈ ਦਿਨ ਅੰਨ ਜਲ ਨਹੀ ਸੀ ਛਕਿਆ ਸੀ । ਸਾਨੂੰ ਸਮੇਤ ਪਰਿਵਾਰ ਉਹ ਦਰਬਾਰ ਸਾਹਿਬ ਲੈ ਆਏ ਉੱਥੇ ਜੋ ਮੰਜਰ ਦੇਖਿਆ ਅੱਜ ਤੱਕ ਨਹੀਂ ਭੁੱਲਦਾ । ਕਿਵੇਂ ਹਰ ਪਾਸੇ ਖੂਨ ਹੀ ਖੂਨ ਪਸਰਿਆ ਸੀ । ਇੱਕ ਬੱਚਾ ਜਿਸ ਦੇ ਮੂੰਹ ‘ਚ ਦੁੱਧ ਵਾਲੀ ਬੋਤਲ ਪਈ ਸੀ ਪਰ ਉਹ ਜਾਰੋ ਜਿਰ ਰੋ ਰਿਹਾ ਸੀ ਮਾਂ ਨੂੰ ਲੱਭ ਰਿਹਾ ਸੀ ਪਰ ਮਾਂ ਮਰ ਚੁੱਕੀ ਸੀ । ਹਰ ਪਾਸਿਉਂ ਸੜਾਂਦ ਦੀ ਬੂ ਆ ਰਹੀ ਸੀ । ਸਰੋਵਰ ਦਾ ਪਵਿੱਤਰ ਜਲ ਵੀ ਖੂਨੋ-ਖੂਨ ਹੋਇਆ ਪਿਆ ਸੀ । ਪ੍ਰਕਰਮਾ ਕਰ ਜਦ ਅਸੀਂ ਅਕਾਲ ਤਖਤ ਸਾਹਿਬ ਕੋਲ ਆਏ ਤਾ ਸੱਚੀ ਜਾਣੀਓ ਮੇਰੇ ਪਿਤਾ ਜੀ ਉੱਚੀ ਉੱਚੀ ਰੋ ਪਏ ਮੈਂ ਵੀ ਕੋਲ ਖੜੀ ਡੋਰ ਭੋਰ ਹੋਈ ਸਾਂ ਕੁੱਝ ਵੀ ਨਹੀਂ ਸੁੱਝ ਰਿਹਾ ਕਿ ਅਜਿਹਾ ਕਿਉਂ ਹੋਇਆ ਹੈ ਤੇ ਕਿਹਨੇ ਕਰਵਾਇਆ ਹੈ ।
ਹਰਿਮੰਦਰ ਸਾਹਿਬ ਦੀ ਅਜਿਹੀ ਹਾਲਤ ਦੇਖ ਹਰੇਕ ਉਸ ਬੰਦੇ ਦੇ ਮਨ ‘ਚ ਦਰਦ ਸੀ ਤੇ ਰੋਹ ਵੀ ਜੋ ਇਨਸਾਨੀਅਤ ਨੂੰ ਪਿਆਰ ਕਰਦਾ ਸੀ । ਉਸ ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਬਣੇ ਤੁਸੀਂ ਸਭ ਭਲੀਭਾਂਤ ਜਾਣੂ ਹੋ । ਕਿਵੇਂ ਧੀਆਂ ਭੈਣਾ ਬੇਪਤ ਹੋਈਆਂ ਕਿਵੇ ਗਲਾ ‘ਚ ਟਾਇਰ ਪਾ ਸਾੜੇ ਕਿੱਦਾ ਦਿੱਲੀ ਵਿੱਚ ਸਿੱਖਾ ਦੀ ਲੁੱਟਮਾਰ ਹੋਈ ਤੋਂ ਲੈ ਕੇ ਅੱਜ ਬਹਿਬਲ ਕਲਾਂ ਕਾਂਡ ਤੱਕ ਸਿੱਖਾਂ ਨਾਲ ਬੇਇਨਸਾਫੀ ਹੋਈ । ਵੀਰੋ ਸਭ ਤੁਹਾਡੇ ਸਾਹਮਣੇ ਹੈ । ਅੱਜ ਤੱਕ ਉਹਨਾ ਦੋਸ਼ੀਆਂ ਨੂੰ ਸਜਾਵਾਂ ਤਾਂ ਕੀ ਦੇਣੀਆਂ ਨਿੱਤ ਨਵੇ ਜਖ਼ਮ ਦਿੱਤੇ ਨੇ ਸਮੇਂ ਦੀਆਂ ਸਰਕਾਰਾਂ ਨੇ । ਪਰ ੩੩ ਵਰੇ ਬੀਤ ਜਾਣ ਤੇ ਵੀ ਕੌਮ ਨੂੰ ਇਨਸਾਫ ਨਾ ਮਿਲਣਾ ਇੱਕ ਕੌਮ ਪ੍ਰਤੀ ਬੇਇਨਸਾਫੀ ਹੈ । ਸਰਕਾਰਾਂ ਦੀ ਹੈਂਕੜਬਾਜੀ ਨੇ ਸੈਂਕੜੇ ਹੀ ਨਹੀਂ ਹਜਾਰਾਂ ਹੀ ਘਰਾਂ ਦੀ ਅੱਗ ਬੁਝਾ ਦਿੱਤੀ । ਮਾਵਾਂ ਦੀਆਂ ਅੱਖਾਂ ਦੇ ਤਾਰੇ ਕਈ ਭੈਣਾ ਦੇ ਸੁਹਾਗ ਤੇ ਸਾਰੀ ਉਮਰੇ ਦੇ ਹਾਓਕੇ ਲੈ ਅੱਜ ਵੀ ਵੈਣ ਪਾਉਂਦੀਆ ਹੋਈਆ ਉਹ ਵੀ ਚਿਖਾ ਵਿੱਚ ਜਲ ਕੇ ਸੁਆਹ ਹੋ ਗਈਆਂ ।
ਜਿੰਦਗੀ ਦੇ ਲੰਮੇ ਪੈਂਡੇ ਤੇਅ ਕਰਨ ਜਿੰਦਗੀ ਭਰ ਦਾ ਸਾਥ ਨਿਭਾਉਣ ਲਈ ਬਾਬੁਲ ਦਾ ਫੜਾਇਆ ਲੜ ਫੜ ਕੇ ਤੁਰਨਾ ਨਸੀਬ ਨਾ ਹੋਇਆ । ਭਾਵੇਂ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੀਆਂ ਨੇ ਪਰ ਉਸ ਦਰਦ ਭਰਿਆ ਖੌਫਨਾਕ ਮੰਜਰ ਅੱਖਾਂ ਸਾਹਮਣੇ ਆਉਂਦਾ ਹੈ ਦਿਲ ਕੰਬ ਉੱਠਦਾ ਹੈ ਉਹਨਾਂ ਦੀ ਇਹ ਅਭੁੱਲ ਯਾਦ ਇਹਨਾਂ ਦਿਨਾਂ ਵਿੱਚ ਅੱਜ ਵੀ ਦਿਲ ਨੂੰ ਕੰਬਾ ਦਿੰਦੀ ਹੈ । ਗੁਰੂ ਚਰਨਾਂ ‘ਚ ਮੈਂ ਏਹੀ ਅਰਦਾਸ ਕਰਦੀ ਹਾਂ ਕਿ ਹੇ ! ਸੱਚੇਪਾਤਸ਼ਾਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੀ ਤੇ ਮੇਰੇ ਪੰਜਾਬ ਤੇ ਸਮੁੱਚੀ ਮਾਨਵਤਾ ‘ਚ ਏਕਤਾ ਤੇ ਪ੍ਰੇਮ ਭਾਵਨਾ ਦਾ ਬਲ ਬਖਸ਼ੀ । ਮੇਰੀ ਗੁਰੂ ਚਰਨਾਂ ‘ਚ ਬੇਨਤੀ ਹੈ ਕਿ ਕਦੇ ਵੀ ਧਾਰਮਿਕ ਅਸਥਾਨਾਂ ਤੇ ਅਜਿਹਾ ਬੁਰਾ ਦੌਰ ਦੇਖਣ ਜਾ ਸੁਣਨ ਨਾਂ ਮਿਲੇ ।

ਨਿਰਮਲ ਕੌਰ ਕੋਟਲਾ