ਕਈ ਜਿਲ੍ਹਿਆਂ ‘ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ  (ਕੁਲਵੰਤ ਛਾਜਲੀ): ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮਾਨਸਾ, ਮੁਕਤਸਰ, ਬਠਿੰਡਾ, ਸੰਗਰੂਰ, ਬਰਨਾਲਾ ਆਦਿ ਜਿਲਿਆਂ ‘ਚ ਲਗਭਗ 30 ਤੋਂ ਵੱਧ ਪਿੰਡਾਂ ਵਿਚ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਗਿਆ ਕਿ ਝੋਨੇ ਦੀ ਰੌਜਾਨਾ 24 ਘੰਟੇ ਨਿਰਵਿਘਣ ਬਿਜਲੀ ਦੀ ਸਪਲਾਈ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਾਵਰ ਕਾਮ ਦੇ 20 ਕਾਰਜਕਾਰੀ ਇੰਜੀਨੀਅਰ ਅਤੇ 10 ਐਸ.ਡੀ.ਓ. ਦਫਤਰਾਂ ਅੱਗੇ ਕਲ੍ਹ ਤੋਂ 13 ਜਿਲਿ੍ਹਆਂ ਵਿਚ 30 ਥਾਂਈਂ ਧਰਨੇ ਸ਼ੁਰੂ ਕੀਤੇ ਜਾਣਗੇ। ਬਿਆਨ ਅਨੁਸਾਰ ਬੀਤੇ ਸਾਲ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਕੇ ਵੀ ਸਾਧਨਾਂ ਤੋਂ ਹਿਣੇ ਛੋਟੇ ਗਰੀਬ ਕਿਸਾਨਾਂ ਦਾ ਝੋਨਾ ਕਾਫੀ ਪਿਛੇਤਾ ਹੋਣ ਕਾਰਨ ਵਿੱਕਰੀ ਸਮੇਂ ਸਿਲ੍ਹ ਜਿਆਦਾ ਹੋਣ ਦੇ ਬਹਾਨੇ ਉਨ੍ਹਾਂ ਨੂੰ ਖਰੀਦ ਇੰਸਪੈਕਟਰਾਂ ਅਤੇ ਵਪਾਰੀਆਂ ਦੀ ਭਾਰੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਵਾਰ ਕਿਸਾਨਾਂ ਨੇ ਮੰਗ ਕੀਤੀ ਸੀ ਕਿ 20 ਜੂਨ ਤੋਂ ਪਿਛੇਤਾ ਝੋਨਾ ਲਾਉਣ ਲਈ ਸਿਲ੍ਹ ਦੀ ਮਾਤਰਾ 24% ਕੀਤੀ ਜਾਵੇ, ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਲਈ ਕਿਸਾਨਾਂ ਦੀ ਹੋਰ ਵੀ ਜਿਆਦਾ ਅੰਨ੍ਹੀ ਲੁੱਟ ਨੂੰ ਰੋਕਣ ਲਈ ਹੀ ਸਮੇਂ ਸਿਰ 10 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਵਾ ਦਿੱਤਾ ਹੈ। ਬੀਤੇ ਦਿਨੀਂ ਲਾਇਆ ਝੋਨਾ ਵਾਹੁਣ ਦੀ ਖਬਰ ਦਾ ਗੰਭੀਰ ਨੋਟਿਸ ਲੈਂਦਿਆਂ ਆਪਣੇ ਬਿਆਨ ਵਿਚ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਕਿਸਾਨਾਂ ਨਾਲ ਅਜਿਹੀ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਦਾ ਸਖਤ ਵਿਰੋਧ ਅਤੇ ਘਿਰਾਓ ਕੀਤੇ ਜਾਣਗੇ ਅਤੇ ਪਾਵਰ ਕਾਮ ਦਫਤਰਾਂ ਅੱਗੇ ਧਰਨੇ 24 ਘੰਟੇ ਬਿਜਲੀ ਸਪਲਾਈ ਚਾਲੂ ਕਰਨ ਤੱਕ ਦਿਨ-ਰਾਤ ਜਾਰੀ ਰੱਖੇ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਕਾਫਲਿਆਂ ਸਮੇਤ ਨੇੜੇ ਦੇ ਧਰਨਾ ਸਥਾਨ ਵਿਖੇ ਪਹੁੰਚੋ।