ਕੋਟਕੂਪਰਾ ੨੩ ਜੂਨ (ਗੁਰਪ੍ਰੀਤ ਸਿੰਘ ਔਲਖ ) -ਐਨਾ ਕੁੱਝ ਹੋਣ ਦੇ ਬਾਵਜੂਦ ਵੀ ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਥਮਣ ਦਾ ਨਾਮ ਨਹੀਂ ਲੈ ਰਹੀ , ਇਸੇ ਤਹਿਤ ਹੀ ਐਸ.ਆਈ.ਟੀ ਦਾ ਮੋਸਟ ਵਾਂਟੇਡ ਅਮਰੀਕ ਸਿੰਘ ਨਾਮਕ ਸ਼ਕਸ ਵੱਲੋਂ ਅੱਜ ਮੀਡੀਆ ਦੇ ਨਾਂਅ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਉਸ ਵੱਲੋਂ ਕਰੀਬ ਅੱਧਾ ਦਰਜਣ ਨਾਮੀ ਲੋਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਚਿੱਠੀ ‘ਚ ਸਿੱਧੂ, ਗੁਰਦਾਸ ਤੂਰ, ਖੱਟਾ ਸਿੰਘ, ਵਿਕਾਸ ਗੁਪਤਾ ਸਣੇ ੬ ਲੋਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਹ ਧਮਕੀ ਮਿਲਣ ਤੋਂ ਬਾਅਦ ਜਦੋਂ ਗੁਰਦਾਸ ਤੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਵੱਲੋ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ ਤਾਂ ਉਸ ਨੇ ਇਸ ਖ਼ਬਰ ਨੂੰ ਸੱਚ ਦੱਸਿਆ ਅਤੇ ਕਿਹਾ ਕਿ ਉਹ ਅਤੇ ਅਮਰੀਕ ਸਿੰਘ ਜਦੋਂ ਡੇਰੇ ਵਿਚ ਸਾਧੂ ਸਨ ਤਾਂ ਇਕੱਠੇ ਰਿਹਾ ਕਰਦੇ ਸਨ। ਗੁਰਦਾਸ ਤੂਰ ਨੇ ਇਸ ਗੱਲ ਨੂੰ ਦਾਅਵੇ ਨਾਲ ਕਿਹਾ ਕਿ ਮੀਡੀਆ ਨੂੰ ਮਿਲੀ ਇਸ ਚਿੱਠੀ ਦੇ ਅੰਤ ਵਿਚ ਅਮਰੀਕ ਦੇ ਹਸਤਾਖਰ ਹਨ ਅਤੇ ਉਨ੍ਹਾਂ ਨੂੰ ਉਸਦੇ ਹਸਤਰਖਰਾਂ ਦੀ ਬਾਖੂਬੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਇਕ ਤਰ੍ਹਾਂ ਦਾ ਡੇਰੇ ਦਾ ਸ਼ਾਰਪ ਸ਼ੂਟਰ ਸੀ ਅਤੇ ਰਾਮ ਰਹੀਮ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਗੁਰਦਾਸ ਤੂਰ ਨੇ ਦੱਸਿਆ ਕਿ ਇਹ ਸ਼ਖਸ ਕੁਝ ਵੀ ਕਰ ਸਕਦਾ ਹੈ।
ਇਥੇ ਤੁਹਾਨੂੰ ਦੱਸ ਦਈਏ ਕਿ ਡੇਰਾ ਪ੍ਰੇਮੀਆਂ ਦਾ ਨਾਮ ਬੇਅਦਬੀ ਵਿਚ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਡੇਰੇ ਨਾਲ ਸਬੰਧਤ ਕਈ ਵੱਡੇ ਚਹਿਰਿਆਂ ਦੀ ਤਲਾਸ਼ ਅਜੇ ਵੀ ਜਾਰੀ ਹੈ ਤੇ ਐਸ. ਆਈ.ਟੀ. ਵਲੋਂ ਸ਼ਾਰਪ ਸ਼ੂਟਰ ਅਮਰੀਕ ਨੂੰ ਵੀ ਮੋਸਟ ਵਾਂਟਡ ਲਿਸਟ ਵਿਚ ਰਖਿਆ ਗਿਆ ਹੈ।