19ਵੀਂ ਅਤੇ 20ਵੀਂ ਸਦੀ ਦੌਰਾਨ ਭਾਰਤ ਅੰਦਰ ਬੰਗਾਲੀਆਂ ਨੂੰ ਸਭ ਤੋਂ ਹੁਸ਼ਿਆਰ ਅਤੇ ਪੰਜਾਬੀਆਂ ਨੂੰ ਸਭ ਤੋਂ ਦਲੇਰ ਇਨਸਾਨ ਸਮਝਿਆ ਜਾਂਦਾ ਸੀ। ਬੰਗਾਲੀ ਤਾਂ ਅੱਜ ਵੀ ਉਥੇ ਹੀ ਹਨ ਪਰ 21ਵੀਂ ਸਦੀ ਚੜਨ ਵੇਲੇ ਪੰਜਾਬ ਨੂੰ ਅਜੇਹੀ ਨਜ਼ਰ ਲੱਗੀ ਕਿ ਪੰਜਾਬ ਦਾ ਗਰਾਫ ਦਿਨੋਂ-ਦਿਨ ਘਟਨਾ ਸ਼ੁਰੂ ਹੋ ਗਿਆ। ਪੰਜਾਬ ਅੰਦਰ ਪੰਥਕ ਸਰਕਾਰ ਬਣੀ ਤੇ ਉਸ ਦੌਰਾਨ ਨਸ਼ੇ ਵਰਗੀਆਂ ਬਹੁਤ ਅਜਿਹੀਆਂ ਕੁਰੀਤੀਆਂ ਜੁੜੀਆਂ ਜੋ ਅਜੇ ਤੱਕ ਪੰਜਾਬ ਦੀ ਨੌਜਵਾਨੀ ਨੂੰ ਜੜ੍ਹਾਂ ਤੋਂ ਖੋਖਲਾ ਕਰ ਰਹੀਆਂ ਹਨ। ਵੈਸੇ ਪੰਜਾਬ ਅੰਦਰ ਨਸ਼ਾ 21ਵੀਂ ਸਦੀ ਵਿੱਚ ਨਹੀਂ ਆਇਆ ਹੈ ਸਗੋਂ ਜਦੋ ਤੋਂ ਪੰਜਾਬ ਬਣਿਆ ਹੈ ਉਦੋਂ ਤੋਂ ਹੀ ਬਹੁਤ ਘੱਟ ਗਿਣਤੀ ਲੋਕਾਂ ਵੱਲੋਂ ਨਸ਼ੇ ਨੂੰ ਰੋਜ਼ ਮਰਰਾ ਦੀ ਜ਼ਿੰਦਗੀ ਵਿੱਚ ਵਰਤਿਆ ਜਾਂਦਾ ਸੀ। ਆਪਾਂ ਇਸਨੂੰ ਪੰਜਾਬ ਦੀ ਬਦਕਿਸਮਤੀ ਕਹੀਏ ਜਾਂ 1947 ਵੇਲੇ ਦੇ ਸਿਆਸਤਕਾਰਾਂ ਦੀ ਬੇਈਮਾਨੀ ਜੋ ਉਨ੍ਹਾਂ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਅਜਿਹਾ ਵੰਡਿਆਂ ਕਿ ਪੰਜਾਬੀਆਂ ਨੂੰ ਖੇਤੀਬਾੜੀ ਕਰਨ ਸਰਹੱਦੋਂ ਪਾਰ ਜਾਣਾ ਪੈਂਦਾ ਰਿਹਾ। ਹਕੀਕਤ ਵਿੱਚ 1947 ਦੌਰਾਨ  ਭਾਰਤ ਅਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ ਸਗੋਂ ਪੰਜਾਬ ਦੀ ਵੰਡ ਹੋਈ ਸੀ। ਜਿਸ ਵੰਡ ਨੂੰ ਉਸ ਵੇਲੇ ਦੀ ਸਰਕਾਰ ਨੇ ਤਾਂ ਕਾਮਯਾਬ ਕਰ ਦਿੱਤਾ ਪਰ ਪੰਜਾਬੀਆਂ ਦੇ ਹੌਂਸਲਿਆਂ ਅਤੇ ਜਿਗਰਿਆਂ ਨੂੰ ਸਰਕਾਰ ਢੇ ਢੇਰੀ ਕਰਨ ਵਿੱਚ ਬਿਲਕੁਲ ਨਾ ਕਾਮਯਾਬ ਸਾਬਿਤ ਹੋਈ। ਏਜੰਸੀਆਂ ਨੇ ਯੁੱਕਤ ਲੜਾਈ ਤੇ ਸਾਲ 2008 ਦੌਰਾਨ ਪੰਜਾਬ ਅੰਦਰ ਸੰਥੈਟਿਕ ਨਸ਼ੇ ਦੀ ਆਮਦ ਨੂੰ ਧਰਤੀ ਤੋਂ ਅਸਮਾਨ ਤੱਕ ਕਰ ਦਿੱਤਾ। ਸੰਥੈਟਿਕ ਨਸ਼ੇ ਨੂੰ ਇਸ ਕਦਰ ਪੰਜਾਬ ਵਿੱਚ ਉਭਾਰਿਆ ਗਿਆ ਕਿ ਬਹੁਤ ਤੇਜ਼ੀ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨ ਇਸਦੀ ਚਪੇਟ ਵਿੱਚ ਆ ਗਏ। ਵੱਡਾ ਪੈਂਤੜਾ ਏਜੰਸੀਆਂ ਨੇ ਇਹ ਖੇਡਿਆ ਕਿ ਉਨ੍ਹਾਂ ਸੰਥੈਟਿਕ ਨਸ਼ਾ ਪੰਜਾਬ ਦੀ ਨੌਜਵਾਨੀ ਜਰੀਏ ਖੇਤਰ ਵਿੱਚ ਫੈਲਾਇਆ , ਪੰਜਾਬ ਦੇ ਲੋਕ ਅਫੀਮ, ਭੁੱਕੀ ਅਤੇ ਡੋਡਿਆਂ ਵਰਗੇ ਨਸ਼ਿਆਂ ਦਾ ਪਹਿਲਾਂ ਵੀ ਸੇਵਨ ਕਰਦੇ ਸਨ ਪਰ ਉਹ ਬਹੁਤ ਹੱਦ ਤੱਕ ਇਹ ਨਸ਼ਾ ਵਰਤ ਕੇ ਆਪਣੇ ਰੋਜ਼ ਦੇ ਕੰਮ ਫੁਰਤੀ ਨਾਲ ਕਰ ਲੈਂਦੇ ਸਨ। ਸੰਥੈਟਿਕ ਨਸ਼ੇ ਕਾਰਨ ਪੰਜਾਬ ਦੀ ਨੌਜਵਾਨੀ ਅਜਿਹੀ ਪ੍ਰਭਾਵਿਤ ਹੋਈ ਕਿ ਉਨ੍ਹਾਂ ਕੰਮ ਤਾਂ ਕੀ ਕਰਨਾ ਸੀ ਸਗੋਂ ਇਸ ਨਸ਼ੇ ਦੀ ਵਰਤੋਂ ਨਾਲ ਉਨ੍ਹਾਂ ਦੇ ਪਰਿਵਾਰਕ ਅਤੇ ਸਰੀਰਕ ਜੀਵਨ ਉੱਪਰ ਵੀ ਬਹੁਤ ਡੂੰਗਾ ਅਸਰ ਹੋਣ ਲੱਗ ਗਿਆ। ਅਸੀਂ ਪਿਛਲੇ ਦਿਨਾਂ ਤੋਂ ਕਾਫੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਸ ਚਿੱਟੇ ਦੇ ਟੀਕੇ ਕਾਰਨ ਮਰਦੇ ਦੇਖਿਆ ਅਤੇ ਸ਼ੋਸਲ ਮੀਡੀਆ ਉੱਪਰ ਕਈ ਵੀਡੀਓ ਵੀ ਵਾਇਰਲ ਹੋਈਆਂ ਹਨ, ਜੋ ਸਭ ਸਾਡੇ ਸਾਹਮਣੇ ਹੈ। ਹੈਰਾਨੀ ਤਾਂ ਅੱਜ ਇਸ ਗੱਲ ਦੀ ਹੋ ਰਹੀ ਹੈ ਕਿ ਪੰਜਾਬ ਅੰਦਰ ਨੌਜਵਾਨ ਤਕਰੀਬਨ ਪਿਛਲੇ 5 ਸਾਲ ਤੋਂ ਚਿੱਟੇ ਦੇ ਪ੍ਰਕੋਪ ਹੇਠ ਹਨ ਪਰ ਐਨੀਆਂ ਮੌਤ ਇਕ ਮਹੀਨੇ ਵਿੱਚ ਨਹੀਂ ਹੋਈਆਂ ਸਨ ਜਿੰਨ੍ਹੀਆਂ ਇਨ੍ਹਾਂ ਦਿਨਾਂ ਵਿੱਚ ਪੰਜਾਬ ਅੰਦਰ ਹੋ ਰਹੀਆਂ ਹਨ। ਪੰਜਾਬ ਵਿੱਚ ਇਸ ਵੇਲੇ 2 ਮੁੱਦੇ ਬਹੁਤ ਭੱਖਦੇ ਦਿਖਾਈ ਦਿੰਦੇ ਹਨ ਤੇ ਦੋਵੇਂ ਮੁੱਦੇ ਸਾਡੇ ਧਰਮ ਅਤੇ ਸਾਡੀ ਏਕਤਾ ਨੂੰ ਪੂਰੀ ਦੁਨੀਆ ਅਗੇ ਦਰਸ਼ਾ ਰਹੇ ਹਨ । ਪਹਿਲਾ ਮੁੱਦਾ ਪੰਜਾਬ ਅੰਦਰ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਚੱਲ ਰਹੇ ਸੰਘਰਸ਼ ਦਾ ਹੈ, ਜਿੱਥੇ ਅੱਜ ਇਸ ਸੰਘਰਸ਼ ਹੇਠ ਸਾਰੀ ਕੌਮ ਇਕਜੁੱਟ ਹੁੰਦੀ ਜਾਪਦੀ ਸੀ ਉੱਥੇ ਹੀ ਪੰਜਾਬ ਦੀ ਜਨਤਾ ਦਾ ਧਿਆਨ ਇਸ ਪਾਸਿਓਂ ਲਾਂਭੇ ਕਰਨ ਲਈ ਏਜੰਸੀਆਂ ਜਾਂ ਮਾੜੇ ਚਿੰਤਕਾਂ ਨੇ ਮਿਲਾਵਟੀ ਨਸ਼ੇ ਦੀ ਨਸ਼ੇੜੀਆਂ ਨੂੰ ਸਪਲਾਈ ਦਿੱਤੀ ਜਿਸਦੀ ਬਦੌਲਤ ਜਿਵੇਂ-ਜਿਵੇਂ ਕੋਈ ਉਸ ਨਸ਼ੇ ਨੂੰ ਕਰਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਉਹ ਥਾਈਂ ਮਰਦਾ ਜਾ ਰਿਹਾ ਹੈ। ਦੂਜਾ ਮੁੱਦਾ ਵੈਸੇ ਕੋਈ ਜਿਆਦਾ ਵੱਡਾ ਨਹੀਂ ਪਰ ਫਿਰ ਵੀ ਏਜੰਸੀਆਂ ਉਸ ਮੁੱਦੇ ਤੋਂ ਬਹੁਤ ਡਰਦੀਆਂ ਹਨ, ਉਹ ਮੁੱਦਾ ਹੈ ਖਾਲਿਸਤਾਨ ਜਾ ਸਿੱਖ ਰੈਫੋਰੈਂਡਮ 2020 ਦਾ। ਪੰਜਾਬ ਅੰਦਰ ਬੈਠੇ ਬਹੁ ਗਿਣਤੀ ਪੰਜਾਬੀ ਵੈਸੇ ਇਸਦੀ ਖਿਲਾਫਤ ਕਰਦੇ ਹਨ ਪਰ ਫਿਰ ਵੀ ਸਰਕਾਰਾਂ ਕੋਈ ਰਿਸਕ ਨਾ ਲੈਂਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਮਾੜਾ ਨਸ਼ਾ ਕਰਵਾ ਕੇ ਇਨ੍ਹਾਂ ਸੰਘਰਸ਼ਾਂ ਨੂੰ ਲਾਂਭੇ ਕਰਨ ਵਿਚ ਜੁੱਟੀਆਂ ਹੋਈਆਂ ਜਾਪਦੀਆਂ ਹਨ। ਜੇਕਰ ਆਪਾਂ ਆਪਣੀ ਇਸ ਸਾਰੀ ਤਰਕ ਨੂੰ  ਝੁਠਲਾ ਦਈਏ ਤੇ ਸੋਚੀਏ ਕਿ ਜੋ ਪੰਜਾਬ  ਵਿੱਚ ਹੋ ਰਿਹਾ ਹੈ ਉਹ ਸਿਰਫ ਪੈਸੇ ਕਮਾਉਣ ਦੀ ਲਾਲਸਾ ਦੇ ਨਤੀਜੇ ਵਜੋਂ ਹੀ ਰਿਹਾ ਹੈ ਤੇ ਏਜੰਸੀਆਂ ਦਾ  ਇਸ ਵਿੱਚ ਬਿਲਕੁਲ ਹੱਥ ਨਹੀਂ ਤਾਂ ਫਿਰ ਪੁਲਿਸ ਹੀ ਇਸਦੀ ਮੁੱਖ ਜਿੰਮੇਵਾਰ ਹੈ। ਪੰਜਾਬ ਸਰਕਾਰ ਨੇ ਵੀ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜੋ ਨਸ਼ਿਆਂ ਉੱਪਰ ਜੋ ਠੱਲ ਪਾਉਣ ਵਿੱਚ ਕਾਮਯਾਬ ਸਾਬਿਤ ਹੋਣੀਆਂ ਚਾਹੀਦੀਆਂ ਸਨ ਪਰ ਇਸਦੇ ਉਲਟ ਕੈਪਟਨ ਸਰਕਾਰ ਦੀ ਸਭ ਤੋਂ ਵੱਡੀ ਨਾਕਾਮਯਾਬੀ ਇਹ ਰਹੀ ਕਿ ਖੇਤਰ ਵਿੱਚ ਲਾਅ ਐਂਡ ਆਡਰ ਦੀ ਸਤਿਥੀ ਕਾਬੂ ‘ਚ ਰੱਖਣ ਵਾਲੀ ਪੁਲਿਸ ਜਿਵੇਂ ਪਿਛਲੀ ਸਰਕਾਰ ਵੇਲੇ ਰੋਲ ਅਦਾ ਕਰਦੀ ਸੀ ਅੱਜ ਵੀ ਉਵੇਂ ਹੀ ਉਹੀ ਅਫਸਰ ਕੁਰਸੀਆਂ ਉੱਪਰ ਕਾਬਜ ਬੈਠੇ ਹਨ ਜਿਸਦੀ ਬਦੌਲਤ ਚਿੱਟਾ ਅੱਜ ਵੀ ਮਿਲ ਰਿਹਾ ਪਰ ਪਿਛਲੀ ਸਰਕਾਰ ਵੇਲੇ ਜੋ ਚਿੱਟੇ ਦੀ ਕੀਮਤ ਸੀ ਉਸਤੋਂ ਦੁੱਗਣਾ ਮਹਿੰਗਾ ਅੱਜ ਵੀ ਵਿੱਕ ਰਿਹਾ ਹੈ। ਇਕ ਵਾਰ ਦੀ ਗੱਲ ਹੈ ਕਿ ਇਕ ਮੇਰਾ ਚੰਗਾ ਦੋਸਤ ਨਸ਼ੇ ਖਿਲਾਫ ਬਹੁਤ ਜੰਗੀ ਪੱਧਰ ਤੇ ਮੁਹਿੰਮ ਚਲਾਇਆ ਕਰਦਾ ਸੀ, ਇਕ ਦਿਨ ਉਸਨੁੰ ਨਸ਼ਾ ਵੇਚਣ ਵਾਲੇ ਲੋਕਾਂ ਬਾਰੇ ਪਤਾ ਲੱਗਾ ਤੇ ਜਿਸਦੀ ਉਸਨੇ ਨਾਮ ਨਾ ਨਸ਼ਰ ਕਰਨ ਦੀ ਸ਼ਰਤ ਤੇ ਪੁਲਿਸ ਨੂੰ ਇਤਲਾਹ ਦਿੱਤੀ, ਪੁਲਿਸ ਨੇ ਇਤਲਾਹ ਦੇ ਉੱਪਰ ਕਾਰਵਾਈ ਕਰਕੇ ਉਨ੍ਹਾਂ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਤਾਂ ਕੀ ਚੱਕਣਾ ਸੀ ਸਗੋਂ ਪੁਲਿਸ ਆਵਦੀ ਨਾਲਾਇਕੀ ਦਿਖਾਉਂਦਿਆਂ ਇਤਲਾਹ ਦੇਣ ਵਾਲੇ ਮੇਰੇ ਦੋਸਤ ਦਾ ਸਾਰਾ ਪਤਾ ਅਤੇ ਮੋਬਾਈਲ ਨੰਬਰ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਜਾ ਦਿੱਤਾ। ਕਿਧਰੇ ਉਹ ਵਿਚਾਰਾ ਪਹਿਲਾ ਗੁਪਤ ਰਹਿ ਕਿ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਉੱਪਰ ਕਾਰਵਾਈ ਕਰਵਾਉਣਾ ਚਾਹੁੰਦਾ ਸੀ ਤੇ ਕਿਧਰੇ ਹੁਣ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਵੱਲੋਂ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਸਮਾਜ ਦਾ ਭੱਲਾ ਕਰਦਾ ਉਹ ਆਵਦੀ ਜਾਨ ਬਚਾਉਣ ਦੇ ਰਸਤੇ ਲੱਭਣ ਲੱਗਾ, ਜਿਸਤੋਂ ਬਾਅਦ ਅੱਜ ਹੁਣ ਉਹ ਵਲੈਤ ਵਿਚ ਬੈਠਾ ਹੈ। ਮੈਂ ਇਹ ਕਹਾਣੀ ਤੁਹਾਨੂੰ ਇਸ ਲਈ ਦੱਸੀ ਹੈ ਤਾਂ ਜੋ ਪੁਲਿਸ ਅਤੇ ਨਸ਼ਾ ਸੌਦਾਗਰਾਂ  ਦਾ ਆਪਸੀ ਤਾਲਮੇਲ ਤੁਹਾਡੇ ਦਰਮਿਆਨ ਰੱਖਿਆ ਜਾ ਸਕੇ। ਕਾਫੀ ਪੁਲਿਸ ਕਰਮੀ ਬਹੁਤ ਇਮਾਨਦਾਰੀ ਨਾਲ ਆਪਣੀ ਡਿਊਟੀ ਵੀ ਨਿਭਾਉਂਦੇ ਹਨ ਪਰ ਉੱਥੇ ਹੀ ਕਈ ਅਜਿਹੇ ਪੁਲਿਸ ਅਫਸਰ ਵੀ ਹਨ ਜੋ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਦੇ ਸੂਚਕ ਬਣਕੇ ਰਹਿ ਚੁੱਕੇ ਹਨ। ਮੈਂ ਪੰਜਾਬ ਦੀ ਸਾਰੀ ਪੁਲਿਸ ਉੱਪਰ ਸਵਾਲ ਨਹੀਂ ਖੜ੍ਹਾ ਕਰਦਾ ਪਰ ਉਨ੍ਹਾਂ ਅਫਸਰਾਂ ਅਤੇ ਮੁਲਾਜਮਾਂ ਉੱਪਰ ਜਰੂਰ ਸਵਾਲ ਖੜਾ ਕਰਾਂਗਾ ਜੋ ਪੈਸਿਆਂ ਦੇ ਬਦਲੇ ਆਪਣੀਆਂ ਜ਼ਮੀਰਾਂ ਵੇਚ ਕੇ ਅਜਿਹੇ ਗ਼ਲਤ ਕੰਮਾਂ ਵਿੱਚ ਸਾਥ ਦਿੰਦੇ ਹਨ। ਪੰਜਾਬ ਅੰਦਰ ਸਿਆਸੀ ਸ਼ਹਿ ਇਕ ਅਜਿਹੀ ਟਰਮ ਬਣ ਗਈ ਹੈ ਜੋ ਹਰੇਕ ਸਰਕਾਰ ਵੱਲੋਂ ਲਗਾਤਾਰ ਦੁਰਵਰਤੋਂ ਕਰਨ ਦੇ ਮੁਫਾਦ ਨਾਲ ਵਰਤੀ ਜਾਂਦੀ ਹੈ। ਇਹ ਅੱਜ ਦਾ ਨਹੀਂ ਸਗੋਂ ਪੰਜਾਬ ਦਾ ਕਾਫੀ ਪੁਰਾਣਾ ਕਲਚਰ ਹੈ ਜਿਸ ਅਧੀਨ ਵੱਡੇ ਵੱਡੇ ਲੀਡਰ ਸਿਆਸੀ ਸ਼ਹਿ ਦਾ ਪ੍ਰਯੋਗ ਕਰਕੇ ਨੌਜਵਾਨਾਂ ਨੂੰ ਪੁੱਠੇ ਕੰਮਾਂ ਵੱਲ ਧੱਕ ਦਿੰਦੇ ਹਨ। ਨਸ਼ੇ ਦੀ ਵਿੱਕਰੀ ਇਸ ਸਿਆਸੀ ਸ਼ਹਿ ਅਤੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦਾ ਹੀ ਨਤੀਜਾ ਹੈ। ਪੰਜਾਬ ਸਰਕਾਰ ਨੂੰ ਅਜਿਹੇ ਕਈ ਮਾਪ ਡੰਢ ਪਾਸ ਕਰਨੇ ਹੋਣਗੇ ਜਿਸਤੋਂ ਬਾਅਦ ਫ਼ਿਰ ਹੀ ਨਸ਼ਾ ਬੰਦ ਹੋਣ ਦੀ  ਉਮੀਦ ਜਤਾਈ ਜਾ ਸਕਦੀ ਹੈ। ਅਹਿਮ ਗੱਲ ਤਾਂ ਇਹ ਹੈ ਭ੍ਰਿਸ਼ਟ ਮਹਿਕਮੇ, ਚਲਾਕ ਏਜੰਸੀਆਂ ਅਤੇ ਲਾਲਚੀ ਪ੍ਰਸ਼ਾਸ਼ਨ ਜਿੰਨਾਂ ਸਮਾਂ ਪੰਜਾਬ ਦੇ ਸਿਰ ਉੱਪਰ ਬੈਠੇ ਰਹਿਣਗੇ ਉਨ੍ਹਾਂ ਸਮਾਂ ਪੰਜਾਬ ਨੂੰ ਇਨ੍ਹਾਂ ਗ਼ਲਤ ਕੁਰੀਤੀਆਂ ਵੱਲ ਜਾਣ ਤੋਂ ਕੋਈ ਚਮਤਕਾਰ ਹੀ ਰੋਕ ਸਕੇਗਾ। ਪੰਜਾਬ ਦੇ ਨੌਜਵਾਨਾਂ ਦੀ ਸਿਫਤ ਪੂਰੀ ਦੁਨੀਆਂ ਵਿੱਚ ਹੁੰਦੀ ਸੀ, ਜਦੋ ਕਦੇ ਕੋਈ ਬਾਹਰਲਾ ਵਿਅਕਤੀ ਪੁੱਛਦਾ ਸੀ ਕਿ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਤੇ ਜਦੋਂ ਅਗਿਓ ਦੱਸਿਆ ਜਾਂਦਾ ਸੀ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਤਾਂ ਅਗਲਾ ਬੰਦਾ ਬਹੁਤ ਖੁਸ਼ ਹੋ ਜਾਂਦਾ ਕਿ ਇਹ ਉਹ ਪੰਜਾਬ ਦੇ ਵਸਨੀਕ ਹਨ ਜੋ ਐਨੇ ਦਲੇਰ ਸਨ ਤੇ ਚਲਦੀਆਂ ਤੋਪਾਂ ਅਗੇ ਵੀ ਹਿੱਕ ਚੌੜੀ ਕਰਕੇ ਖਲੋ ਜਾਂਦੇ ਸਨ ਪਰ ਅੱਜ ਦੀ ਹਕੀਕਤ ਇਸਦੇ ਉਲਟ ਉਹੀ ਪੰਜਾਬ ਦਾ ਵਸਨੀਕ ਜੋ ਪਹਿਲਾਂ ਚਲਦੀ ਤੋਪ ਅਗੇ ਖੜਦਾ ਸੀ ਅੱਜ ਸਿਰਫ ਢਾਈ ਇੰਚ ਦੀ ਸਰਿੰਜ ਦਾ ਸ਼ਿਕਾਰ ਹੋ ਰਿਹਾ ਹੈ। ਭਵਿੱਖ ਦਾ ਸਮਾਂ ਕਾਫੀ ਤੇਜ਼ ਅਤੇ ਆਧੁਨਿਕ ਸਮਾਂ ਹੈ ਜੇਕਰ ਪੰਜਾਬ ਦੀ ਨੌਜਵਾਨੀ ਇਸ ਨਸ਼ਿਆਂ ਦੇ ਦਲਦਲ ਵਿਚੋਂ ਨਿਕਲਣ ਵਿਚ ਨਾਕਾਮਯਾਬ ਰਹੀ ਤਾਂ ਆਪਾਂ ਇਹ ਸੋਚ ਸਕਦੇ ਹਾਂ ਗੁਰੂਆਂ ਨੇ ਕੁਰਬਾਨੀਆਂ ਦੇਕੇ ਜੋ ਕੌਮ ਬਣਾਈ ਸੀ ਹੁਣ ਉਹ ਨਿਗਾਰ ਵੱਲ ਤੁਰ ਪਈ ਹੈ। ਕਈ ਅਜਿਹੇ ਹੋਰ ਮੁੱਦੇ ਵੀ ਹਨ ਜਿਨ੍ਹਾਂ ਨਾਲ ਸਬੰਧ ਜੋੜ ਕੇ ਪੰਜਾਬ  ‘ਚ ਨਸ਼ਾ ਵਾੜਿਆ ਜਾ ਰਿਹਾ ਹੈ। ਸਾਨੂੰ ਲੋੜ ਆਵਦੇ ਆਪ ਤੇ ਕਾਬੂ ਪਾਉਣ ਦੀ ਅਤੇ ਪ੍ਰਸ਼ਾਸ਼ਨ ਵੱਲੋਂ ਨਸ਼ੇ ਨੂੰ ਥੰਮਣ ਲਈ ਚਲਾਈਆਂ ਮੁਹਿੰਮਾਂ ਦਾ ਸਾਥ ਦੇਣ ਦੀ ਕਿਉਕਿ ਜੇਕਰ ਆਪਾਂ ਸੋਚੀਏ ਕਿ ਅਸੀਂ ਫੇਸਬੁੱਕ ਉਪਰ ਵੀਡੀਓ ਪਾ ਕੇ  ਜਾਂ ਨਸ਼ੇ ਦੇ ਖਿਲਾਫ ਲੋਕਾਂ ਵਿਚ ਭਾਸ਼ਣ ਦੇਕੇ ਸਮਾਜ ਸੁਧਾਰ ਦੇਵਾਂਗੇ ਤਾਂ ਅਸੀਂ ਬਿਕੁੱਲ ਗਲਤ ਹਾਂ, ਇਹ ਸੰਭਵ ਨਹੀਂ। ਹਰੇਕ ਵਿਅਕਤੀ ਜੇਕਰ ਆਪਣਾ ਘਰ ਸੁਧਾਰਨ ਵਿਚ ਕਾਮਯਾਬ ਹੋ ਜਾਵੇ ਤਾਂ ਸਮਾਜ ਆਪਣੇ ਆਪ ਸੁਧਗਰੇਗਾ। ਮੈਂ ਕਈ ਅਜਿਹੇ ਵੀਰ ਦੇਖੇ ਹਨ ਜੋ ਇਸ ਸੰਜੀਦਾ ਮੁੱਦੇ ਉੱਪਰ ਸਿਰਫ ਫੇਸਬੁੱਕ ਉੱਪਰ ਲਾਈਵ ਹੋ ਕੇ ਤੇ ਸਟੇਟਸ ਪਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ, ਕਈ ਤਾਂ ਅਜਿਹੇ ਬੰਦੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਕਰਦੇ ਹਨ ਜੋ ਖੁਦ ਆਪ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹੁੰਦੇ ਹਨ। ਇਸ ਮਸਲੇ ਨੂੰ ਲੰਬਾ ਨਾ ਖਿੱਚਦੇ ਆਖਿਰ ਵਿਚ ਮੈਂ ਇਹੀ ਕਹਾਂਗਾ ਕਿ ਜੇਕਰ ਅੱਜ ਆਪਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਲਾਂਬੇ ਕਰਨ ਵਿਚ ਸਫ਼ਲ ਨਾ ਹੋ ਪਾਏ ਤਾਂ ਭਵਿੱਖ ਵਿਚ ਸਾਡੇ ਸਾਹਮਣੇ ਸਾਡੀਆਂ ਗ਼ਲਤੀਆਂ ਤੋਂ ਇਲਾਵਾ ਕੁਝ ਵੀ ਹੋਰ ਨਹੀਂ ਹੋਵੇਗਾ। ਦੂਜੇ ਪਾਸੇ ਸਰਕਾਰਾਂ ਦੇ ਦਾਅਵੇ ਵੀ ਕਿੰਨੇ ਕ ਕਾਰਗਰ ਸਾਬਤ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਤਰਲੋਚਨ ਸਿੰਘ ਬਰਾੜ