ਜਿਉਂ ਹੀ ਪੰਜਾਬ ਵਿੱਚ ਸਿਆਸਤ ਦਾ ਪਾਰਾ ਅਸਮਾਨ ਤੇ ਪਹੁੰਚਿਆ ਹੈ ਉਸਦੇ ਮੱਦੇਨਜ਼ਰ ਹੀ ਸਿਆਸੀ ਆਗੂਆਂ ਨੇ ਆਪਣੀਆਂ ਤਿਆਰੀਆਂ ਕਾਫੀ ਤੇਜ ਕਰ ਦਿੱਤੀਆਂ ਹਨ। ਜਿਸਦੇ ਮੱਦੇਨਜ਼ਰ ਕਾਂਗਰਸ ਸਰਕਾਰ ਦੇ ਨਿਸ਼ਾਨੇ ਤੇ ਰਹੇ ਬਿਕਰਮ ਮਜੀਠੀਆ ਨੂੰ ਹੁਣ ਗ੍ਰਿਫਤਾਰੀ ਦਾ ਡਰ ਸਤਾਉਣ ਲੱਗ ਗਿਆ ਹੈ। ਮਜੀਠੀਆ ਨੂੰ ਖਦਸ਼ਾ ਹੈ ਕਿ ਪੁਲਿਸ ਉਸਨੂੰ ਹਿਰਾਸਤ ਵਿੱਚ ਲੈ ਕੇ ਉਸ ’ਤੇ ਤਸ਼ੱਦਦ ਢਾਹੁਣਾ ਤੇ ਬੇਇੱਜ਼ਤ ਕਰਨਾ ਚਾਹੁੰਦੀ ਹੈ। ਇਹ ਦਾਅਵਾ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਕੀਤਾ ਹੈ। ਮਜੀਠੀਆ ਇਸ ਵੇਲੇ ਅੰਤ੍ਰਿਮ ਜ਼ਮਾਨਤ ‘ਤੇ ਚੱਲ ਰਹੇ ਹਨ ਤੇ ਉਨ੍ਹਾਂ ਦੀ ਪੱਕੀ ਜ਼ਮਾਨਤ ਬਾਰੇ ਸੁਣਵਾਈ ਅਜੇ ਚੱਲ ਰਹੀ ਹੈ।
ਬਿਕਰਮ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਅਦਾਲਤ ਨੂੰ ਦੱਸਿਆ ਹੈ ਕਿ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਮਨਸ਼ਾ ਨਿਰਪੱਖ ਜਾਂਚ ਕਰਨ ਦੀ ਨਹੀਂ ਸਗੋਂ ਹਿਰਾਸਤ ਵਿੱਚ ਲੈ ਕੇ ਉਸ ’ਤੇ ਤਸ਼ੱਦਦ ਢਾਹੁਣਾ ਤੇ ਬੇਇੱਜ਼ਤ ਕਰਨਾ ਹੈ।
ਮਜੀਠੀਆ ਨੇ ਇਸ ਸਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਆਪਣੇ ਵਕੀਲ ਡੀਐਸ ਸੋਬਤੀ ਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਡਰਗੱਜ਼ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕੀਤੀ ਗਈ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ ਤੇ ਇੱਕ-ਪਾਸੜ ਹੈ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਅੰਤ੍ਰਿਮ ਜ਼ਮਾਨਤ 24 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਉਹ ਕਈ ਵਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋ ਚੁੱਕੇ ਹਨ।