ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਕੰਮ ਕਾਜ ਠੱਪ ਰੱਖਿਆ ਗਿਆ ਕਿਉਂਕਿ ਚੰਡੀਗੜ੍ਹ ਦੇ ਸੈਕਟਰ 15 ਵਿੱਚ ਰਹਿੰਦੇ ਐਡਵੋਕੇਟ ਅਸ਼ੋਕ ਸਹਿਗਲ ਨੂੰ ਫਸਾਉਣ ਦੀ ਮਨਸ਼ਾ ਨਾਲ ਉਨ੍ਹਾਂ ਦੀ ਘਰ ਅੱਗੇ ਖੜੀ ਕਾਰ ਵਿੱਚ ਕਿਸੇ ਵੱਲੋਂ 1.5 ਕਿੱਲੋ ਗਾਂਜਾ ਰੱਖ ਦਿੱਤਾ ਗਿਆ ਸੀ। ਜਦੋਂ ਪੁਲਿਸ ਨੇ ਐਡਵੋਕੇਟ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਗਾਂਜਾ ਬਰਾਮਦ ਹੋਇਆ। ਜਿਸ ਤੋਂ ਬਾਅਦ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਨੇ ਅੱਜ ਅਦਾਲਤ ਦਾ ਕੰਮ ਕਾਜ ਠੱਪ ਕਰ ਦਿੱਤਾ ਹੈ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਖਿਆ ਹੈ ਵਕੀਲਾਂ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਲਈ ਹੀ ਵਕੀਲ ਦੀ ਕਾਰ ਵਿੱਚ ਗਾਂਜਾ ਰੱਖਿਆ ਗਿਆ ਹੈ ਤੇ ਵਕੀਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੀ ਹੜਤਾਲ ਵਿੱਚ ਪੰਜਾਬ, ਪੰਚਕੁਲਾ, ਮੋਹਾਲੀ ਦੇ ਜ਼ਿਲਿਆਂ ਦੀਆਂ ਬਾਰ ਐਸੋਸੀਏਸ਼ਨਾ ਨੇ ਵੀ ਕੰਮ ਕਾਜ ਠੱਪ ਰੱਖੇ। ਬਾਰ ਐਸੋਸੀਏਸ਼ਨ ਨੇ ਕੰਮ ਕਰਨ ਵਾਲਿਆਂ ਨੂੰ 10 ਹਜ਼ਾਰ ਦਾ ਜੁਰਮਾਨਾ ਲਾਉਣ ਦੀ ਗੱਲ ਵੀ ਆਖੀ ਗਈ ਹੈ।
ਇਸ ਮੌਕੇ ਵਕੀਲਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਹਾਈਕੋਰਟ ਵਿੱਚ ਪੀਆਈਐਲ ਦਾਖ਼ਲ ਕੀਤੀ ਜਾਵੇਗੀ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਵਕੀਲਾਂ ਦੇ ਕਾਨੂੰਨੀ ਕੰਮ ਨੂੰ ਰੋਕਣਾ ਕ੍ਰਿਮਿਨਲ ਕੰਟੈਪਟ ਆਫ਼ ਕੋਰਟ ਮੰਨਿਆ ਜਾਵੇ। ਹਾਈਕੋਰਟ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਿਧਾਨ ਸਭਾ ਵਿੱਚ ਵਕੀਲ ਸੁਰੱਖਿਆ ਬਿੱਲ ਲਿਆ ਕੇ ਜਲਦੀ ਪਾਸ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਅਜਿਹੀਆਂ ਘਟਨਾਵਾਂ ਵਿੱਚ ਵਕੀਲਾਂ ਦੀ ਸੁਰੱਖਿਆ ਯਕੀਨੀ ਹੋਵੇਗੀ
ਜਾਣਕਾਰੀ ਮੁਤਾਬਕ ਇਸ ਘਟਨਾ ਦੇ ਵਿਰੋਧ ਵਿੱਚ ਅੱਜ ਪੰਚਕੁਲਾ, ਮੋਹਾਲੀ, ਡੇਰਾਬੱਸੀ, ਅੰਮ੍ਰਿਤਸਰ, ਐਸਬੀਐਸ ਨਗਰ, ਫਾਜ਼ਿਲਿਕਾ, ਸਮਾਲਖਾ, ਜਲਾਲਾਬਾਦ ਤਰਨਤਾਰਨ ਆਦਿ ਅਦਾਲਤਾਂ ਵਿੱਚ ਕੰਮ ਠੱਪ ਕੀਤਾ ਗਿਆ ਹੈ।