ਕੈਨੇਡਾ ਵਿੱਚ ਆਪਣਾ ਚੰਗਾ ਭਵਿੱਖ ਬਣਾਉਣ ਲਈ ਪੰਜਾਬ ਦੇ ਨੌਜਵਾਨ ਲਗਾਤਾਰ ਪੜ੍ਹਾਈ ਕਰਨ ਲਈ ਜਾ ਰਹੇ ਹੈ। ਪਰ ਆਏ ਦਿਨ ਕੈਨੇਡਾ ਵਿੱਚੋਂ ਨੌਜਵਾਨਾਂ ਨਾਲ ਜੁੜੀਆਂ ਮੰਦਭਾਗੀਆਂ ਖਬਰਾਂ ਆਉਣ ਨਾਲ ਪਿਛੇ ਬੈਠੇ ਪਰਿਵਾਰ ਝੰਜੋੜੇ ਜਾਂਦੇ ਹਨ। ਕੈਨੇਡਾ ਦੇ ਸਰੀ ਤੋਂ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 18 ਸਾਲਾ ਮਹਿਕਪ੍ਰੀਤ ਸੇਠੀ ਦਾ ਚਾਕੂ ਮਾਰ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਕਪ੍ਰੀਤ ‘ਤੇ 66 ਐਵੇਨਿਊ ਸਥਿਤ ਨਿਊਟਨ ਦੇ ਤਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਚਾਕੂ ਨਾਲ ਹਮਲਾ ਕੀਤਾ ਗਿਆ । ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਛੋਟੇ ਭਰਾ ਨੂੰ ਸਕੂਲੋਂ ਲੈਣ ਗਿਆ ਸੀ । ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਵੱਲੋਂ ਬੁੱਧਵਾਰ ਨੂੰ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ।
ਸਰੀ ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ । ਉਨ੍ਹਾਂ ਦੱਸਿਆ ਕਿ ਛੁਰੇਬਾਜ਼ੀ ਦੀ ਘਟਨਾ ਵਿੱਚ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ । ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਇੱਕ 17 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।