ਪੰਜਾਬ ਵਿੱਚ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਤੇ ਫੋਟੋ ਪਾਉਣ ਕਰਕੇ ਪਿਓ ਪੁੱਤ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵਿੱਚ ਲੋਕਾਂ ਨੇ ਵੱਡੇ ਲੀਡਰਾਂ ਦੀਆਂ ਵੀ ਫੋਟੋ ਉਜਾਗਰ ਕਰ ਦਿੱਤੀਆਂ ਜਿਹੜੀਆਂ ਉਨ੍ਹਾਂ ਲੀਡਰਾਂ ਅਤੇ ਕਲਾਕਾਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਪਾਈਆਂ ਹੋਈਆਂ ਸਨ। ਕਿਉਂਕਿ ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਇੱਕ ਨਾਬਾਲਗ ਬੱਚੇ ਤੇ ਵੀ ਪਰਚਾ ਦਰਜ ਕਰ ਦਿੱਤਾ ਸੀ। ਜਿਸ ਕਰਕੇ ਪੁਲਿਸ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਆਪਣੀਆਂ ਰੰਜ਼ਿਸ਼ ਕੱਢਣ ਲਈ ਮੁੱਖ ਮੰਤਰੀ ਦੇ ਐਲਾਨ ਦਾ ਗਲਤ ਇਸਤੇਮਾਲ ਕਰ ਰਹੇ ਹਨ। ਉਹ ਸਾਵਧਾਨ ਹੋ ਜਾਣਾ ਨਹੀਂ ਤਾਂ ਉਨ੍ਹਾਂ ਉਪਰ ਵੀ ਪੁਲਿਸ ਕਾਰਵਾਈ ਕਰ ਸਕਦੀ ਹੈ ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀਐੱਸਪੀ ਐੱਮਐੱਮ ਔਲਖ ਨੇ ਜਾਣਕਾਰੀ ਦਿੱਤੀ ਕਿ ਕੁਝ ਮਾਮਲਿਆਂ ਵਿਚ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਦਾ ਗਲਤ ਇਸਤੇਮਾਲ ਕਰ ਰਹੇ ਹਨ। ਲੋਕ ਰੰਜਿਸ਼ ਕੱਢਣ ਲਈ ਦੂਜਿਆਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਰ ਰਹੇ ਹਨ। ਇੰਨਾ ਹੀ ਨਹੀਂ ਕੁਝ ਤਾਂ ਨਵੇਂ-ਨਵੇਂ ਅਕਾਊਂਟ ਬਣਾ ਕੇ ਪੁਰਾਣੀਆਂ ਤਸਵੀਰਾਂ ਨੂੰ ਹੀ ਸ਼ੇਅਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ। ਪੁਲਿਸ ਅਜਿਹੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਸਿਰਫ਼ ਉਨ੍ਹਾਂ ਲੋਕਾਂ ‘ਤੇ ਹੀ ਮਾਮਲਾ ਦਰਜ ਕੀਤਾ ਜਾਵੇਗਾ ਜੋ ਬਿਨਾਂ ਵਜ੍ਹਾ ਦੂਜਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰਨਗੇ। ਡੀਐਸਪੀ ਔਲਖ ਨੇ ਦੱਸਿਆ ਕਿ ਗਲਤੀ ਨਾਲ 10 ਸਾਲ ਦੇ ਬੱਚੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਵੀ ਦੱਸਿਆ ਕਿ ਉਸ ਦੀ ਤਸਵੀਰ 7 ਸਾਲ ਪਹਿਲਾਂ 2015 ‘ਚ ਕਲਿੱਕ ਕੀਤੀ ਗਈ ਸੀ। ਉਦੋਂ ਬੱਚਾ 4 ਸਾਲ ਦਾ ਸੀ ਤੇ ਅੱਜ ਬੱਚਾ 10 ਸਾਲ ਦਾ ਹੈ। ਅਜਿਹੇ ‘ਚ ਮਾਮਲੇ ਦੀ ਜਾਂਚ ਦੁਬਾਰਾ ਕੀਤੀ ਜਾਵੇਗੀ। ਜੇਕਰ ਮਾਮਲੇ ਵਿੱਚ ਸਭ ਕੁਝ ਸਹੀ ਪਾਇਆ ਗਿਆ ਤਾਂ ਐਫਆਈਆਰ ਰੱਦ ਕਰ ਦਿੱਤੀ ਜਾਵੇਗੀ।
ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਸਮੇਤ ਫੋਟੋਆਂ ਦੀ ਫਿਲਹਾਲ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਦੇ ਆਧਾਰ ’ਤੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕਿਸੇ ਦੇ ਅਕਾਊਂਟ ‘ਚ ਹਥਿਆਰਾਂ ਸਮੇਤ ਤਸਵੀਰਾਂ ਹਨ, ਤਾਂ ਸਮਾਂ ਹੋਣ ‘ਤੇ ਉਨ੍ਹਾਂ ਨੂੰ ਡਿਲੀਟ ਕਰ ਦਿਓ। ਨਹੀਂ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।
ਡੀਐਸਪੀ ਔਲਖ ਨੇ ਇਸ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਹਥਿਆਰਾਂ ਸਮੇਤ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਪੁਲਿਸ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰੇਗੀ ਜਿਸ ਨੇ ਫੋਟੋ ਦੀ ਗਲਤ ਵਰਤੋਂ ਕੀਤੀ ਅਤੇ ਇਸਨੂੰ ਵਾਇਰਲ ਕੀਤਾ।