ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਤੇ ਲਗਾਤਾਰ ਕਾਰਵਾਈਆਂ ਹੋ ਰਹੀ ਹਨ। ਪੰਜਾਬ ਪੁਲਿਸ ਕੁੱਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਈ ਸੀ। ਪਿਛਲੇ ਦਿਨੀਂ ਐਨ ਆਈ ਏ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈ ਕੇ ਵਾਪਸ ਦਿੱਲੀ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅੱਜ ਸਵੇਰੇ ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿੱਚ ਬਿਸ਼ਨੋਈ ਦੇ ਕਰੀਬੀ ਦੋਸਤਾਂ ਦੇ ਟਿਕਾਣਿਆਂ ਕੀਤੀ ਗਈ ਹੈ।
ਐਨਆਈਏ ਨੇ ਗੈਂਗਸਟਰ ਤੋਂ ਪੁੱਛਗਿੱਛ ਤੋਂ ਬਾਅਦ ਕੇਂਦਰੀ ਏਜੰਸੀ ਨੇ ਇਹ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ NIA ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ 25 ਤੋਂ ਵੱਧ ਗੈਂਗਸਟਰਾਂ ਦੀ ਸੂਚੀ ਦਿੱਤੀ ਸੀ, ਜਿਸ ‘ਚ ਦਿੱਲੀ, ਹਰਿਆਣਾ, ਪੰਜਾਬ ਦੇ 25 ਗੈਂਗਸਟਰਾਂ ਦੇ ਨਾਂ ਸਨ।
ਕੇਂਦਰੀ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਉੱਤਰੀ ਭਾਰਤ ਦੀ ਬਜਾਏ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ। ਦਰਅਸਲ, ਐਨਆਈਏ ਤੋਂ ਇਲਾਵਾ ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਜੇਲ੍ਹ ਵਿੱਚੋਂ ਆਪਣਾ ਨੈੱਟਵਰਕ ਚਲਾ ਰਹੇ ਹਨ।
ਇਸ ਜਾਣਕਾਰੀ ਤੋਂ ਬਾਅਦ NIA ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਪੱਤਰ ਲਿਖਿਆ ਸੀ। ਐਨਆਈਏ ਦੇ ਸੂਤਰਾਂ ਅਨੁਸਾਰ ਇਨ੍ਹਾਂ ਗੈਂਗਸਟਰਾਂ ਦੇ ਗਠਜੋੜ ਨੂੰ ਤੋੜਨ ਲਈ ਇਨ੍ਹਾਂ ਨੂੰ ਉੱਤਰੀ ਭਾਰਤ ਤੋਂ ਦੂਰ ਦੱਖਣੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨਾ ਜ਼ਰੂਰੀ ਹੈ।
ਯੂਏਪੀਏ ਤਹਿਤ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਗੈਂਗਸਟਰਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਐਨਆਈਏ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਅਤੇ ਭਾਰਤੀ ਗੈਂਗਸਟਰਾਂ ਵਿਚਾਲੇ ਗਠਜੋੜ ਦੇ ਕਈ ਇਨਪੁਟ ਇਕੱਠੇ ਕੀਤੇ ਹਨ। ਪਾਕਿਸਤਾਨ ਇਨ੍ਹਾਂ ਗੈਂਗਸਟਰਾਂ ਨੂੰ ਅੱਤਵਾਦੀ ਫੰਡਿੰਗ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤ ਰਿਹਾ ਹੈ।