ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ 60 ਸਾਲਾ ਪੰਜਾਬੀ ਟਰੱਕ ਡਰਾਈਵਰ ਖਿਲਾਫ ਕੈਨੇਡਾ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਉਸ ਪੰਜਾਬੀ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰੀ ਕੇਸ ਵਿੱਚ ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ ਸੀ,ਜਿਸ ਤੋਂ ਬਾਅਦ ਭਾਰਤ ਭੱਜ ਗਿਆ ਹੈ।ਸਰੀ ਦੇ ਰਾਜ ਕੁਮਾਰ ਮਹਿਮੀ ਨੂੰ ਨਵੰਬਰ ਵਿੱਚ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਲਈ ਸਜ਼ਾ ਸੁਣਾਈ ਗਈ ਸੀ।
ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਨੇ ਕਿਹਾ ਕਿ ਮਹਿਮੀ ਦਾ ਪਤਾ ਲਗਾਉਣ ਅਤੇ ਆਰਜ਼ੀ ਤੌਰ ‘ਤੇ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਮੰਗੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੈਮੀ-ਟ੍ਰੇਲਰ ਟਰੱਕ ਦੇ ਅੰਦਰੋਂ 80 ਕਿਲੋ ਕੋਕੀਨ ਬਰਾਮਦ ਕੀਤੀ ਸੀ। 6 ਨਵੰਬਰ 2017 ਨੂੰ ਮਹਿਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਕੋਕੀਨ ਦੀ ਕੀਮਤ 32 ਕਰੋੜ ਡਾਲਰ ਸੀ। 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਮਹਿਮੀ ਨੂੰ ਦੋਸ਼ੀ ਕਰਾਰ ਦਿੱਤਾ ਤੇ 9 ਜਨਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ।
11 ਅਕਤੂਬਰ 2022 ਨੂੰ ਮਹਿਮੀ ਵੈਨਕੂਵਰ ਤੋਂ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਭਾਰਤ ਭੱਜ ਗਿਆ ਅਤੇ ਨਵੀਂ ਦਿੱਲੀ ਪਹੁੰਚ ਗਿਆ। ਪੁਲਿਸ ਨੇ ਕਿਹਾ ਕਿ ਮਹਿਮੀ ਦਾ ਕੈਨੇਡੀਅਨ ਪਾਸਪੋਰਟ ਉਸ ਦੀ ਗ੍ਰਿਫ਼ਤਾਰੀ ਸਮੇਂ ਜ਼ਬਤ ਕਰ ਲਿਆ ਗਿਆ ਸੀ। ਉਸ ਦੀ ਗ੍ਰਿਫਤਾਰੀ ਅਤੇ ਦੋਸ਼ੀ ਕਰਾਰ ਦੇਣ ਦੀ ਪ੍ਰਕਿਰਿਆ ਲੰਮੀ ਹੋਣ ਕਾਰਨ ਮਹਿਮੀ ਨਵਾਂ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਤੇ ਦੇਸ਼ ’ਚੋਂ ਫਰਾਰ ਹੋ ਗਿਆ।