ਬਰੈਂਪਟਨ (ਪ.ਪ)-ਕੈਨੇਡਾ ਦੇ ਬਰੈਂਪਟਨ ਵਿੱਚ ਪਿਛਲੇ ਸਮੇਂ ਤੋਂ ਕਾਰੋਬਾਰੀਆਂ ਨੂੰ ਫ਼ਿਰੌਤੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਵੱਲੋਂ ਲਗਾਤਾਰ ਧਮਕੀਆਂ ਦੇਣ ਵਾਲਿਆਂ ਤੇ ਬਾਜ ਅੱਖ ਰੱਖੀ ਹੋਈ ਸੀ। ਪੁਲਿਸ ਨੇ 5 ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਭਾਰ ਵਿੱਚੋਂ ਭਾਰਤੀ ਮੂਲ ਦੇ ਕਰੋਬਾਰੀਆਂ ਨੂੰ ਫਿਰੌਤੀਆਂ ਦੇਣ ਲਈ ਧਮਕੀ-ਪੱਤਰ ਭੇਜਣ ਅਤੇ ਫੋਨ ਰਾਹੀਂ ਡਰਾਉਣ ਦੀਆਂ ਸ਼ਿਕਾਇਤਾਂ ਪੁਲਿਸ ਅਧਿਕਾਰੀਆਂ ਨੂੰ ਮਿਲ਼ ਰਹੀਆਂ ਸਨ। ਟੋਰਾਂਟੋ ਇਲਾਕੇ ਵਿੱਚ ਦਸੰਬਰ 2023 ਤੋਂ ਅਜਿਹੇ ਮਾਮਲਿਆਂ ਵਿੱਚ ਤੇਜੀ ਨਾਲ਼ ਵਾਧਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਬਾਰੇ ਜਾਂਚ ਕਰਨ ਤੋਂ ਬਾਅਦ ਪੀਲ ਪੁਲਿਸ ਨੇ ਬੀਤੇ ਕੱਲ੍ਹ ਦੋ ਕੁੜੀਆਂ ਸਮੇਤ 5 ਗ੍ਰਿਫ਼ਤਾਰੀਆਂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਤੋਂ ਬਾਅਦ ਬਰੀਕੀ ਨਾਲ਼ ਜਾਂਚ ਕੀਤੀ ਜਾ ਰਹੀ ਸੀ ਅਤੇ 24 ਜਨਵਰੀ ਨੂੰ ਬਰੈਂਪਟਨ ਵਿਖੇ ਇਕ ਘਰ ਵਿੱਚ ਛਾਪਾ ਮਾਰ ਕੇ ਸ਼ੱਕੀ ਅਰੁਨਦੀਪ ਥਿੰਦ (39), ਗਗਨ ਅਜੀਤ ਸਿੰਘ (23), ਅਨਮੋਲ ਸਿੰਘ (23), ਹਸ਼ਮੀਤ ਕੌਰ (25) ਤੇ ਅਮਨਜੌਤ ਕੌਰ (21) ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਦੋ ਦਿਨਾਂ ਬਾਅਦ ਇਕ ਵਿਅਕਤੀ ਨੂੰ ਫੋਨ ਕਰਕੇ ਤੇ ਵੱਟਸਐਪ ਸੁਨੇਹੇ ਭੇਜ ਕੇ ਵੱਡੀ ਰਕਮ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਅਰੁਨਦੀਪ ਥਿੰਦ (39) ਦੀ ਵੀ ਗ੍ਰਿਫਤਾਰੀ ਹੋਈ। ਪੁਲਿਸ ਮੁਖੀ ਨਿਸ਼ਾਨ ਦੁਰਾਈਆਪਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿੰਸਕ ਅਪਰਾਧਾਂ ਦੇ ਮਾਮਲੇ ਬਹੁਤ ਗੰਭੀਰਤਾ ਨਾਲ਼ ਲਏ ਜਾ ਰਹੇ ਹਨ। ਉਨ੍ਹਾਂ ਨੇ ਦੋਸ਼ੀਆਂ ਦੀਆਂ ਧਮਕੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੀਲ ਪੁਲਿਸ ਦੀ ਟਾਸਕ ਫੋਰਸ ਨਾਲ਼ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਂਚ ਕੀਤੀ ਜਾ ਸਕੇ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਤੋਂ ਹਥਿਆਰ ਅਤੇ ਵੱਡੀ ਗਿਣਤੀ ਵਿੱਚ ਸੈੱਲਫੋਨ ਵੀ ਬਰਾਮਦ ਕੀਤੇ ਗਏ ਹਨ। ਦੋਵੇਂ ਕੁੜੀਆਂ, ਹਸ਼ਮੀਤ ਤੇ ਅਮਨਜੋਤ ਕੋਲੋਂ ਵੀ ਪੁਲਿਸ ਨੇ ਗੈਰਲਾਇਸੈਂਸੀ ਲੋਡਡ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ।