ਅਮਰੀਕਾ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰੋਬਾਰੀ ਨਵੀਨ ਸਿੰਘ ਦੇਰ ਰਾਤ ਸਟੋਰ ਬੰਦ ਕਰਕੇ ਘਰ ਜਾਣ ਲੱਗਾ ਸੀ। ਇਸ ਦੌਰਾਨ ਉਸ ਨੂੰ ਅਮਰੀਕੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਦਿੱਤੀਆਂ।
ਜਾਣਕਾਰੀ ਅਨੁਸਾਰ 50 ਸਾਲਾ ਨਵੀਨ ਸਿੰਘ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਲੀਕਰ ਸਟੋਰ ਚਲਾਉਂਦਾ ਸੀ। ਮ੍ਰਿਤਕ ਨਵੀਨ ਸਿੰਘ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਦਾ ਰਹਿਣ ਵਾਲਾ ਸੀ ਅਤੇ ਸਾਬਕਾ ਪ੍ਰਧਾਨ ਲੋਕਲ ਗੁ: ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਹੈ ਤੇ ਉਸਦੇ ਉਥੇ ਆਪਣੇ ਸਟੋਰ ਹਨ। ਬੀਤੀ ਰਾਤ ਅਮਰੀਕਾ ਦੇ 10:30 ਕੁ ਵਜੇ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਬਾਜ਼ੀ ਹੋਈ, ਜਿਸ ਦੌਰਾਨ ਅਮਰੀਕੀ ਵਿਅਕਤੀ ਨੇ ਨਵੀਨ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ, ਜਿਸ ਦੌਰਾਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਮੁਲਜ਼ਮ ਕਾਲੇ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ।