ਬਾਘਾਪੁਰਾਣਾ 20 ਜਨਵਰੀ (ਨਿਰਮਲ ਸਿੰਘ ਕਲਿਆਣ)- ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਆਪਣੇ ਸਮਰਥਕਾਂ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨਿਕ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸਬੰਧ ਵਿੱਚ ਕੀਤੀ ਨਿੰਦਣਯੋਗ ਟਿੱਪਣੀ ਖਿਲਾਫ ਮਾਰਚ ਕੀਤਾ ਗਿਆ। ਇਸ ਤਹਿਤ ਅੱਜ ਕਾਂਗਰਸ ਸਰਕਾਰ ਵਿੱਚ ਰਹਿ ਚੁੱਕੇ ਮੰਤਰੀ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰਾਂ ਦਾ ਵੱਡਾ ਇਕੱਠ ਪਹਿਲਾਂ ਸੁਭਾਸ਼ ਮੰਡੀ ਵਿੱਚ ਕੀਤਾ ਗਿਆ। ਜਿਸ ਤੋਂ ਬਾਅਦ ਵੱਡੇ ਇਕੱਠ ਨਾਲ ਬਾਘਾ ਪੁਰਾਣਾ ਸ਼ਹਿਰ ਵਿੱਚ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ। ਇਸ ਮੌਕੇ ਦਰਸ਼ਨ ਸਿੰਘ ਬਰਾੜ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਨੂੰ ਕਾਨੂੰਨੀ ਦਿਸ਼ਾ ਦੇਣ ਵਾਲੀ ਸ਼ਖਸ਼ੀਅਤ ਖਿਲਾਫ ਆਪਣੀ ਮਾੜੀ ਸੋਚ ਰੱਖਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਅਸਤੀਫਾ ਦੇ ਕੇ ਸਮੂਹ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਮੂਹ ਰੋਸ ਪ੍ਰਦਰਸ਼ਨਕਾਰੀਆਂ ਵੱਲੋਂ ਅਮਿਤ ਸ਼ਾਹ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਦਰਸ਼ਨ ਸਿੰਘ ਬਰਾੜ ਵੱਲੋਂ ਡਾਕਟਰ ਭੀਮ ਰਾਏ ਅੰਬੇਡਕਾਰ ਜੀ ਦੇ ਬੁੱਤ ਦੇ ਗਲ ਵਿੱਚ ਹਾਰ ਪਾਕੇ ਸਤਿਕਾਰ ਦਿੰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਸੰਵਿਧਾਨ ਲਿਖਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਇੱਕਲੇ ਦਲਿਤ ਸਮਾਜ ਦੇ ਰਹਿਬਰ ਨਹੀਂ ਹਨ ਸਗੋਂ ਉਹ ਹਰ ਵਰਗ ਦੇ ਰੋਲ ਮਾਡਲ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿਆਸੀ ਧਿਰਾਂ ਸਵਿਧਾਨ ਦਾ ਸਭ ਤੋਂ ਜ਼ਿਆਦਾ ਲਾਹਾ ਲੈਂਦੀਆਂ ਹਨ ਅਤੇ ਸੱਤਾ ਹਥਿਆਉਣ ਉਪਰੰਤ ਅਜਿਹੇ ਮਾਰੂ ਅਤੇ ਸੌੜੀ ਸੋਚ ਦੇ ਮਾਲਕ ਸਵਿਧਾਨ ਨੂੰ ਟਿੱਚ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸੱਤਾ ਦੇ ਨਸ਼ੇ ਵਿੱਚ ਇਹ ਵੀ ਭੁੱਲ ਜਾਂਦੇ ਹਨ ਕਿ ਅਸੀਂ ਕੀ ਕਹਿਣਾ ਅਤੇ ਕੀ ਕਰਨਾ ਹੈ। ਅਜਿਹੇ ਸੱਤਾਧਾਰੀ ਲੋਕ ਦੇਸ਼ ਅਤੇ ਸਮਾਜ ਲਈ ਹਮੇਸ਼ਾ ਖਤਰਾ ਹੁੰਦੇ ਹਨ ਤੇ ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਖਤਰਨਾਕ ਵਿਆਕਤੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇੱਕਜੁਟ ਹੋ ਕੇ ਵੱਡਾ ਘੋਲ ਲੜਨਾ ਚਾਹੀਦਾ ਹੈ।