ਪੰਜਾਬ ਦੇ ਮੋਗਾ ਵਿੱਚ ਪਿਛਲੇ ਦਿਨੀਂ 4 ਲੁਟੇਰਿਆਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਲੁੱਟਣ ਵਾਲੇ ਲੁਟੇਰਿਆਂ ਨੂੰ ਮੋਗਾ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐਸ ਐਸ ਪੀ ਮੋਗਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਮੋਗਾ ਵਿਚ 8 ਜੂਨ ਨੂੰ ਪੁਲਿਸ ਵਰਦੀ ‘ਚ ਨਾਕਾ ਲਗਾ ਕੇ ਕਰਿਆਨਾ ਕਾਰੋਬਾਰੀ ਨੂੰ ਲੁੱਟਣ ਵਾਲੇ 4 ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ।
ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ‘ਚੋਂ ਮਾਸਟਰਮਾਈਂਡ ਦਰਸ਼ਨ ਸਿੰਘ ਫ਼ਤਿਹਗੜ੍ਹ ਕੋਰੋਟਾਣਾ ਦਾ ਰਹਿਣ ਵਾਲਾ ਹੈ, ਜਿਸ ‘ਤੇ ਕਰੀਬ 5 ਕੇਸ ਦਰਜ ਹਨ, ਉਹ ਫ਼ਰੀਦਕੋਟ ਜੇਲ੍ਹ ‘ਚ ਸੀ ਅਤੇ 2 ਮਹੀਨੇ ਦੀ ਪੈਰੋਲ ‘ਤੇ ਆਇਆ ਸੀ।
8 ਜੂਨ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਿਰ ਜੇਲ੍ਹ ਚਲਾ ਗਿਆ। ਉਥੇ ਉਸ ਨੇ ਦੱਸਿਆ ਕਿ ਉਸ ਨੇ ਧਰਮਕੋਟ ਤੋਂ ਇਨੋਵਾ ਗੱਡੀ ਕਿਰਾਏ ‘ਤੇ ਲਈ ਸੀ। ਸਾਰੇ ਮੁਲਜ਼ਮ ਇੱਕ ਦੂਜੇ ਨਾਲ ਸਬੰਧਤ ਹਨ ਅਤੇ ਮਾਸਟਰ ਮਾਈਂਡ ਦਰਸ਼ਨ ਸਿੰਘ ਦੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਸੀ। ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਕੋਲੋਂ 50,000 ਰੁਪਏ ਅਤੇ ਇੱਕ ਕਾਂਸਟੇਬਲ ਦੀ ਵਰਦੀ ਬਰਾਮਦ ਕੀਤੀ ਹੈ।