ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪ੍ਰੈਸ ਨਾਲ ਗੱਲ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਨਜ਼ਰ ਆਏ। ਮਾਨ ਨੇ ਕਿਹਾ ਕਿ ਦੋ ਮੁੱਖ ਮੰਤਰੀਆਂ ਨੂੰ ਅੱਤਵਾਦੀਆਂ ਵਾਂਗ ਮਿਲਾਇਆ ਗਿਆ ਹੈ ਇਹ ਤਾਨਾਸ਼ਾਹੀ ਦੀ ਹੱਦ ਹੈ।
ਭਗਵੰਤ ਮਾਨ ਨੇ ਕਿਹਾ ਕਿ ਅੱਧੇ ਘੰਟੇ ਤੱਕ ਮੁਲਾਕਾਤ ਹੋਈ ਇਸ ਦੌਰਾਨ ਦਿਲ ਨੂੰ ਬਹੁਤ ਦੁੱਖ ਹੋਇਆ। ਖ਼ਤਰਨਕਾਰ ਅਪਰਾਧੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਕੇਜਰੀਵਾਲ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ। ਸ਼ੀਸ਼ੇ ਤੋਂ ਪਾਰ ਫੋਨ ਉੱਤੇ ਗੱਲਬਾਤ ਕਰਵਾਈ ਗਈ। ਸ਼ੀਸ਼ਾ ਵੀ ਗੰਦਾ ਸੀ, ਸ਼ਕਲ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਨਜ਼ਰ ਆਉਂਦੀ ਹੈ।ਕੇਜਰੀਵਾਲ ਕੱਟੜ ਇਮਾਨਦਾਰ ਹਨ ਤੇ ਉਨ੍ਹਾਂ ਨਾਲ ਇਹੋ ਜਿਹਾ ਵਰਤਾਓ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਹੱਲਾ ਕਲੀਨਿਕ ਬਣਵਾ ਦਿੱਤੇ ਇਸ ਲਈ ਤੰਗ ਕੀਤਾ ਜਾ ਰਿਹਾ ਹੈ, ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ ਪਰ ਉਨ੍ਹਾਂ ਦੀ ਸੋਚ ਨੂੰ ਕਿੰਝ ਕੈਦ ਕਰੋਗੇ।
ਕੇਜਰੀਵਾਲ ਨੇ ਮੁਲਾਕਾਤ ਦੌਰਾਨ ਕੀ ਕਿਹਾ ?
ਮਾਨ ਨੇ ਕਿਹਾ, “ਇਸ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਫ਼ਿਕਰ ਨਾ ਕਰੋ, ਇਹ ਦੱਸੋ ਪੰਜਾਬ ਦੇ ਹਲਾਤ ਕਿਹੋ ਜਿਹੇ ਹਨ, ਉੱਥੇ ਸੁਵਿਧਾਵਾਂ ਮਿਲ ਰਹੀਆਂ ਹਨ ਜਾਂ ਨਹੀਂ, ਮੈਂ ਕਿਹਾ ਸਭ ਠੀਕ ਚੱਲ ਰਿਹਾ ਹੈ, ਵਿਧਾਇਕਾਂ ਲਈ ਕਿਹਾ ਹੈ ਕਿ ਮੇਰੀ ਫਿਕਰ ਨਾ ਕਰੋ ਬੱਸ ਲੋਕਾਂ ਲਈ ਕੰਮ ਕਰੋ।” ਉੱਥੇ ਹੀ ਮੀਟਿੰਗ ਚੋਂ ਬਾਅਦ ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਅਗਲੇ ਹਫ਼ਤੇ ਅਰਵਿੰਦ ਕੇਜਰੀਵਾਲ ਦੋ ਮੰਤਰੀਆਂ ਨੂੰ ਬੈਠਕ ਲਈ ਬੁਲਾਉਣਗੇ ਤੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ।