ਕੈਨੇਡਾ ਵਿੱਚੋਂ ਇੱਕ ਹਵਾਈ ਜਗਤ ਨਾਲ ਜੁੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਹਵਾਈ ਸੁਰੱਖਿਆ ਪ੍ਰਣਾਲੀ ਵਿੱਚ ਵੱਡੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 59 ਸਾਲਾ ਜੈਫ਼ਰੀ ਵਾਲ, ਜੋ 2025 ਵਿੱਚ ਏਅਰ ਕੈਨੇਡਾ ਤੋਂ ਸੇਵਾਮੁਕਤ ਹੋਇਆ ਸੀ, ਨੇ ਪੂਰੇ 27 ਸਾਲ ਇੱਕ ਅਜਿਹੇ ਪਾਇਲਟ ਵਜੋਂ ਸੇਵਾਵਾਂ ਨਿਭਾਈਆਂ, ਜਿਸ ਕੋਲ ਜਹਾਜ਼ ਉਡਾਉਣ ਲਈ ਕੋਈ ਜਾਇਜ਼ ਲਾਇਸੰਸ ਸੀ ਹੀ ਨਹੀਂ। ਇਸ ਦੌਰਾਨ ਉਸ ਨੇ ਆਪਣੀ ਚਲਾਕੀ ਨਾਲ ਸੈਂਕੜੇ ਯਾਤਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਕੇ 900 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਭਰੀਆਂ।
ਸੁਰੱਖਿਆ ਨੂੰ ਚਕਮਾ ਦੇ ਕੇ ਬਣਿਆ ‘ਕੈਪਟਨ’
ਜੈਫ਼ਰੀ ਵਾਲ ਕੋਲ ਸਿਰਫ਼ ਇੱਕ ‘ਕੰਮਰਸ਼ੀਅਲ ਪਾਇਲਟ ਲਾਇਸੰਸ’ ਸੀ, ਪਰ ਬੋਇੰਗ 777 ਵਰਗੇ ਵੱਡੇ ਜਹਾਜ਼ ਉਡਾਉਣ ਲਈ ਜ਼ਰੂਰੀ ‘ਏਅਰ ਲਾਈਨ ਪਾਇਲਟ ਲਾਇਸੰਸ’ (ATPL) ਉਸ ਕੋਲ ਕਦੇ ਨਹੀਂ ਸੀ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਲੰਬੇ ਸਮੇਂ ਤੱਕ ਉਹ ਨਾ ਸਿਰਫ਼ ਜਹਾਜ਼ ਉਡਾਉਂਦਾ ਰਿਹਾ, ਸਗੋਂ ਏਅਰ ਕੈਨੇਡਾ ਪਾਇਲਟ ਐਸੋਸੀਏਸ਼ਨ ਦੇ ਕਈ ਅਹਿਮ ਅਹੁਦਿਆਂ ‘ਤੇ ਵੀ ਕਾਬਜ਼ ਰਿਹਾ। ਕਿਸੇ ਵੀ ਅਧਿਕਾਰੀ ਜਾਂ ਸਿਸਟਮ ਨੇ ਕਦੇ ਉਸ ਦੇ ਲਾਇਸੰਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਨਹੀਂ ਸਮਝੀ, ਜਿਸਦਾ ਫਾਇਦਾ ਉਠਾ ਕੇ ਉਹ ਸੁਰੱਖਿਆ ਨਿਯਮਾਂ ਨੂੰ ਲਗਾਤਾਰ ਟਿੱਚ ਸਮਝਦਾ ਰਿਹਾ।
ਸੇਵਾਮੁਕਤੀ ਤੋਂ ਬਾਅਦ ਖੁੱਲ੍ਹਿਆ ਰਾਜ਼
ਉਸ ਦੀ ਇਸ ਲੰਮੀ ਚੱਲੀ ਚਲਾਕੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ 2025 ਵਿੱਚ ਉਸ ਨੇ ਸੇਵਾਮੁਕਤੀ ਲਈ। ਪੁਲਿਸ ਨੂੰ ਸ਼ੱਕ ਹੋਣ ‘ਤੇ ਜਦੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਉਸ ਦੇ ਘਰ ਦੀ ਤਲਾਸ਼ੀ ਲਈ ਗਈ, ਤਾਂ ਉੱਥੋਂ ਮਿਲੇ ਦਸਤਾਵੇਜ਼ਾਂ ਨੇ ਸਾਰੇ ਭੇਤ ਖੋਲ੍ਹ ਕੇ ਰੱਖ ਦਿੱਤੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਏਅਰ ਕੈਨੇਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ, ਕਿ ਉਸ ਵਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਹਰੇਕ ਛੇ ਮਹੀਨੇ ਬਾਅਦ ਸਾਰੇ ਪਾਇਲਟਾਂ ਨੂੰ ਤਕਨੀਕੀ ਤੌਰ ਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਹਰ ਸਾਲ ਪਾਇਲਟ ਦੀ ਤਕਨੀਕੀ ਕਾਬਲੀਅਤ ਦਾ ਮੁਲਾਂਕਣ ਕਰਨ ਤੋਂ ਬਾਦ ਹੀ ਉਸ ਨੂੰ ਜਹਾਜ਼ ਉਡਾਉਣ ਲਈ ਭੇਜਿਆ ਜਾਂਦਾ ਹੈ।
ਏ.ਬੀ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਇਸ ਮਹੀਨੇ ਟ੍ਰਾਂਸਪੋਰਟ ਕੈਨੇਡਾ ਦੁਆਰਾ ਰਿਪੋਰਟ ਕੀਤੀ ਗਈ ਬਿਨਾਂ ਸਹੀ ਯੋਗਤਾ ਦੇ “ਫਲਾਈਟ ਕਰੂ ਪਰਮਿਟ, ਲਾਇਸੈਂਸ, ਜਾਂ ਰੇਟਿੰਗ ਦੇ ਅਧਿਕਾਰਾਂ ਦੀ ਵਰਤੋਂ” ਕਰਨ ਵਾਲੇ ਇੱਕ ਵਿਅਕਤੀ ਦੇ ਮਾਮਲੇ ਵਿੱਚ ਕੁੱਲ 67,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਉਹੀ ਕੇਸ ਹੈ ਜਿਸਦਾ ਜ਼ਿਕਰ ਏਅਰ ਕੈਨੇਡਾ ਨੇ ਕੀਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।
PUNJAB




INDIA








WORLD










