ਪੰਜਾਬ ਦੀ ਮਾਨ ਸਰਕਾਰ ਲਗਾਤਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘਪਲਿਆਂ ਨੂੰ ਲੈ ਕੇ ਸਾਬਕਾ ਮੰਤਰੀਆਂ ਤੇ ਸੰਤਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਲੜੀ ਤਹਿਤ ਵਿਜੀਲੈਂਸ ਬਿਊਰੋ ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਦਿਆਂ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਈਸੇਵਾਲ ਵਿੱਚ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ ਦੇ ਘਰ ਛਾਪਾ ਮਾਰਿਆ ਹੈ, ਜਿਸ ਦੌਰਾਨ ਵਿਜੀਲੈਂਸ ਨੂੰ ਉਨ੍ਹਾਂ ਦੇ ਘਰੋਂ ਕਰੀਬ 85 ਜਾਇਦਾਦਾਂ ਦੀਆਂ ਰਜਿਸਟਰੀਆਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਕਾਂਗਰਸ ਨੇਤਾ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਸ ਮਾਮਲੇ ‘ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀਰਵਾਰ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਮਨਪ੍ਰੀਤ ਕਥਿਤ ਤੌਰ ‘ਤੇ ਦਾਖਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦਾ ਕਰੀਬੀ ਹੈ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਵੱਲੋਂ ਖਰੀਦੀ ਗਈ ਕਰੋੜਾਂ ਦੀ ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਲੁਧਿਆਣਾ ਦੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਪੁਲਿਸ ਕਪਤਾਨ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਘੁਟਾਲੇ ਵਿੱਚ ਆਸ਼ੂ ਦੀ ਭੂਮਿਕਾ ਦੀ ਜਾਂਚ ਦੌਰਾਨ ਮਨਪ੍ਰੀਤ ਦਾ ਨਾਮ ਸਾਹਮਣੇ ਆਇਆ ਸੀ। ਵਿਜੀਲੈਂਸ ਬਿਊਰੋ ਆਸ਼ੂ ਦੁਆਰਾ ਖਰੀਦੀਆਂ ਜਾਇਦਾਦਾਂ ਅਤੇ ਨਿਵੇਸ਼ਾਂ ਦੇ ਵੇਰਵੇ ਇਕੱਠੇ ਕਰ ਰਿਹਾ ਹੈ।
ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਅਸੀਂ ਉਸ ਘਰ ‘ਤੇ ਛਾਪਾ ਮਾਰਿਆ ਜਿੱਥੇ ਮਨਪ੍ਰੀਤ ਵੀ ਮੌਜੂਦ ਸੀ। ਅਸੀਂ ਕਰੀਬ 85 ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕੀਤੇ ਹਨ ਜੋ ਉਸ ਨੇ ਇਸ ਸਾਲ ਹੀ ਖਰੀਦੀਆਂ ਸਨ। ਜਾਇਦਾਦਾਂ ਦੀ ਕੀਮਤ ਕਈ ਕਰੋੜ ਰੁਪਏ ਹੈ। ਮਨਪ੍ਰੀਤ ਨੂੰ ਇਹ ਜਾਇਦਾਦਾਂ ਖਰੀਦਣ ਲਈ ਪੈਸੇ ਦਾ ਸਰੋਤ ਜਮ੍ਹਾ ਕਰਨ ਲਈ ਕਿਹਾ ਗਿਆ ਸੀ। ਐਸਐਸਪੀ ਨੇ ਕਿਹਾ ਕਿ ਅਗਲੇਰੀ ਜਾਂਚ ਲਈ ਮਨਪ੍ਰੀਤ ਨੇ 2022 ਤੋਂ ਪਹਿਲਾਂ ਜੋ ਜਾਇਦਾਦ ਖਰੀਦੀ ਸੀ, ਉਸ ਦੇ ਵੇਰਵੇ ਵੀ ਇਕੱਠੇ ਕੀਤੇ ਜਾਣਗੇ।
ਇਹ ਪੁੱਛੇ ਜਾਣ ‘ਤੇ ਕਿ ਕੀ ਮਨਪ੍ਰੀਤ ਆਸ਼ੂ ਦੇ ਪੈਸੇ ਨੂੰ ਜਾਇਦਾਦਾਂ ਵਿਚ ਨਿਵੇਸ਼ ਕਰ ਰਿਹਾ ਸੀ, ਐਸਐਸਪੀ ਨੇ ਕਿਹਾ ਕਿ ਸਾਰੇ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ, ਇਸ ਪੜਾਅ ‘ਤੇ ਕਿਸੇ ਸਿੱਟੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਮਨਪ੍ਰੀਤ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਰੀਅਲ ਅਸਟੇਟ ਡਿਵੈਲਪਰ ਹੇਮੰਤ ਸੂਦ ਅਤੇ ਕਾਂਗਰਸੀ ਕੌਂਸਲਰ ਸੰਨੀ ਭੱਲਾ ਨਾਲ ਨੇੜਤਾ ਕਾਰਨ ਵੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
PUNJAB




INDIA








WORLD










