ਪੰਜਾਬ ਪੁਲਿਸ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ । ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਖ਼ੁਫ਼ੀਆ ਜਾਣਕਾਰੀ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਕਤ ਅਸਲਾ ਸਪਲਾਇਰ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਮੱਧ ਪ੍ਰਦੇਸ ਤੋਂ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਸ਼ਾਮਲ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੱਧ ਪ੍ਰਦੇਸ਼ ਦੇ ਜ਼ਿਲਾ ਖਰਗੋਨ ਦੇ ਪਿੰਡ ਰਤਵਾ ਦਾ ਭੋਰੇਲਾਲ ਉਰਫ ਮਨੀਸ਼ ਬਡੇ ਅਤੇ ਜ਼ਿਲਾ ਬੁਰਹਾਨਪੁਰ ਦੇ ਪਿੰਡ ਦੱਤ ਪਹਾੜੀ ਦੇ ਕੈਲਾਸ਼ ਮੱਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਕੋਲੋਂ .32 ਬੋਰ/.30 ਬੋਰ ਦੇ 55 ਪਿਸਤੌਲ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਮੱਧ ਪ੍ਰਦੇਸ਼ ਪੁਲਿਸ ਦੀ ਮਦਦ ਨਾਲ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ, ਉਸ ਕਾਰਵਾਈ ਤੋਂ ਤਿੰਨ ਹਫਤਿਆਂ ਬਾਅਦ ਸਾਹਮਣੇ ਆਈ ਹੈ, ਜਦੋਂ ਸੀ.ਆਈ. ਅੰਮਿ੍ਰਤਸਰ ਯੂਨਿਟ ਨੇ ਬੜੇ ਜ਼ੋਰਦਾਰ ਤੇ ਮੁਸਤੈਦ ਫਾਲੋ-ਅਪ ਅਪਰੇਸ਼ਨ ਤਹਿਤ ਅੰਮਿ੍ਰਤਸਰ ਦੀ ਰੇਲਵੇ ਕਰਾਸਿੰਗ ਵੱਲਾ ਮੰਡੀ ਤੋਂ ਦੋ ਵਿਅਕਤੀਆਂ ਨੂੰ ਚਾਰ ਪਿਸਤੌਲਾਂ ਸਮੇਤ ਗਿ੍ਰਫਤਾਰ ਕੀਤਾ ਸੀ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਅਸਲਾ ਐਕਟ ਦੀ ਧਾਰਾ 25/54/59 ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਪੁਲਿਸ ਥਾਣਾ ਐਸ.ਐਸ.ਓ.ਸੀ., ਅੰਮਿ੍ਰਤਸਰ ਵਿਖੇ ਐਫਆਈਆਰ ਨੰਬਰ 24 ਮਿਤੀ 10.08.2022 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉਨਾਂ ਕਿਹਾ ਕਿ ਜਾਂਚ ਦੋਰਾਨ ਕੁਝ ਪਿਛਲੀਆਂ ਤੇ ਅਗਲੇਰੀਆਂ ਕੜੀਆਂ ਨੂੰ ਘੋਖਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਸਪਲਾਈ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਨਿਰਮਾਤਾ ਅਤੇ ਸਪਲਾਇਰ , ਜਿਸਦੇ ਮੱਧ ਪ੍ਰਦੇਸ਼ ਦੇ ਜਿਲਾ ਬੁਰਹਾਨਪੁਰ ਨਾਲ ਸਬੰਧਤ ਹੋਣ ਦਾ ਸ਼ੱਕ ਹੈ, ਵੱਲੋਂ ਕੀਤੀ ਗਈ ਸੀ। ਉਨਾਂ ਕਿਹਾ , “ਇਸ ਪੁਖ਼ਤਾ ਇਤਲਾਹ ਤੋ ਬਾਅਦ, ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਵਿੱਚ ਸੀ.ਆਈ. ਅੰਮਿ੍ਰਤਸਰ ਦੀ ਇੱਕ 15 ਮੈਂਬਰੀ ਟੀਮ ਮੰਗਲਵਾਰ ਨੂੰ ਮੱਧ ਪ੍ਰਦੇਸ਼ ਲਈ ਰਵਾਨਾ ਕੀਤੀ ਗਈ ਸੀ ਅਤੇ ਟੀਮ ਵੀਰਵਾਰ ਨੂੰ ਹਥਿਆਰਾਂ ਦੇ ਇਨਾਂ ਦੋ ਸਪਲਾਇਰਾਂ ਦਾ ਪਤਾ ਲਗਾਉਣ ਅਤੇ ਇਹਨਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੀ।’’ ਡੀਜੀਪੀ ਨੇ ਕਿਹਾ ਕਿ ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਵੱਡੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਅੰਦਰੋਂ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਕਰਨ ਤੋਂ ਬਾਅਦ, ਹੁਣ ਪੰਜਾਬ ਪੁਲਿਸ ਨੇ ਪੰਜਾਬ ਰਾਜ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ ,ਨਾਜਾਇਜ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਸ ਨੈਟਵਰਕ ਨੂੰ ਜੜ ਤੋਂ ਨੇਸਤੋ-ਨਾਬੂਤ ਕਰਨ ਲਈ ਸਰਗਰਮ ਪਹੁੰਚ ਅਪਣਾਈ ਹੈ।