ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪੁਲਿਸ ਦੀਆਂ ਟੀਮਾਂ ਚੋਣ ਜ਼ਾਬਤੇ ਤਹਿਤ ਪੂਰੇ ਦੇਸ਼ ‘ਤੇ ਨਜ਼ਰ ਰੱਖ ਰਹੀਆਂ ਹਨ। ਇਸ ਦੌਰਾਨ ਕਰਨਾਟਕ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਛਾਪੇਮਾਰੀ ਕੀਤੀ ਗਈ, ਜਿਸ ‘ਚ ਪੁਲਿਸ ਨੂੰ ਬੇਸ਼ੁਮਾਰ ਦੌਲਤ ਮਿਲੀ ਹੈ। ਪੁਲਿਸ ਨੇ ਇੱਥੋਂ 5 ਕਰੋੜ ਰੁਪਏ ਨਕਦ ਅਤੇ 106 ਕਿਲੋ ਗਹਿਣੇ ਬਰਾਮਦ ਕੀਤੇ ਹਨ।
ਚੋਣਾਂ ਦੌਰਾਨ ਕਰਨਾਟਕ ਵਿੱਚ ਛਾਪੇਮਾਰੀ ਵਿੱਚ, ਪੁਲਿਸ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਦੇ ਘਰ ਤੋਂ 5.60 ਕਰੋੜ ਰੁਪਏ ਨਕਦ, 3 ਕਿਲੋ ਸੋਨਾ, 103 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ ਬਾਰਾਂ ਜ਼ਬਤ ਕੀਤੀਆਂ ਹਨ। ਇਹ ਛਾਪੇਮਾਰੀ ਕਰਨਾਟਕ ਦੇ ਬੇਲਾਰੀ ਸ਼ਹਿਰ ਵਿੱਚ ਕੀਤੀ ਗਈ ਹੈ। ਪੁਲਿਸ ਵੱਲੋਂ ਕੁੱਲ 7.60 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਨਰੇਸ਼ ਦੇ ਘਰੋਂ ਵੱਡੀ ਮਾਤਰਾ ‘ਚ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਕ ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੁਸੇਪੇਟ ਥਾਣਾ ਖੇਤਰ ‘ਚ ਜਵੈਲਰ ਦੇ ਘਰ ‘ਚ ਵੱਡੀ ਮਾਤਰਾ ‘ਚ ਨਕਦੀ ਅਤੇ ਗਹਿਣੇ ਰੱਖੇ ਹੋਏ ਹਨ।
ਪੁਲਿਸ ਨੂੰ ਮਾਮਲੇ ਵਿੱਚ ਹਵਾਲਾ ਸਬੰਧਾਂ ਦਾ ਸ਼ੱਕ ਹੈ ਅਤੇ ਕਰਨਾਟਕ ਪੁਲਿਸ ਨੇ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ‘ਚ ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ।