ਭਾਰਤ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮਾਂ ਵੱਲੋਂ ਅੱਜ ਦਿੱਲੀ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿੱਚ ਸ਼ਰਾਬ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਨੇ ਦਿੱਲੀ ਅਤੇ ਪੰਜਾਬ ਸਣੇ 35 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਦੇ ਫਰੀਦਕੋਟ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀ ਛਾਪੇਮਾਰੀ ਕੀਤੀ ਹੈ ਤੇ ਖਬਰ ਲਿਖੇ ਜਾਣ ਤੱਕ ਅਜੇ ਵੀ ਈਡੀ ਦੇ ਅਧਿਕਾਰੀ ਦੀਪ ਮਲਹੋਤਰਾ ਦੀ ਕੋਠੀ ਅੰਦਰ ਹੈ।
ਦੱਸ ਦਈਏ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ 2021-22 ਦੀ ਆਬਕਾਰੀ ਨੀਤੀ ਤਹਿਤ ਘੁਟਾਲੇ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ। ਸੀਬੀਆਈ ਤੇ ਈਡੀ ਦੋਵਾਂ ਨੇ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ 16 ਸਤੰਬਰ ਨੂੰ ਈਡੀ ਨੇ 6 ਸੂਬਿਆਂ ‘ਚ 40 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਪਹਿਲਾਂ 6 ਸਤੰਬਰ ਨੂੰ ਈਡੀ ਨੇ ਕਈ ਰਾਜਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਮੁਲਜ਼ਮ ਤੇ ਆਮ ਆਦਮੀ ਪਾਰਟੀ ਦੇ ਸੰਚਾਰ ਰਣਨੀਤੀਕਾਰ ਵਿਜੇ ਨਾਇਰ ਨੂੰ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵੱਲੋਂ 20 ਅਕਤੂਬਰ ਤੱਕ ਸੀਬੀਆਈ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ।
ਇਸ ਉੱਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੱਖਾ ਹਮਲਾ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ – ਇੱਕ ਮਨੀਸ਼ ਸਿਸੋਦੀਆ ਖਿਲਾਫ ਸਬੂਤ ਲੱਭਣ ਲਈ – 500 ਤੋਂ ਵੱਧ ਛਾਪੇ, 300 ਤੋਂ ਵੱਧ CBI/ED ਅਧਿਕਾਰੀ 3 ਮਹੀਨਿਆਂ ਤੋਂ 24 ਘੰਟੇ ਲੱਗੇ ਹੋਏ ਹਨ। ਕੁਝ ਵੀ ਨਹੀਂ ਲੱਭ ਸਕਦਾ। ਕੁਝ ਵੀ ਨਾ ਹੋਣ ਕਾਰਨ ਆਪਣੀ ਗੰਦੀ ਰਾਜਨੀਤੀ ਲਈ ਇੰਨੇ ਅਫਸਰਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇਸ਼ ਕਿਵੇਂ ਤਰੱਕੀ ਕਰੇਗਾ?