ਪੰਜਾਬ ਦੇ ਲੁਧਿਆਣਾ ਕੋਰਟ ਵਿੱਚ ਦਸੰਬਰ 2021 ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਬੰਬ ਬਲਾਸਟ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਐਨ ਆਈ ਏ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਵਾਪਸ ਆਉਂਦਿਆਂ ਦਿੱਲੀ ਏਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਹੈ । ਐਨਆਈਏ ਨੇ ਉਸ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹੈਪੀ ਮਲੇਸ਼ੀਆ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਿਆਦੀ ਕਲਾ ਦਾ ਵਸਨੀਕ ਹੈ।
ਦੱਸਣਯੋਗ ਹੈ ਕਿ ਦਸੰਬਰ 2021 ਵਿਚ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਗਗਨਦੀਪ ਸਿੰਘ ਮਾਰਿਆ ਗਿਆ ਸੀ।
ਇਸ ਦੇ ਨਾਲ ਹੀ ਇਸ ਧਮਾਕੇ ‘ਚ 6 ਹੋਰ ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਮਾਮਲਾ 23 ਦਸੰਬਰ 2021 ਨੂੰ ਜ਼ਿਲ੍ਹਾ ਲੁਧਿਆਣਾ ਕਮਿਸ਼ਨਰੇਟ, ਪੰਜਾਬ ਵਿਖੇ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਐਨਆਈਏ ਨੇ 13 ਜਨਵਰੀ 2021 ਨੂੰ ਕੇਸ ਦੁਬਾਰਾ ਦਰਜ ਕੀਤਾ ਸੀ।
ਜਾਂਚ ‘ਚ ਸਾਹਮਣੇ ਆਇਆ ਕਿ ਹੈਪੀ ਮਲੇਸ਼ੀਆ ਲਖਬੀਰ ਸਿੰਘ ਰੋਡੇ ਦਾ ਸਾਥੀ ਸੀ। ਲਖਬੀਰ ਸਿੰਘ ਰੋਡੇ ਪਾਕਿਸਤਾਨ ਸਥਿਤ ISYF (ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਦਾ ਮੁਖੀ ਹੈ। ਹੈਪੀ ਰੋਡੇ ਦੇ ਨਾਲ-ਨਾਲ ਉਹ ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਦੇ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ।
ਰੋਡੇ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਹੈਪੀ ਨੇ ਕਸਟਮ-ਮੇਡ ਆਈ.ਈ.ਡੀ. ਭੇਜੀ ਸੀ। ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਵਿਚ ਇਸ ਦੀ ਵਰਤੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਹੈਪੀ ਮਲੇਸ਼ੀਆ ਵਿਸਫੋਟਕ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ‘ਚ ਲੋੜੀਂਦਾ ਸੀ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ‘ਚ NIA ਨੇ ਉਸ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਹੈਪੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।