ਪੰਜਾਬ ਦੇ ਪਠਾਨਕੋਟ ‘ਚ ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਪੋਸਟਰ ਮਿਲੇ ਹਨ। ਪੋਸਟਰਾਂ ‘ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਵੀ ਲਿਖੇ ਹੋਏ ਹਨ। ਇਹ ਪੋਸਟਰ ਢਾਕੀ ਰੋਡ ‘ਤੇ ਪਏ ਵਿਖਾਈ ਦਿੱਤੇ, ਜਿਨ੍ਹਾਂ ਨੂੰ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ। ਪੁਲਿਸ ਨੇ ਮਾਮਲਾ ਧਿਆਨ ਵਿੱਚ ਆਉਣ ‘ਤੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਇੱਕ ਕਾਪੀ ਦੇ ਚਿੱਟੇ ਪੰਨੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ ਦੱਸਿਆ ਜਾ ਰਿਹਾ ਹੈ। ਇਨ੍ਹਾਂ ਉਪਰ ‘ਪਾਕਿਸਤਾਨ ਜਿੰਦਾਬਾਦ’ ਲਿਖਿਆ ਹੋਇਆ ਹੈ ਅਤੇ ਪਠਾਨਕੋਟ ਸਮੇਤ ਹੋਰ ਕਈ ਥਾਂਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲਿਖੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਣਪਛਾਤਿਆਂ ਵੱਲੋਂ ਇੱਕ ਘਰ ਦੇ ਬਾਹਰ ਖੜੀ ਕਾਰ ਦੇ ਸ਼ੀਸ਼ੇ ਵੀ ਭੰਨੇ ਗਏ ਹਨ। ਸਥਾਨਕ ਲੋਕਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਕਿਸੇ ਦੀ ਸ਼ਰਾਰਤ ਲੱਗਦੀ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ।
ਪਹਿਲਾਂ ਵੀ ਵਿਖਾਈ ਦਿੱਤੇ ਸਨ ਸ਼ੱਕੀ
ਦੱਸ ਦਈਏ ਕਿ ਪਹਿਲਾਂ ਪਠਾਨਕੋਟ ‘ਚ 3 ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਤਿੰਨੇ ਸ਼ੱਕੀ ਨੰਗਲਪੁਰ ਇਲਾਕੇ ‘ਚ ਵੇਖੇ ਗਏ ਸਨ। ਤਸਵੀਰਾਂ 29-30 ਜੂਨ ਦੀਆਂ ਦੱਸੀਆਂ ਗਈਆਂ ਸਨ। ਤਸਵੀਰਾਂ ‘ਚ ਤਿੰਨੇ ਸ਼ੱਕੀਆਂ ਦੇ ਬੀਐਸਐਫ ਦੀ ਵਰਦੀ ਪਾਏ ਹੋਏ ਸਨ।