ਪੰਜ ਤਾਰਾ ਹੋਟਲ ਵਿੱਚ 4 ਮਹੀਨੇ ਮੌਜਾਂ ਮਾਨਣ ਤੋਂ ਬਾਅਦ ਸ਼ਾਹੀ ਪਰਿਵਾਰ ਦਾ ਮੁਲਾਜ਼ਮ ਦੱਸ ਕੇ ਬਗੈਰ ਬਿੱਲ ਦਿੱਤੇ ਹੋਇਆ ਫ਼ਰਾਰ। ਦਿੱਲੀ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਭਾਲ ਵਿੱਚ ਹੈ, ਜੋ ਸੰਯੁਕਤ ਅਰਬ ਅਮੀਰਾਤ ਦਾ ਨਿਵਾਸੀ ਅਤੇ ਅਬੂ ਧਾਬੀ ਦੇ ਸ਼ਾਹੀ ਪਰਿਵਾਰ ਦਾ ਇੱਕ ਕਰਮਚਾਰੀ ਹੋਣ ਦਾ ਦਾਅਵਾ ਕਰਕੇ ਕਥਿਤ ਤੌਰ ‘ਤੇ ਰਾਜਧਾਨੀ ਦੇ ਲੀਲਾ ਪੈਲੇਸ ਹੋਟਲ ਵਿੱਚ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਠਹਿਰਿਆ ਹੋਇਆ ਸੀ। ਉਸ ਨੇ ਪੈਸੇ ਵੀ ਨਹੀਂ ਦਿੱਤੇ ਅਤੇ ਮੌਕਾ ਮਿਲਦਿਆਂ ਹੀ ਭੱਜ ਗਿਆ।
ਪੁਲਿਸ ਨੇ ਦੱਸਿਆ ਕਿ ਸ਼ਰੀਫ ਨੇ ਕਥਿਤ ਤੌਰ ‘ਤੇ ਹੋਟਲ ਦੇ ਕਮਰੇ ‘ਚੋਂ ਚਾਂਦੀ ਦੇ ਭਾਂਡੇ ਅਤੇ ਹੋਰ ਚੀਜ਼ਾਂ ਵੀ ਚੋਰੀ ਕੀਤੀਆਂ ਸਨ। ਪੁਲਿਸ ਮੁਤਾਬਕ ਸ਼ਰੀਫ ‘ਤੇ ਹੋਟਲ ਦਾ 23 ਤੋਂ 24 ਲੱਖ ਰੁਪਏ ਬਕਾਇਆ ਹੈ। ਸ਼ਨੀਵਾਰ ਨੂੰ ਹੋਟਲ ਪ੍ਰਬੰਧਨ ਦੀ ਸ਼ਿਕਾਇਤ ‘ਤੇ ਸ਼ਰੀਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫ਼ ਵਜੋਂ ਕੀਤੀ ਹੈ। ਪੁਲਿਸ ਨੇ ਸ਼ਰੀਫ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸ਼ਰੀਫ ਪਿਛਲੇ ਸਾਲ 1 ਅਗਸਤ ਤੋਂ 20 ਨਵੰਬਰ ਤੱਕ ਇਕ ਫਾਈਵ ਸਟਾਰ ਹੋਟਲ ‘ਚ ਠਹਿਰਿਆ ਸੀ ਅਤੇ ਬਿਨਾਂ ਕਿਸੇ ਨੂੰ ਦੱਸੇ ਫਰਾਰ ਹੋ ਗਿਆ ਸੀ।
ਸ਼ਿਕਾਇਤਕਰਤਾ ਅਨੁਸਾਰ ਸ਼ਰੀਫ ਨੇ ਹੋਟਲ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰਹਿੰਦਾ ਸੀ ਅਤੇ ਆਬੂ ਧਾਬੀ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਖ ਫਲਾਹ ਬਿਨ ਜਾਏਦ ਅਲ ਨਾਹਯਾਨ ਦੇ ਦਫਤਰ ‘ਚ ਕੰਮ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਉਸ ਨੇ ਜਾਅਲੀ ਬਿਜ਼ਨਸ ਕਾਰਡ, ਯੂਏਈ ਨਿਵਾਸੀ ਕਾਰਡ ਅਤੇ ਹੋਰ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਕਈ ਮਹੀਨਿਆਂ ਤੋਂ ਹੋਟਲ ਦੇ ਕਮਰਾ ਨੰਬਰ 427 ਵਿੱਚ ਰਿਹਾ। ਇਸ ਤੋਂ ਬਾਅਦ ਉਹ 20 ਨਵੰਬਰ 2022 ਨੂੰ ਬਕਾਇਆ ਬਿੱਲਾਂ ਦੀ ਅਦਾਇਗੀ ਕੀਤੇ ਬਿਨਾਂ ਹੋਟਲ ਵਿੱਚੋਂ ਕੀਮਤੀ ਸਮਾਨ ਲੈ ਕੇ ਭੱਜ ਗਿਆ।