ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੁਲਿਸ ਦੇ ਸਮੂਹ ਤਫਤੀਸ਼ੀ ਅਫਸਰਾਂ ਨੂੰ ਇੱਕ ਦਿਨਾ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਨਵੇਕਲੀ ਕੋਸ਼ਿਸ਼ ਕਰਦਿਆਂ ਜ਼ਿਲ੍ਹੇ ਦੇ ਤਫਤੀਸ਼ੀ ਅਫਸਰਾਂ ਲਈ ਟ੍ਰੇਨਿੰਗ ਦਾ ਆਯੋਜਨ ਕਰਵਾਇਆ। ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਬੌਧਿਕ ਸੰਪਤੀ ਅਧਿਕਾਰ ਦੇ ਮਾਹਿਰ ਸ੍ਰੀਮਤੀ ਮੇਧਾ ਅਵਸਥੀ ਨੇ ਅਫਸਰਾਂ ਨੂੰ ਮਹੱਤਵ ਪੂਰਨ ਜਾਣਕਾਰੀ ਦਿੱਤੀ ਤੇ ਨਾਲ ਇੰਨਵੈਸਟੀਗੇਸ਼ਨ ਕਰਨ ਦੇ ਵਿਸ਼ੇਸ਼ ਤਰੀਕਿਆਂ ਬਾਰੇ ਦੱਸਿਆ। ਇਸ ਸਬੰਧੀ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ ਇਸ ਟ੍ਰੇਨਿੰਗ ਦੌਰਾਨ ਕਿਸੇ ਵਿਸ਼ੇਸ਼ ਕੰਪਨੀ ਜਾਂ ਬਿਜਨਸ ਵੱਲੋ ਆਪਣੇ ਦੁਆਰਾ ਬਣਾਈ ਗਈ ਵਸਤੂ ਅਤੇ ਸੇਵਾ ਸਬੰਧੀ ਸੁਰੱਖਿਅਤ ਕੀਤੇ ਗਏ ਕਾਪੀਰਾਈਟਸ, ਟ੍ਰੇਡਮਾਰਕ ਅਤੇ ਟ੍ਰੇਡ ਡਰੈੱਸ ਦੀ ਨਕਲ ਕਰਕੇ ਬਜ਼ਾਰ ਵਿਚ ਉਸਨੂੰ ਨੁਕਸਾਨ ਪਹੁੰਚਾਣ ਦੀ ਸ਼ਿਕਾਇਤ ‘ਤੇ ਕਿਸ ਪ੍ਰਕਾਰ ਇੰਨਵੈਸਟੀਗੇਸ਼ਨ ਕੀਤੀ ਜਾਣੀ ਹੈ ਅਤੇ ਉਲੰਘਣਾ ਕਰਨ ਵਾਲੇ ਖਿਲਾਫ਼ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਮੈਂਬਰਾਂ ਨੂੰ ਅਪਰਾਧ ਦੇ ਕਿਸੇ ਵੀ ਸਥਾਨ ‘ਤੇ ਜਾਣ ਵੇਲੇ ਅਪਣਾਏ ਜਾਣ ਵਾਲੇ ਕਦਮਾਂ ਦੇ ਨਾਲ ਅਮਲੀ ਐਕਸਪੋਜ਼ਰ ਅਤੇ ਅਨੁਭਵ ਪ੍ਰਦਾਨ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ। ਇਸ ਵਿਚ ਅਪਰਾਧ ਦ੍ਰਿਸ਼ ਸੁਰੱਖਿਆ ਅਤੇ ਪ੍ਰਬੰਧਨ, ਕ੍ਰਾਈਮ ਸੀਨ ਇਨਵੈਸਟੀਗੇਸ਼ਨ ਦੇ ਸੱਤ ਕਦਮ, ਭੌਤਿਕ ਸਬੂਤ ਇਕੱਠੇ ਕਰਨਾ ਅਤੇ ਸੰਭਾਲਣਾ, ਜੀਵ-ਵਿਗਿਆਨਕ ਸਬੂਤਾਂ ਦਾ ਸੰਗ੍ਰਹਿ ਅਤੇ ਸੰਭਾਲ, ਰਸਾਇਣਕ ਸਬੂਤਾਂ ਦਾ ਸੰਗ੍ਰਹਿ ਅਤੇ ਸੰਭਾਲ, ਕਸਟਡੀ ਦੀ ਲੜੀ ਵਿਚ ਪੈਕੇਜਿੰਗ ਨੂੰ ਅੱਗੇ ਭੇਜਣਾ ਅਤੇ ਕਾਨੂੰਨੀ ਪਰਿਪੇਖ ਲਈ ਅਦਾਲਤ ਵਿੱਚ ਮੁੱਦੇ ਅਤੇ ਚੁਣੌਤੀਆਂ ਨਾਲ ਨਜਿੱਠਨ ਲਈ ਵਿਸ਼ੇਸ਼ ਸਿਖਲਾਈ ਦਿਤੀ ਗਈ।