ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਡਾਲਾ ਦਾ ਗੈਂਗਸਟਰ ਤੋਂ ਅੱਤਵਾਦੀ ਐਲਾਨੇ ਗਏ ਅਰਸ਼ਦੀਪ ਸਿੰਘ ਡਾਲਾ ਦਾ ਭਰਾ ਬਲਦੀਪ ਸਿੰਘ ਡਾਲਾ, ਪੁਲਿਸ ਮੁਤਾਬਕ ਫਰਜ਼ੀ ਪਾਸਪੋਰਟ ਤੇ ਕੈਨੇਡਾ ਭੱਜ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਨੇ ਪਿਛਲੇ ਸਾਲ ਸਿਟੀ 1 ਥਾਣੇ ਵਿੱਚ ਬਲਦੀਪ ਸਿੰਘ ਡਾਲਾ ਤੇ ਆਈਪੀਐਸ ਦੀ ਧਾਰਾ 384,386,120 ਬੀ ਅਤੇ 506 ਤੇ ਅਸਲਾ ਐਕਟ ਦੀ ਧਾਰਾ 25 ਤਹਿਤ ਅਪਰਾਧਿਕ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਸੀ। ਬਲਦੀਪ ਸਿੰਘ ਡਾਲਾ ਕੁੱਝ ਮਹੀਨਿਆਂ ਤੋਂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਇਸ ਸਬੰਧੀ ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ ਬਲਦੀਪ ਸਿੰਘ ਡਾਲਾ ਫਰਜ਼ੀ ਪਾਸਪੋਰਟ ਰਾਹੀਂ ਦੇਸ਼ ਛੱਡ ਕੈਨੇਡਾ ਭੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਥਾਣਾ ਮਹਿਣਾ ਵਿਖੇ ਆਈਪੀਸੀ ਦੀ ਧਾਰਾ 420, 465, 467, 468 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੇ ਜਾਅਲੀ ਪਾਸਪੋਰਟ ਬਣਾਉਣ ਲਈ ਕੁਝ ਲੋਕਾਂ ਦੀ ਮਦਦ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਸਾਲ 2021 ਵਿੱਚ ਵੀ ਉਸ ਨੂੰ ਮੋਗਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਖੁਲਾਸੇ ’ਤੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਇਲਾਕੇ ਵਿੱਚੋਂ ਚਾਰ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਸਨ।
ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਬਲਦੀਪ ਵੀ ਜਬਰੀ ਵਸੂਲੀ ਵਿੱਚ ਸ਼ਾਮਲ ਸੀ ਅਤੇ ਉਸ ਖ਼ਿਲਾਫ਼ ਕਈ ਐਫਆਈਆਰ ਦਰਜ ਹਨ। ਇਸ ਤੋਂ ਪਹਿਲਾਂ ਵੀ, ਉਸਨੇ ਫਰਜ਼ੀ ਪਾਸਪੋਰਟ/ਵੀਜ਼ੇ ‘ਤੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਪਿਛਲੇ ਸਾਲ 27 ਅਗਸਤ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਏਅਰਪੋਰਟ ਅਥਾਰਟੀ ਨੇ ਉਸ ਨੂੰ ਮੋਗਾ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਲਦੀਪ ਆਪਣੇ ਭਰਾ ਅਰਸ਼ਦੀਪ ਡੱਲਾ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਆਪਣੇ ਭਰਾ ਦੇ ਕਹਿਣ ‘ਤੇ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।